ਹੈਲੋ ਮੈਂ ਡਿਪਟੀ ਕਮਿਸ਼ਨਰ : ਰਜਿਸਟਰੀ ਕਰਵਾਉਣ ਵਾਲੇ ਖਰੀਦਦਾਰ ਨੂੰ ਫੋਨ ਕਰ ਕੇ ਤਜ਼ਰਬਿਆਂ ਦਾ ਲੈਣਗੇ ਫੀਡਬੈਕ
Friday, Jul 07, 2023 - 06:26 PM (IST)
ਜਲੰਧਰ (ਚੋਪੜਾ) : ਹੈਲੋ ਮੈਂ ਡਿਪਟੀ ਕਮਿਸ਼ਨਰ ਬੋਲ ਰਿਹਾ ਹਾਂ। ਕੀ ਤੁਸੀਂ ਰਜਿਸਟਰੀ ਕਰਵਾਉਣ ਦੌਰਾਨ ਰਜਿਸਟ੍ਰੇਸ਼ਨ ਸੇਵਾਵਾਂ ਤੋਂ ਸੰਤੁਸ਼ਟ ਹੋ ਜਾਂ ਨਹੀਂ? ਕੀ ਤੁਹਾਡੇ ਕੋਲ ਰਜਿਸਟ੍ਰੇਸ਼ਨ ਸਬੰਧੀ ਕੰਮਾਂ ਨੂੰ ਲੈ ਕੇ ਨਿਰਧਾਰਿਤ ਫੀਸ ਤੋਂ ਜ਼ਿਆਦਾ ਪੈਸੇ ਤਾਂ ਨਹੀਂ ਲਏ ਗਏ? ਹੈਰਾਨ ਨਾ ਹੋਵੋ ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਪ੍ਰਾਪਰਟੀ ਖਰੀਦਦਾਰਾਂ ਤੋਂ ਫੀਡਬੈਕ ਇਕੱਠੀ ਕਰਨ ਲਈ ਇਕ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਹੈ, ਜਿਸ ਅਧੀਨ ਡਿਪਟੀ ਕਮਿਸ਼ਨਰ ਹੁਣ ਜ਼ਿਲੇ ਦੇ ਸਬ-ਰਜਿਸਟਰਾਰ ਅਧਿਕਾਰੀਆਂ ਤੋਂ ਪ੍ਰਾਪਰਟੀ ਰਿਜ਼ਰਵੇਸ਼ਨ ਸੇਵਾਵਾਂ ਲੈਣ ਵਾਲੇ ਪ੍ਰਾਪਰਟੀ ਖਰੀਦਦਾਰਾਂ ਨੂੰ ਖੁਦ ਫੋਨ ਕਰ ਕੇ ਉਨ੍ਹਾਂ ਦੇ ਰਜਿਸਟ੍ਰੇਸ਼ਨ ਤਜਰਬਿਆਂ ਸਬੰਧੀ ਪ੍ਰਤੀਕਿਰਿਆ ਹਾਸਲ ਕਰਨਗੇ। ਇਸ ਤੋਂ ਇਲਾਵਾ ਅਜਿਹੀ ਫੋਨ ਕਾਲ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕੀਤੀ ਜਾਵੇਗੀ ਕਿ ਬਿਨੈਕਾਰਾਂ ਨੂੰ ਰੈਵੀਨਿਊ ਸੇਵਾਵਾਂ ਸੁਚਾਰੂ ਰੂਪ ਨਾਲ ਮਿਲ ਰਹੀਆਂ ਹਨ ਅਤੇ ਉਨ੍ਹਾਂ ਦੇ ਰਜਿਸਟ੍ਰੇਸ਼ਨ ਦੇ ਕੰਮ ਲਈ ਵਾਧੂ ਪੈਸਿਆਂ ਦੀ ਡਿਮਾਂਡ ਤਾਂ ਨਹੀਂ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ’ਚ ਐਡੀਸ਼ਨਲ ਡਿਪਟੀ ਕਮਿਸ਼ਨਰ, ਐੱਸ. ਡੀ. ਐੱਮ., ਸਬ-ਰਜਿਸਟਰਾਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਜਾਇਦਾਦ ਦੇ ਖਰੀਦਦਾਰਾਂ ਅਤੇ ਵਿਕ੍ਰੇਤਾਵਾਂ ਦੀ ਸੂਚੀ ਤਿਆਰ ਕਰ ਕੇ ਰੋਜ਼ਾਨਾ ਦੇ ਆਧਾਰ ’ਤੇ ਉਨ੍ਹਾਂ ਦੇ ਦਫਤਰ ’ਚ ਜਮ੍ਹਾ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਬਿਨੈਕਾਰਾਂ ਦੇ ਨਾਂ, ਮੋਬਾਇਲ ਨੰਬਰ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਸੂਚੀ ’ਚ ਦਰਜ ਹੋਵੇ, ਜਿਸ ਨਾਲ ਉਹ ਉਨ੍ਹਾਂ ਨੂੰ ਰੈਂਡਮ ਢੰਗ ਨਾਲ ਫੋਨ ਕਰ ਸਕਣ।
ਇਹ ਵੀ ਪੜ੍ਹੋ : ਜਾਨਲੇਵਾ ਚਾਈਨਾ ਡੋਰਾਂ ’ਤੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਲਗਾਈ ਪਾਬੰਦੀ
ਲੋਕਾਂ ਨੂੰ ਇਹ ਸੇਵਾਵਾਂ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਮਿਲਣ ਨੂੰ ਯਕੀਨੀ ਦੇ ਮੰਤਵ ਨਾਲ ਇਹ ਕੋਸ਼ਿਸ਼ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਵੱਲੋਂ ਆਪਣੇ ਫੋਨ ਕਾਲ ’ਚ ਬਿਨੈਕਾਰਾਂ ਨੂੰ ਕੁਝ ਸਵਾਲ ਪੁੱਛੇ ਜਾਣਗੇ, ਜਿਨ੍ਹਾਂ ’ਚ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ’ਚ ਕਿੰਨਾ ਸਮਾਂ ਲੱਗਾ, ਕੀ ਕਿਸੇ ਏਜੰਟ, ਡੀਡ ਰਾਈਟਰ ਅਤੇ ਰੈਵੇਨਿਊ ਅਧਿਕਾਰੀ ਨੇ ਉਨ੍ਹਾਂ ਕੋਲੋਂ ਰਿਸ਼ਵਤ ਜਾਂ ਵਾਧੂ ਪੈਸਿਆਂ ਦੀ ਡਿਮਾਂਡ ਤਾਂ ਨਹੀਂ ਕੀਤੀ ਸੀ, ਵਰਗੀਆਂ ਜਾਣਕਾਰੀਆਂ ਸ਼ਾਮਲ ਹਨ।
ਵਿਸ਼ੇਸ਼ ਸਾਰੰਗਲ ਨੇ ਇਸ ਸਬੰਧੀ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ ਅਤੇ ਭ੍ਰਿਸ਼ਟਾਚਾਰ ਦੀ ਨਕੇਲ ਕੱਸਣ ਲਈ ਸੂਬੇ ’ਚ ਪਹਿਲਾਂ ਹੀ ਸਖ਼ਤ ਕਦਮ ਚੁੱਕੇ ਗਏ ਹਨ। ਇਸ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਪ੍ਰਸ਼ਾਸਨ ਨੇ ਸਬ-ਰਜਿਸਟਰਾਰ ਦਫਤਰਾਂ ’ਚ ਰਜਿਸਟ੍ਰੇਸ਼ਨ ਸੇਵਾਵਾਂ ਲੈਣ ਵਾਲੇ ਬਿਨੈਕਾਰਾਂ ਤੋਂ ਫੀਡਬੈਕ ਇਕੱਠੀ ਕਰਨ ਲਈ ਇਹ ਮੁਹਿੰਮ ਸ਼ੁਰੂ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਪ੍ਰਾਪਰਟੀ ਖਰੀਦਦਾਰਾਂ ਅਤੇ ਵਿਕ੍ਰੇਤਾਵਾਂ ਦੀਆਂ ਸਬ-ਰਜਿਸਟਰਾਰਾਂ ਤੋਂ ਸੂਚੀਆਂ ਇਕੱਤਰ ਕਰਨ ਅਤੇ ਰੋਜ਼ਾਨਾ ਸ਼ਾਮ ਨੂੰ ਰਿਪੋਰਟ ਤਿਆਰ ਕਰਨ ਲਈ ਆਪਣੇ ਨਿੱਜੀ ਸਟਾਫ਼ ਨੂੰ ਤਾਇਨਾਤ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਰੈਵੇਨਿਊ ਅਧਿਕਾਰੀਆਂ ਅਤੇ ਡੀਡ ਰਾਈਟਰਾਂ ਵੱਲੋਂ ਰਜਿਸਟ੍ਰੇਸ਼ਨ ਸੇਵਾਵਾਂ ਦੇਣ ’ਚ ਜੇਕਰ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨ ਦੇ ਅਨੁਸਾਰ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਤਰਨਤਾਰਨ 'ਚ ਬਿਆਸ ਦਰਿਆ ਪੂਰੇ ਖ਼ਤਰੇ ਦੇ ਨਿਸ਼ਾਨ ’ਤੇ, ਦਰਜਨਾਂ ਪਿੰਡਾਂ ’ਚ ਹੜ੍ਹ ਦਾ ਖ਼ਦਸ਼ਾ
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਗਰਿਕ ਸੇਵਾਵਾਂ ਸੁਚਾਰੂ ਢੰਗ ਨਾਲ ਮੁਹੱਈਆ ਕਰਵਾਉਣ ਦੇ ਸੰਕਲਪ ਨੂੰ ਦੁਹਰਾਉਂਦਿਆਂ ਦੱਸਿਆ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਸਬ-ਰਜਿਸਟਰਾਰਾਂ ਨੂੰ ਆਪਣੇ ਕੰਪਲੈਕਸ ਦੇ ਅੰਦਰ ਲੋਕਾਂ ਨੂੰ ਆਪਣੇ ਕੰਮ ਅਣਅਧਿਕਾਰਤ ਢੰਗ ਨਾਲ ਕਰਵਾਉਣ ਦਾ ਲਾਲਚ ਦੇਣ ਵਾਲੇ ਏਜੰਟਾਂ ’ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਵੀ ਦਿੱਤੇ ਤਾਂ ਕਿ ਏਜੰਟ ਪਾਏ ਜਾਣ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਲੁਧਿਆਣਾ 'ਚ ਬੇਦਰਦ ਕਤਲ ਨਾਲ ਦਹਿਸ਼ਤ: ਨਹੀਂ ਹੋ ਸਕੀ ਮ੍ਰਿਤਕ ਦੀ ਪਛਾਣ, ਸਿਰ ਲੱਭ ਰਹੀ ਪੁਲਸ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android
https://play.google.com/store/apps/details?id=com.jagbani&hl=en&gl=US