ਏਜੰਟਾਂ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਰਿਜ਼ਨਲ ਪਾਸਪੋਰਟ ਅਫ਼ਸਰ, ਇੰਝ ਰੱਖੀ ਜਾਵੇਗੀ ਚੱਪੇ-ਚੱਪੇ 'ਤੇ ਨਜ਼ਰ

Saturday, Jan 20, 2024 - 11:51 AM (IST)

ਏਜੰਟਾਂ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ  ਰਿਜ਼ਨਲ ਪਾਸਪੋਰਟ ਅਫ਼ਸਰ, ਇੰਝ ਰੱਖੀ ਜਾਵੇਗੀ ਚੱਪੇ-ਚੱਪੇ 'ਤੇ ਨਜ਼ਰ

ਜਲੰਧਰ (ਪੁਨੀਤ)–ਪਾਸਪੋਰਟ ਆਫਿਸ ਦੇ ਬਾਹਰ ਏਜੰਟਾਂ ਦੀ ਭਰਮਾਰ ਸਬੰਧੀ ਖ਼ਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਕਈ ਭੋਲੇ-ਭਾਲੇ ਲੋਕ ਇਨ੍ਹਾਂ ਏਜੰਟਾਂ ਦੇ ਚੁੰਗਲ ਵਿਚ ਫਸ ਜਾਂਦੇ ਹਨ ਅਤੇ ਸਾਧਾਰਨ ਕੰਮ ਕਰਵਾਉਣ ਲਈ ਉਨ੍ਹਾਂ ਨੂੰ ਮੋਟੀ ਰਕਮ ਅਦਾ ਕਰਨੀ ਪੈਂਦੀ ਹੈ। ਇਸੇ ਕ੍ਰਮ ਵਿਚ ਬੱਸ ਅੱਡਾ ਨੇੜੇ ਸਟੇਟ ਜੀ. ਐੱਸ. ਟੀ. ਭਵਨ ਦੇ ਸਾਹਮਣੇ ਸਥਿਤ ਰਿਜਨਲ ਪਾਸਪੋਰਟ ਆਫਿਸ (ਆਰ. ਪੀ. ਓ.) ਵਿਚ ਤੀਜੀ ਅੱਖ ਨਵੇਂ ਅੰਦਾਜ਼ ਵਿਚ ਸਰਗਰਮ ਹੋ ਚੁੱਕੀ ਹੈ, ਜਿਸ ਕਾਰਨ ਲੋਕਾਂ ਨੂੰ ਕਥਿਤ ਏਜੰਟਾਂ ਕਾਰਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਨਿਜਾਤ ਮਿਲੇਗੀ।

ਸ਼ੁੱਕਰਵਾਰ ਪਾਸਪੋਰਟ ਸੇਵਾ ਕੇਂਦਰ (ਪੀ. ਐੱਸ. ਕੇ.) 1-2 ਵਿਚ ਪੁਲਸ ਪਾਰਟੀ ਦੇ ਪਹੁੰਚਦੇ ਹੀ ਏਜੰਟ ਗਾਇਬ ਹੁੰਦੇ ਨਜ਼ਰ ਆਏ ਅਤੇ ਪੁਲਸ ਨੇ ਸੇਵਾ ਕੇਂਦਰ ਵਿਚ ਬਿਨਾਂ ਵਜ੍ਹਾ ਘੁੰਮ ਰਹੇ ਲੋਕਾਂ ਤੋਂ ਪੁੱਛਗਿੱਛ ਕਰਦਿਆਂ ਸਖ਼ਤੀ ਵਿਖਾਈ। ਮਿਲੀ ਸੂਚਨਾ ਅਨੁਸਾਰ ਗੁਰੂ ਨਾਨਕ ਮਿਸ਼ਨ ਅਤੇ ਨਕੋਦਰ ਚੌਂਕ ਵਾਲੇ ਪਾਸਪੋਰਟ ਸੇਵਾ ਕੇਂਦਰਾਂ ਵਿਚ ਏਜੰਟਾਂ ਦੀ ਵਧ ਰਹੀ ਸਰਗਰਮੀ ਨੂੰ ਵੇਖਦਿਆਂ ਪੁਲਸ ਨੂੰ ਸੂਚਨਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਏਜੰਟਾਂ ਦੀ ਸਰਗਰਮੀ ਦੇ ਮੱਦੇਨਜ਼ਰ ਆਰ. ਪੀ. ਓ. ਵੱਲੋਂ ਸਖ਼ਤੀ ਅਪਣਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਇਸੇ ਕ੍ਰਮ ਵਿਚ ਏਜੰਟਾਂ ਬਾਰੇ ਪੁਲਸ ਨੂੰ ਸੂਚਿਤ ਕਰਨਾ ਅਤੇ ਕੈਮਰੇ ਲਗਾਉਣਾ ਸ਼ਾਮਲ ਹੈ। ਓਧਰ ਜੀ. ਐੱਸ. ਟੀ. ਭਵਨ ਦੇ ਸਾਹਮਣੇ ਰਿਜਨਲ ਪਾਸਪੋਰਟ ਦਫ਼ਤਰ ਦੇ ਬਾਹਰ ਅਤੇ ਅੰਦਰ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਵਾਧਾ ਕਰਦਿਆਂ ਨਿਗਰਾਨੀ ’ਤੇ ਫੋਕਸ ਕੀਤਾ ਜਾ ਰਿਹਾ ਹੈ। ਪਹਿਲਾਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਗਿਣਤੀ ਕਾਫ਼ੀ ਘੱਟ ਸੀ ਪਰ ਹੁਣ ਹੋਏ ਵਾਧੇ ਨਾਲ ਚੱਪੇ-ਚੱਪੇ ’ਤੇ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਾਕਿ ਦੇ ਹੈਰੋਇਨ ਸਮੱਗਲਿੰਗ ਗਰੁੱਪ ਨਾਲ ਜੁੜਿਆ ਰਾਜਾ ਅੰਬਰਸਰੀਆ ਥਾਣਾ ਆਦਮਪੁਰ ਤੋਂ ਫਰਾਰ, ਪਈਆਂ ਭਾਜੜਾਂ

ਪਬਲਿਕ ਦੀ ਸਹੂਲਤ ਦੇ ਮੱਦੇਨਜ਼ਰ ਪਾਸਪੋਰਟ ਆਫਿਸ ਦੇ ਬਾਹਰ ਤੀਜੀ ਅੱਖ (ਸੀ. ਸੀ. ਟੀ. ਵੀ.) ਰਾਹੀਂ ਨਜ਼ਰ ਰੱਖਣ ਲਈ ਦਫ਼ਤਰ ਦੇ ਅੰਦਰ ਵੱਡੀ ਐੱਲ. ਈ. ਡੀ. ਲਗਾਈ ਗਈ ਹੈ। ਰਿਕਾਰਡਿੰਗ ਹੋਣ ਕਾਰਨ ਵਿਭਾਗ ਪਿਛਲੀਆਂ ਗਤੀਵਿਧੀਆਂ ਨੂੰ ਵੀ ਵੇਖ ਸਕੇਗਾ। ਇਸੇ ਲੜੀ ਵਿਚ ਪਾਸਪੋਰਟ ਦਫ਼ਤਰ ਵਿਚ ਆਉਣ ਵਾਲੇ ਲੋਕਾਂ ਤੋਂ ਫੀਡਬੈਕ ਲਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਸਪੋਰਟ ਸਬੰਧੀ ਆਉਣ ਵਾਲੇ ਵਿਅਕਤੀ ਵੱਲੋਂ ਏਜੰਟਾਂ ਬਾਰੇ ਦਿੱਤੀ ਸੂਚਨਾ ਨੂੰ ਆਧਾਰ ਬਣਾ ਕੇ ਉਚਿਤ ਕਦਮ ਉਠਾਏ ਜਾਣਗੇ।

PunjabKesari

ਆਰ. ਪੀ. ਓ. ਅਨੂਪ ਸਿੰਘ ਨੇ ਪੀ. ਐੱਸ. ਕੇ. 1-2 ਵਿਚ ਕੀਤੀ ਵਿਜ਼ਿਟ
ਜਾਣਕਾਰਾਂ ਨੇ ਦੱਸਿਆ ਕਿ ਰਿਜਨਲ ਪਾਸਪੋਰਟ ਅਧਿਕਾਰੀ ਅਨੂਪ ਸਿੰਘ ਨੇ ਪੀ. ਐੱਸ. ਕੇ. 1-2 ਵਿਚ ਵਿਜ਼ਿਟ ਕੀਤੀ ਤਾਂ ਜੋ ਜ਼ਮੀਨੀ ਹਕੀਕਤ ਨੂੰ ਜਾਣਿਆ ਜਾ ਸਕੇ। ਸਵੇਰ 10 ਵਜੇ ਤੋਂ ਬਾਅਦ ਕਾਫੀ ਸਮੇਂ ਤਕ ਅਨੂਪ ਸਿੰਘ ਸੇਵਾ ਕੇਂਦਰ ਵਿਚ ਵੇਖੇ ਗਏ। ਦਫ਼ਤਰ ਵਿਚ ਉਨ੍ਹਾਂ ਨੇ ਕਾਫ਼ੀ ਸਮਾਂ ਬਿਤਾਇਆ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ।

ਪੀ. ਐੱਸ. ਕੇ. ’ਚ ਇਕਦਮ ਘੱਟ ਹੋਇਆ ਰਸ਼
ਇਸੇ ਸਿਲਸਿਲੇ ਵਿਚ ਪੁਲਸ ਮੁਲਾਜ਼ਮਾਂ ਨੇ ਏਜੰਟ ਕਿਸਮ ਦੇ ਲੋਕਾਂ ਤੋਂ ਸੇਵਾ ਕੇਂਦਰ ਵਿਚ ਆਉਣ ਦਾ ਕਾਰਨ ਪੁੱਛਿਆ। ਪੁਲਸ ਦੀ ਸਰਗਰਮੀ ਨੂੰ ਵੇਖਦਿਆਂ ਦੂਜੇ ਏਜੰਟ ਨੌਂ ਦੋ ਗਿਆਰਾਂ ਹੋ ਗਏ ਅਤੇ ਪਾਸਪੋਰਟ ਸੇਵਾ ਕੇਂਦਰ ਦੇ ਰਸ਼ ਵਿਚ ਇਕਦਮ ਕਮੀ ਵੇਖਣ ਨੂੰ ਮਿਲੀ।

ਇਹ ਵੀ ਪੜ੍ਹੋ : ਜਲੰਧਰ ਵਿਖੇ ਸਕੂਲ ਦੇ ਪ੍ਰਿੰਸੀਪਲ ਦੀਆਂ ਇਤਰਾਜ਼ਯੋਗ ਹਾਲਾਤ 'ਚ ਤਸਵੀਰਾਂ ਹੋਈਆਂ ਵਾਇਰਲ, ਵੇਖ ਮਾਪਿਆਂ ਦੇ ਵੀ ਉੱਡੇ ਹੋਸ਼

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News