BBMB ਅਤੇ ਯੂਕ੍ਰੇਨ ਮੁੱਦੇ ਨੂੰ ਲੈ ਕੇ CM ਚੰਨੀ ਨੇ ਅਮਿਤ ਸ਼ਾਹ ਕੋਲੋਂ ਮਿਲਣ ਦਾ ਮੰਗਿਆ ਸਮਾਂ
Monday, Mar 07, 2022 - 11:58 AM (IST)
ਜਲੰਧਰ/ਚੰਡੀਗੜ੍ਹ (ਧਵਨ, ਅਸ਼ਵਨੀ)– ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋਂ ਮੁਲਾਕਾਤ ਕਰਨ ਦਾ ਸਮਾਂ ਮੰਗਿਆ ਹੈ, ਜਿਸ ਦੌਰਾਨ ਉਹ ਪੰਜਾਬ ਦੇ ਭਖਦੇ ਮੁੱਦੇ ਜਿਵੇਂ ਬੀ. ਬੀ. ਐੱਮ. ਬੀ. ਅਤੇ ਯੂਕ੍ਰੇਨ ਆਦਿ ’ਤੇ ਵਿਚਾਰ-ਵਟਾਂਦਰਾ ਕਰਨਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਐਤਵਾਰ ਕਿਹਾ ਕਿ ਪੰਜਾਬ ਨੂੰ ਨਾਜ਼ੁਕ ਮੁੱਦਿਆਂ ’ਤੇ ਤੁਰੰਤ ਚਰਚਾ ਕਰਨ ਦੀ ਲੋੜ ਹੈ। ਚੰਨੀ ਦੇ ਮੁੱਖ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਨੇ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਮੁੱਖ ਮੰਤਰੀ ਵੱਲੋਂ ਚਿੱਠੀ ਭੇਜ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਲਈ ਸਮਾਂ ਦੇਣ ਲਈ ਕਿਹਾ ਹੈ।
ਮੁੱਖ ਮੰਤਰੀ ਚੰਨੀ ਕੇਂਦਰੀ ਗ੍ਰਹਿ ਮੰਤਰੀ ਸਾਹਮਣੇ ਬੀ. ਬੀ. ਐੱਮ. ਬੀ. ’ਚ ਹੁਣੇ ਜਿਹੇ ਮੈਂਬਰਾਂ ਦੀ ਕੀਤੀ ਗਈ ਨਿਯੁਕਤੀ ਦੇ ਵਿਸ਼ੇ ’ਤੇ ਚਰਚਾ ਕਰਨੀ ਚਾਹੁੰਦੇ ਹਨ। ਭਾਰਤ ਸਰਕਾਰ ਵੱਲੋਂ ਭਾਖੜਾ ਬਿਆਸ ਪ੍ਰਬੰਧਨ (ਸੋਧ) ਨਿਯਮ 2022 ’ਚ ਕੀਤੀਆਂ ਗਈਆਂ ਸੋਧਾਂ ’ਤੇ ਉਹ ਸ਼ਾਹ ਨਾਲ ਚਰਚਾ ਕਰਨਗੇ। ਬੀ. ਬੀ. ਐੱਮ. ਬੀ. ’ਚ ਇਸ ਤੋਂ ਪਹਿਲਾਂ ਮੈਂਬਰਾਂ ਦੀਆਂ ਨਿਯੁਕਤੀਆਂ ਪੰਜਾਬ ਅਤੇ ਹਰਿਆਣਾ ਸੂਬਿਆਂ ’ਚੋਂ ਕੀਤੀਆਂ ਜਾਂਦੀਆਂ ਸਨ ਪਰ ਇਸ ਵਾਰ ਪੰਜਾਬ ਦੀ ਬਜਾਏ ਹੋਰਨਾਂ ਸੂਬਿਆਂ ਤੋਂ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਜਲੰਧਰ ਵਿਖੇ ਨਿੱਜੀ ਹਸਪਤਾਲ ਦੀ ਨਰਸ ਨੇ ਕੀਤੀ ਖ਼ੁਦਕੁਸ਼ੀ, ਹੋਸਟਲ ਦੇ ਕਮਰੇ ’ਚ ਲਟਕਦੀ ਮਿਲੀ ਲਾਸ਼
ਬੀ. ਬੀ. ਐੱਮ. ਬੀ. ਦੇ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ’ਚ ਕਾਫ਼ੀ ਉਬਾਲ ਆਇਆ ਹੋਇਆ ਹੈ। ਚੰਨੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਬੀ. ਬੀ. ਐੱਮ. ਬੀ. ’ਚ ਨਿਯੁਕਤੀਆਂ ਦੇ ਮਾਮਲੇ ’ਚ ਪੁਰਾਣੀ ਵਿਵਸਥਾ ਨੂੰ ਬਹਾਲ ਕਰਵਾਉਣ ਦੀ ਮੰਗ ਕਰਨਗੇ। ਚੰਨੀ ਉਨ੍ਹਾਂ ਨੂੰ ਦੱਸਣਗੇ ਕਿ ਅਜਿਹੇ ਨਾਜ਼ੁਕ ਮਾਮਲਿਆਂ ’ਚ ਸੋਧ ਨਹੀਂ ਕੀਤੀ ਜਾਣੀ ਚਾਹੀਦੀ। ਪੰਜਾਬ ਨੂੰ ਬੇਧਿਆਨ ਨਹੀਂ ਕੀਤਾ ਜਾਣਾ ਚਾਹੀਦਾ। ਚੰਨੀ ਇਸ ਦੇ ਨਾਲ ਹੀ ਰੂਸ ਅਤੇ ਯੂਕ੍ਰੇਨ ਦਰਮਿਆਨ ਚੱਲ ਰਹੀ ਜੰਗ ਦੇ ਵਿਸ਼ੇ ’ਚ ਵੀ ਅਮਿਤ ਸ਼ਾਹ ਨਾਲ ਗੱਲਬਾਤ ਕਰਨੀ ਚਾਹੁੰਦੇ ਹਨ। ਚੰਨੀ ਗ੍ਰਹਿ ਮੰਤਰੀ ਕੋਲੋਂ ਇਹ ਮੰਗ ਕਰਨਗੇ ਕਿ ਯੂਕ੍ਰੇਨ ਤੋਂ ਪੰਜਾਬੀ ਵਿਦਿਆਰਥੀਆਂ ਨੂੰ ਸੁਰੱਖਿਅਤ ਢੰਗ ਨਾਲ ਭਾਰਤ ਵਾਪਸ ਲਿਆਂਦਾ ਜਾਵੇ।
ਯੂਕ੍ਰੇਨ ’ਚ ਅਜੇ ਵੀ ਬਹੁਤ ਸਾਰੇ ਪੰਜਾਬੀ ਵਿਦਿਆਰਥੀ ਫਸੇ ਹੋਏ ਹਨ। ਚੰਨੀ ਵੱਲੋਂ ਉਨ੍ਹਾਂ ਦੇ ਪ੍ਰਿੰਸੀਪਲ ਸਕੱਤਰ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ ’ਚ ਕਿਹਾ ਹੈ ਕਿ ਦੋਵੇਂ ਮੁੱਦੇ ਬਹੁਤ ਅਹਿਮ ਹਨ। ਇਸ ਲਈ ਮੁੱਖ ਮੰਤਰੀ ਨੂੰ ਮਿਲਣ ਲਈ ਜਲਦੀ ਤੋਂ ਜਲਦੀ ਸਮਾਂ ਦਿੱਤਾ ਜਾਵੇ। ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜੇ ਵੀਰਵਾਰ ਆਉਣੇ ਹਨ। ਇਸ ਲਈ ਹੁਣ ਇਹ ਵੇਖਣਾ ਬਾਕੀ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੱਖ ਮੰਤਰੀ ਚੰਨੀ ਨੂੰ ਮੁਲਾਕਾਤ ਲਈ ਚੋਣ ਨਤੀਜੇ ਆਉਣ ਤੋਂ ਪਹਿਲਾਂ ਸਮਾਂ ਦਿੰਦੇ ਹਨ ਜਾਂ ਬਾਅਦ ਵਿਚ।
ਇਹ ਵੀ ਪੜ੍ਹੋ: ਯੂਕ੍ਰੇਨ ’ਚ ਬੰਕਰਾਂ ’ਚੋਂ ਨਿਕਲੇ ਵਿਦਿਆਰਥੀ, -5 ਡਿਗਰੀ ਤਾਪਮਾਨ ’ਚ ਕੈਬ ਮੁਹੱਈਆ ਨਹੀਂ, ਭਟਕ ਰਹੇ ਨੌਜਵਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ