ਰੈਫਰੈਂਡਮ 2020 : ਸੁੱਖੀ ਚਾਹਲ ਨੇ ਪੰਨੂ ''ਤੇ ਵਿੰਨ੍ਹਿਆ ਨਿਸ਼ਾਨਾ, ਵੋਟਰ ਰਜਿਸਟ੍ਰੇਸ਼ਨ ਨੂੰ ਦੱਸਿਆ ਜਾਅਲੀ

7/9/2020 12:59:22 AM

ਜਲੰਧਰ,(ਵਿਸ਼ੇਸ਼) : ਅਮਰੀਕਾ ਸਥਿਤ ਪੰਜਾਬ ਫਾਊਂਡੇਸ਼ਨ ਦੇ ਸੰਸਥਾਪਕ ਤੇ ਚੇਅਰਮੈਨ ਸੁੱਖੀ ਚਾਹਲ ਨੇ ਇਕ ਟਵੀਟ ਕਰ ਕੇ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਸਿੱਖਸ ਫਾਰ ਜਸਟਿਸ (ਐਸ. ਐਫ. ਜੇ.) ਵਲੋਂ ਰੈਫਰੈਂਡਮ -2020 ਦੇ ਨਾਮ 'ਤੇ ਕੀਤੀ ਜਾ ਰਹੀ ਵੋਟਰ ਰਜਿਸਟ੍ਰੇਸ਼ਨ ਦੇ ਡਾਟਾ ਨੂੰ ਜਾਅਲੀ ਕਰਾਰ ਦਿੰਦੇ ਹੋਏ ਕਿਹਾ ਕਿ ਪੰਨੂ ਰੈਫਰੈਂਡਮ-2020 ਦੇ ਲਈ ਵੋਟਰ ਰਜਿਸਟ੍ਰੇਸ਼ਨ ਕਰਨ 'ਚ ਪੂਰੀ ਤਰ੍ਹਾਂ ਫੇਲ੍ਹ ਹੋਇਆ ਹੈ ਅਤੇ 3 ਦਿਨ 'ਚ ਸਿਰਫ 890 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
ਜ਼ਿਕਰਯੋਗ ਹੈ ਕਿ ਗੁਰਪਤਵੰਤ ਸਿੰਘ ਪੰਨੂ ਦੀ ਇੱਛਾ ਪੰਜਾਬ ਨੂੰ ਦੇਸ਼ ਤੋਂ ਵੱਖ ਕਰਨ ਦੀ ਹੈ ਅਤੇ ਸਿੱਖਸ ਫਾਰ ਜਸਟਿਸ ਨੇ ਰੈਫਰੈਂਡਮ-2020 ਦੇ ਲਈ 4 ਜੁਲਾਈ ਤੋਂ ਪੰਜਾਬ ਸਮੇਤ ਦੇਸ਼-ਵਿਦੇਸ਼ 'ਚ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ। ਇਸ ਤੋਂ ਪਹਿਲਾਂ ਪੰਨੂ ਪਿਛਲੇ ਦਿਨੀਂ ਇਕ ਹਾਸੋਹੀਣੇ ਬਿਆਨ 'ਚ 15 ਅਗਸਤ ਨੂੰ ਲਾਲ ਕਿਲੇ ਤੋਂ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਧਮਕੀ ਦੇ ਚੁਕਿਆ ਹੈ। ਪੰਨੂ ਨੇ ਇਹ ਬਿਆਨ ਉਸ ਦੇ ਨਾਲ 9 ਲੋਕਾਂ ਨੂੰ ਗ੍ਰਹਿ ਮੰਤਰਾਲੇ ਵਲੋਂ ਅੱਤਵਾਦੀ ਐਲਾਨ ਕੀਤੇ ਜਾਣ ਦੇ ਬਾਅਦ ਦਿੱਤਾ ਸੀ।
ਸੁੱਖੀ ਚਾਹਲ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਵੋਟਰ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ 'ਚ ਜ਼ਿਆਦਾ ਵੋਟਰਾਂ ਨੇ ਦਬਾਵ 'ਚ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਪੰਨੂ ਦੀ ਚੁੱਪੀ ਇਸ ਗੱਲ ਦੀ ਗਵਾਹੀ ਦਿੰਦੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਆਪਣਾ ਚੇਹਰਾ ਲੁਕਾਉਣ ਲਈ ਪੰਨੂ ਵੋਟਰ ਰਜਿਸਟ੍ਰੇਸ਼ਨ ਡਾਟਾ ਨਾਲ ਛੇੜਛਾੜ ਕਰ ਇਸ ਨੂੰ ਕਾਫੀ ਵਧਾ-ਚੜਾ ਕੇ ਪੇਸ਼ ਕਰ ਸਕਦਾ ਹੈ। ਇਸ ਦੇ ਨਾਲ ਇਹ ਵੀ ਸੰਭਾਵਨਾ ਜਤਾਈ ਕਿ ਡਾਟਾ ਨੂੰ ਵਧਾ ਚੜਾ ਕੇ ਦਿਖਾਉਣ ਲਈ ਗੁਰੂ ਘਰਾਂ ਦੇ ਮੈਂਬਰਾਂ ਦੀ ਸੂਚੀ ਨੂੰ ਵੋਟਰ ਸੂਚੀ ਦੇ ਨਾਲ ਜੋੜ ਕੇ ਦਿਖਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਗੁਰਦੁਆਰਾ ਪ੍ਰਬੰਧਨ ਕਮੇਟੀਆਂ ਨੂੰ ਸਿੱਖ ਸੰਗਤ ਦੇ ਡਾਟਾ ਦੀ ਪ੍ਰਾਈਵੇਸੀ ਨੂੰ ਲੈ ਕੇ ਸਾਵਧਾਨ ਰਹਿਣ ਦੀ ਲੋੜ ਹੈ।

ਡਾਟਾ ਵਧਾਉਣ ਲਈ ਐਸ. ਐਫ. ਜੇ. ਦਾ ਟ੍ਰੈਵਲ ਏਜੰਟ ਨਾਲ ਸੰਪਰਕ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਿੱਖਸ ਫਾਰ ਜਸਟਿਸ ਵਲੋਂ ਵੋਟਰ ਰਜਿਸਟ੍ਰੇਸ਼ਨ ਦੇ ਡਾਟਾ ਨੂੰ ਵਧਾ ਕੇ ਦਿਖਾਉਣ ਲਈ ਟ੍ਰੈਵਲ ਏਜੰਟਾਂ ਨਾਲ ਸੰਪਰਕ ਕਰ ਸਿੱਖ ਯਾਤਰੀਆਂ ਦਾ ਡਾਟਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਸਿੱਖ ਸੰਗਤ ਨੂੰ ਸੁਚੇਤ ਕੀਤਾ ਕਿ ਉਹ ਟ੍ਰੈਵਲ ਏਜੰਟਾਂ ਨੂੰ ਉਨ੍ਹਾਂ ਦਾ ਡਾਟਾ ਅੱਗੇ ਕਿਸੇ ਨਾਲ ਵੀ ਸ਼ੇਅਰ ਨਾ ਕਰਨ ਨੂੰ ਕਹਿ ਸਕਦੇ ਹਨ।

ਸਰਵਜਨਕ ਕੀਤੇ ਜਾਣ ਵੋਟਰ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਖਾਲਿਸਤਾਨੀ ਸੰਗਠਨਾਂ ਦੇ ਨਾਮ
ਸੁੱਖੀ ਚਾਹਲ ਨੇ ਐਸ. ਐਫ. ਜੇ. ਲੀਡਰਸ਼ਿਪ ਤੋਂ ਪੰਜਾਬ ਤੇ ਵਿਦੇਸ਼ਾਂ 'ਚ ਵਸੇ ਆਪਣੇ ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਜਿਨ੍ਹਾਂ ਨੇ ਵੋਟਰ ਰਜਿਸਟ੍ਰੇਸ਼ਨ ਕਰਵਾਈ ਹੈ, ਦੇ ਨਾਮ ਸਰਵਜਨਕ ਕਰਨ ਦੀ ਉਮੀਦ ਜਤਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਸਾਰੇ ਖਾਲਿਸਤਾਨੀ ਸੰਗਠਨਾਂ ਜਿਨ੍ਹਾਂ ਨੇ ਵੋਟਰ ਰਜਿਸਟ੍ਰੇਸ਼ਨ ਲਈ ਸਮਰਥਨ ਦਿੱਤਾ ਹੈ, ਨੂੰ ਵੀ ਸਰਵਜਨਕ ਕੀਤਾ ਜਾਵੇ।


Deepak Kumar

Content Editor Deepak Kumar