''ਆਪ'' ਦੇ ਕੁਝ ਆਗੂ ਵਿਰੋਧੀ ਪਾਰਟੀਆਂ ਦੇ ਟਰੈਪ ''ਚ ਫਸੇ : ਖਹਿਰਾ

06/18/2018 7:13:58 AM

ਜਲੰਧਰ (ਕਮਲੇਸ਼) - ਵੱਖਰਾ ਪੰਜਾਬੀ ਰਾਸ਼ਟਰ ਬਣਾਉਣ ਦੇ ਵੱਖਵਾਦੀ 'ਰੈਫਰੈਂਡਮ -2020' ਦਾ ਸਮਰਥਨ ਕਰਨ 'ਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਚੁਫੇਰਿਓਂ ਹਮਲਿਆਂ ਦੇ ਬਾਅਦ ਅੱਜ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਵਿਰੋਧੀਆਂ 'ਤੇ ਖੂਬ ਵਰ੍ਹੇ। ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਕੁਝ ਆਗੂ ਵਿਰੋਧੀ ਪਾਰਟੀਆਂ ਦੇ ਟਰੈਪ 'ਚ ਫਸ ਗਏ ਹਨ ਅਤੇ ਇਸੇ ਕਾਰਨ ਉਨ੍ਹਾਂ 'ਤੇ ਵੀ ਬਿਆਨਬਾਜ਼ੀ ਕਰ ਰਹੇ ਹਨ, ਜੋ ਕਿ ਬੇਹੱਦ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਰ. ਐੱਸ. ਐੱਸ. ਅਤੇ ਹੋਰ ਕਈ ਹਿੰਦੂ ਸੰਗਠਨ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਹਨ ਪਰ ਅਜਿਹੇ 'ਚ ਉਨ੍ਹਾਂ 'ਤੇ ਬਿਆਨਬਾਜ਼ੀ ਕਰਕੇ ਇਸ ਤਰ੍ਹਾਂ ਦੇ ਹਮਲੇ ਨਹੀਂ ਕੀਤੇ ਜਾਂਦੇ।  ਖਹਿਰਾ ਨੇ ਸਿਆਸੀ ਹਮਲਾ ਕਰਦੇ ਹੋਏ ਕਿਹਾ ਕਿ ਮੁਖ ਮੰਤਰੀ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਵੱਖਵਾਦੀਆਂ ਦੇ ਸਮਰਥਕ ਰਹਿ ਚੁੱਕੇ ਹਨ ਪਰ ਫਿਲਹਾਲ ਦੀ ਘੜੀ ਇਨ੍ਹਾਂ ਨੇ ਆਪਣੇ ਚਿਹਰਿਆਂ 'ਤੇ ਮੁਖੌਟੇ ਪਾਏ ਹੋਏ ਹਨ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਨ੍ਹਾਂ ਆਗੂਆਂ ਦੀਆਂ ਵੱਖਵਾਦੀਆਂ ਨਾਲ ਕੁਝ ਫੋਟੋਆਂ ਵੀ ਦਿਖਾਈਆਂ।
ਖਹਿਰਾ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸ ਇਕ ਹੀ ਥੈਲੀ ਦੇ ਚੱਟੇ-ਵੱਟੇ ਹਨ ਤੇ ਇਸ ਦਾ ਸਬੂਤ ਇਹ ਹੈ ਕਿ ਕਾਂਗਰਸ ਸਰਕਾਰ ਦੌਰਾਨ ਬਾਦਲ ਦੀਆਂ ਬੱਸਾਂ 'ਚ ਹੋਰ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣਾਂ 'ਚ ਵਾਅਦਾ ਕੀਤਾ ਸੀ ਕਿ ਸੱਤਾ 'ਚ ਆਉਣ 'ਤੇ ਨਸ਼ੇ ਦੇ ਕਾਰੋਬਾਰ 'ਚ ਸ਼ਾਮਲ ਆਗੂਆਂ ਨੂੰ ਜੇਲਾਂ ਦੀਆਂ ਸੀਖਾਂ ਦੇ ਪਿੱਛੇ ਭੇਜਾਂਗੇ ਪਰ ਅਜੇ ਤਕ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਦੋਵੇਂ ਹੀ ਪਾਰਟੀਆਂ ਪੰਜਾਬੀਆਂ ਦੀ ਅੱਖਾਂ 'ਚ ਘੱਟਾ ਪਾਉਂਦੀਆਂ ਆਈਆਂ ਹਨ। ਖਹਿਰਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਉਹੀ ਸ਼ਖਸ ਹਨ, ਜੋ 1982 'ਚ ਸੰਵਿਧਾਨ ਦੀਆਂ ਕਾਪੀਆਂ ਪਾੜਨ ਵਾਲਿਆਂ 'ਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਆਗੂਆਂ ਨੂੰ ਸਲਾਹ ਹੈ ਕਿ ਉਹ ਕਿਸੇ ਦੇ ਝਾਂਸੇ 'ਚ ਨਾ ਆਉਣ ਤੇ ਪਾਰਟੀ ਦੇ ਮੂਲ ਸਿਧਾਂਤ ਨੂੰ ਯਾਦ ਕਰਕੇ ਪੰਜਾਬ 'ਚ ਸੇਵਾ ਕਰਨ।


Related News