ਸਰਕਾਰ ਦੀ ਸ਼ਹਿ ’ਤੇ ਵਾਪਰੀ ਲਾਲ ਕਿਲ੍ਹੇ ਵਾਲੀ ਘਟਨਾ : ਢੱਡਰੀਆਂ ਵਾਲੇ

Friday, Jan 29, 2021 - 02:56 PM (IST)

ਸਰਕਾਰ ਦੀ ਸ਼ਹਿ ’ਤੇ ਵਾਪਰੀ ਲਾਲ ਕਿਲ੍ਹੇ ਵਾਲੀ ਘਟਨਾ : ਢੱਡਰੀਆਂ ਵਾਲੇ

ਚੰਡੀਗਡ਼੍ਹ (ਟੱਕਰ) : ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਲਹਿਰਾਏ ਗਏ ਕੇਸਰੀ ਅਤੇ ਕਿਸਾਨੀ ਝੰਡੇ ਬਾਰੇ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਇਹ ਸਭ ਕੁਝ ਸਰਕਾਰ ਦੀ ਸ਼ਹਿ ’ਤੇ ਹੋਇਆ ਕਿਉਂਕਿ ਕਿਸਾਨ ਅੰਦੋਲਨ ’ਚ ਸ਼ਾਮਲ ਕੱਟਡ਼ਪੰਥੀ ਅਤੇ ਜਜ਼ਬਾਤੀ ਲੋਕ ਬੈਰੀਕੇਡ ਤੁਡ਼ਵਾ ਜਾਣਬੁੱਝ ਕੇ ਲੰਘਾਏ ਗਏ। ਉਨ੍ਹਾਂ ਨੂੰ ਲਾਲ ਕਿਲ੍ਹੇ ’ਤੇ ਪਹੁੰਚਾ ਕੇ ਝੰਡਾ ਚੜ੍ਹਵਾਏ ਗਏ ਤਾਂ ਜੋ ਅੰਦੋਲਨ ਨੂੰ ਢਾਹ ਲਗ ਸਕੇ ਕਿਉਂਕਿ ਜੇਕਰ ਸਰਕਾਰ ਆਪਣੀ ਆਈ ’ਤੇ ਆ ਜਾਵੇ ਤਾਂ ਸਾਰੀ ਦਿੱਲੀ ਮਿੰਟਾਂ ’ਚ ਖ਼ਾਲੀ ਕਰਵਾ ਸਕਦੀ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਆਗੂਆਂ ਵਲੋਂ ਤਾਂ ਬਡ਼ੇ ਸ਼ਾਂਤਮਈ ਢੰਗ ਨਾਲ 26 ਜਨਵਰੀ ਦੀ ਟ੍ਰੈਕਟਰ ਪਰੇਡ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ ਜਿਸ ’ਚ ਲੱਖਾਂ ਕਿਸਾਨਾਂ ਸਮੇਤ ਹਜ਼ਾਰਾਂ ਟ੍ਰੈਕਟਰਾਂ ਨੇ ਸ਼ਾਮਲ ਹੋਣਾ ਸੀ ਅਤੇ ਹੋਏ ਵੀ ਪਰ ਦੁਨੀਆ ’ਚ ਮੀਡੀਆ ਰਾਹੀਂ ਇਹ ਸ਼ਾਂਤਮਈ ਅੰਦੋਲਨ ਕਿਸੇ ਨੇ ਨਹੀਂ ਦੇਖਿਆ ਜਦਕਿ ਲਾਲ ਕਿਲ੍ਹੇ ’ਤੇ ਸਰਕਾਰ ਦੀ ਸ਼ਹਿ ’ਤੇ ਚੜ੍ਹਾਏ ਗਏ ਝੰਡੇ ਸੁਰਖ਼ੀਆਂ ’ਚ ਛਾਏ ਰਹੇ, ਜਿਸ ਕਾਰਣ ਕਿਸਾਨ ਆਗੂਆਂ ਨੂੰ ਵੀ ਨਾਮੋਸ਼ੀ ਝੱਲਣੀ ਪਈ।

ਇਹ ਵੀ ਪੜ੍ਹੋ : ਲਾਲ ਕਿਲ੍ਹੇ ’ਤੇ ਵਾਪਰੀ ਘਟਨਾ ਮੋਦੀ ਸਰਕਾਰ ਦੀ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਸੀ : ਬੈਂਸ

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਲਾਲ ਕਿਲ੍ਹੇ ’ਤੇ ਝੰਡਾ ਚਡ਼ਾਉਣ ਵਾਲੇ ਇਹ ਓਹੀ ਕੱਟਡ਼ਪੰਥੀ, ਕੱਟਡ਼ਵਾਦੀ ਅਤੇ ਜਜ਼ਬਾਤੀ ਲੋਕ ਹਨ ਜਿਨ੍ਹਾਂ ਦੀਆਂ ਭਾਵਨਾਵਾਂ ਜਲਦੀ ਭਡ਼ਕਦੀਆਂ ਹਨ ਅਤੇ ਹਰੇਕ ਵਰਗ ਲਈ ਗਲੇ ਦੀ ਹੱਡੀ ਬਣੇ ਹੋਏ ਹਨ, ਜਿਸ ਵਿਚ ਬਹੁ-ਗਿਣਤੀ ਚੋਲਿਆਂ ਵਾਲੇ ਬਾਬਿਆਂ ਦੀ ਹੈ। ਉਨ੍ਹਾਂ ਕਿਹਾ ਕਿ 25 ਜਨਵਰੀ ਦੀ ਰਾਤ ਨੂੰ ਕੁਝ ਲੋਕਾਂ ਨੇ ਸਿੰਘੂ ਬਾਰਡਰ ਦੀ ਸਟੇਜ ’ਤੇ ਕਬਜ਼ਾ ਕਰ ਲਿਆ ਸੀ ਅਤੇ ਫਿਰ ਕੰਨਸ਼ੋਆਂ ਛਿਡ਼ ਪਈਆਂ ਸਨ ਕਿ 26 ਨੂੰ ਕੁਝ ਅਣਹੋਣੀ ਹੋ ਸਕਦੀ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਦੀਪ ਸਿੱਧੂ ਨੇ ਸਟੇਟਮੈਂਟ ਦਿੱਤੀ ਸੀ ਕਿ ਪੁਲਸ ਨੇ ਕਿਹਾ ਕਿ ਤੁਸੀਂ ਆਪਣਾ ਕੰਮ ਕਰੋ ਅਤੇ ਜਾਓ, ਜਿਸ ਤੋਂ ਸਪੱਸ਼ਟ ਹੈ ਕਿ ਇਹ ਸਭ ਕੁਝ ਸਰਕਾਰ ਦੀ ਮਿਲੀਭੁਗਤ ਨਾਲ ਹੀ ਹੋਇਆ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੇਕਰ ਸਿੱਖ ਵਜੋਂ ਸੋਚਿਆ ਜਾਵੇ ਤਾਂ ਸਾਨੂੰ ਕੇਸਰੀ ਝੰਡੇ ਨਾਲ ਪਿਆਰ ਹੈ ਅਤੇ ਜਦੋਂ ਲਾਲ ਕਿਲ੍ਹੇ ’ਤੇ ਲਹਿਰਾਇਆ ਗਿਆ ਤਾਂ ਅਸੀਂ ਜਜ਼ਬਾਤੀ ਹੋ ਕੇ ਕਹਾਂਗੇ ਕਿ ਕਮਾਲ ਕਰ ਦਿੱਤੀ ਗਈ ਪਰ ਜਦੋਂ ਅਸੀਂ ਭਾਰਤ ’ਚ ਆਮ ਲੋਕਾਂ ਨਾਲ ਖਡ਼੍ਹ ਕੇ ਸੋਚਾਂਗੇ ਤਾਂ ਉਸਦਾ ਰੂਪ ਕੁਝ ਹੋਰ ਬਣ ਜਾਂਦਾ ਹੈ, ਜਿਸ ’ਚ ਮੀਡੀਆ ਸਫ਼ਲ ਵੀ ਹੋ ਗਿਆ। ਉਨ੍ਹਾਂ ਕਿਹਾ ਕਿ ਅਸੀਂ ਕਹਿ ਰਹੇ ਹਾਂ ਕਿ ਇਹ ਸਭ ਕੁਝ ਸਰਕਾਰਾਂ ਨੇ ਕਰਵਾਇਆ ਪਰ ਅਸੀਂ ਸਰਕਾਰ ਨੂੰ ਇਸ ’ਚ ਸਫ਼ਲ ਹੀ ਕਿਉਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ’ਚ ਸਿੱਖਾਂ ਦੀ ਇਹ ਤਸਵੀਰ ਬਣਾ ਦਿੱਤੀ ਗਈ ਕਿ ਇਹ ਹੱਲਾ-ਗੁੱਲਾ ਕਰ ਰੌਲਾ ਪਾਉਣ ਵਾਲੇ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਹੁਣ ਕਿਸਾਨਾਂ ਦੇ ਬਿਆਨ ਆ ਰਹੇ ਹਨ ਕਿ ਦੀਪ ਸਿੱਧੂ ਆਰ.ਐੱਸ.ਐੱਸ. ਦਾ ਏਜੰਟ ਹੈ ਜਿਸ ਨੂੰ ਤਿਆਰ ਕਰਕੇ ਭੇਜਿਆ ਗਿਆ ਹੈ ਜਦਕਿ ਅਸਲੀਅਤ ਇਹ ਵੀ ਹੈ ਕਿ ਪਿਛਲੇ 6 ਮਹੀਨੇ ਦੇ ਦੀਪ ਸਿੱਧੂ ਦੇ ਬਿਆਨ ਸੁਣੋ ਜਿਸ ’ਚ ਸਪੱਸ਼ਟ ਹੈ ਕਿ ਸਾਡੇ ਕੁਝ ਲਿਖਾਰੀ ਅਤੇ ਵਿਦਵਾਨ ਅਜਿਹੀਆਂ ਕਿਤਾਬਾਂ ਲਿਖਦੇ ਹਨ, ਜਿਨ੍ਹਾਂ ਨੂੰ ਪਡ਼੍ਹ ਕੇ ਲੋਕ ਜਜ਼ਬਾਤੀ ਹੋ ਜਾਂਦੇ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਜ਼ਬਾਤੀ ਹੋ ਕੇ ਕਦੇ ਵੀ ਫੈਸਲੇ ਨਹੀਂ ਲਏ ਜਾਂਦੇ ਕਿਉਂਕਿ ਇਨ੍ਹਾਂ ਦੀ ਸੀਮਾ ਕੋਈ ਨਹੀਂ ਇਸ ਲਈ ਸਾਨੂੰ ਇਨ੍ਹਾਂ ਨੂੰ ਸੰਭਾਲਣ ਦੀ ਲੋਡ਼ ਹੈ ਅਤੇ ਹਮੇਸ਼ਾ ਦਿਮਾਗ ਤੋਂ ਕੰਮ ਲਿਆ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਜਜ਼ਬਾਤਾਂ ਨਾਲ ਨਹੀਂ ਸਗੋਂ ਕਿਸਾਨ ਆਗੂਆਂ ਦੇ ਦਿਮਾਗ ਅਨੁਸਾਰ ਚੱਲ ਕੇ ਹੀ ਸਫ਼ਲ ਹੋਵੇਗਾ।

ਇਹ ਵੀ ਪੜ੍ਹੋ : ਜਦੋਂ ਝੰਡਾ ਲਹਿਰਾਉਣ ਸਮੇਂ ਰੱਸੀ ਦੀ ਗੰਢ ਹੀ ਨਾ ਖੁੱਲ੍ਹੀ

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸਰਕਾਰਾਂ ਤਾਂ ਚਾਹੁੰਦੀਆਂ ਹਨ ਕਿ ਮੁਡ਼ ਕਾਲਾ ਦੌਰ ਆਵੇ ਅਤੇ ਪੰਜਾਬ ’ਚ ਮੁਡ਼ ਸੱਥਰ ਵਿਛਣ ਅਤੇ ਜੇਕਰ ਲਾਲ ਕਿਲ੍ਹੇ ’ਚ ਮਾਹੌਲ ਹਿੰਸਕ ਹੋ ਜਾਂਦਾ ਤਾਂ ਕਈ ਮਾਵਾਂ ਦੇ ਪੁੱਤਾਂ ਦੀ ਜਾਨ ਚਲੀ ਜਾਣੀ ਸੀ। ਉਨ੍ਹਾਂ ਕਿਹਾ ਕਿ ਜੇਕਰ ਪੁੱਤ ਹੀ ਨਹੀਂ ਰਹਿਣਗੇ ਤਾਂ ਫਿਰ ਜ਼ਮੀਨਾਂ ਕੀ ਕਰਾਂਗੇ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣ ਤੋਂ ਬਾਅਦ ਕਈ ਲੋਕ ਦੀਪ ਸਿੱਧੂ ਦੇ ਹੱਕ ’ਚ ਹੋ ਗਏ ਅਤੇ ਕਈ ਕਿਸਾਨਾਂ ਦੇ ਹੱਕ ’ਚ ਹਨ, ਜਿਸ ਕਾਰਣ ਅੰਦੋਲਨ ਦੋਫ਼ਾਡ਼ ਹੋ ਗਿਆ ਜੋ ਕਿ ਸਰਕਾਰ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹੋ ਗਏ ਹਨ ਕਿ ਅੱਜ ਕਿਸਾਨ ਅੰਦੋਲਨ ਦੀ ਰੀਡ਼ ਦੀ ਹੱਡੀ ਟੁੱਟਣ ਵਰਗੇ ਹਾਲਾਤ ਪੈਦਾ ਹੋ ਗਏ ਜਿਸ ਨੂੰ ਸਾਂਭਣ ਲਈ ਆਗੂਆਂ ਨੂੰ ਬਹੁਤ ਮਿਹਨਤ ਕਰਨੀ ਹਵੇਗੀ ਅਤੇ ਮੁਡ਼ ਅੰਦੋਲਨ ਨੂੰ ਲੀਹਾਂ ’ਤੇ ਲਿਆਉਣਾ ਪਵੇਗਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਹ ਸਿੰਘੂ ਬਾਰਡਰ ’ਤੇ ਜਾਣਾ ਚਾਹੁੰਦੇ ਸਨ ਪਰ ਉਹ ਇਸ ਕਾਰਣ ਨਹੀਂ ਗਏ ਕਿ ਕਿਤੇ ਉਨ੍ਹਾਂ ਦੇ ਜਾਣ ਨਾਲ ਅੰਦੋਲਨ ਖ਼ਰਾਬ ਨਾ ਹੋ ਜਾਵੇ। ਉਨ੍ਹਾਂ ਕਿਹਾ ਕਿ ਇਕੱਲਾ ਦੀਪ ਸਿੱਧੂ ਨਹੀਂ ਹੋਰ ਵੀ ਕੁਝ ਕੱਟਡ਼ਪੰਥੀ ਲੋਕ ਜਿਨ੍ਹਾਂ ਨੌਜਵਾਨਾਂ ਦੇ ਮਨਾਂ ਵਿਚ ਜਜ਼ਬਾਤ ਭਰ ਕੇ ਲਾਲ ਕਿਲ੍ਹੇ ਵੱਲ ਲੈ ਗਏ ਅਤੇ ਝੰਡਾ ਚਡ਼੍ਹਾ ਦਿੱਤਾ ਗਿਆ ਪਰ ਅੱਧੇ ਘੰਟੇ ਬਾਅਦ ਪੁਲਸ ਨੇ ਇਹ ਝੰਡਾ ਲਾਹ ਕੇ ਪਤਾ ਨਹੀਂ ਕਿੱਥੇ ਸੁੱਟ ਦਿੱਤਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਮਸਲਾ ਕਿਸਾਨੀ ਦਾ ਸੀ ਅਤੇ ਅੰਦੋਲਨ ਵੀ ਕਿਸਾਨਾਂ ਦਾ ਸੀ ਪਰ ਅਸੀਂ ਹੋਰ ਰਾਹ ਤੁਰ ਪਏ। ਉਨ੍ਹਾਂ ਕਿਹਾ ਕਿ ਅੱਜ ਵੀ ਸਿੰਘੂ ਬਾਰਡਰ ’ਤੇ ਹਜ਼ਾਰਾਂ ਕਿਸਾਨ ਅੰਦੋਲਨ ਲਈ ਬੈਠੇ ਹਨ। ਇਸ ਲਈ ਜ਼ਰੂਰਤ ਹੈ ਸਾਨੂੰ ਉਨ੍ਹਾਂ ਦਾ ਹੌਂਸਲਾ ਬੁਲੰਦ ਰੱਖਣ ਲਈ ਉਪਰਾਲੇ ਕੀਤੇ ਜਾਣ ਅਤੇ ਕਿਸਾਨ ਆਗੂਆਂ ਦੀ ਅਗਵਾਈ ਹੇਠ ਅੰਦੋਲਨ ਨੂੰ ਸਫ਼ਲ ਬਣਾਇਆ ਜਾਵੇ।

ਨੋਟ : ਕੀ ਤੁਸੀਂ ਢੱਡਰੀਆਂ ਵਾਲੇ ਦੇ ਇਸ ਬਿਆਨ ਨਾਲ ਸਹਿਮਤ ਹੋ, ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Anuradha

Content Editor

Related News