ਰੈੱਡ ਕਰਾਸ ਸੋਸਾਇਟੀ ਵੱਲੋਂ ਕੋਵਿਡ-19 ਦੇ ਮਰੀਜ਼ਾਂ ਲਈ ਆਕਸੀਜਨ ਕੰਸਨਟਰੇਟਰ ਬੈਂਕ ਦੀ ਸ਼ੁਰੂਆਤ

Sunday, May 16, 2021 - 06:15 PM (IST)

ਰੈੱਡ ਕਰਾਸ ਸੋਸਾਇਟੀ ਵੱਲੋਂ ਕੋਵਿਡ-19 ਦੇ ਮਰੀਜ਼ਾਂ ਲਈ ਆਕਸੀਜਨ ਕੰਸਨਟਰੇਟਰ ਬੈਂਕ ਦੀ ਸ਼ੁਰੂਆਤ

ਲੁਧਿਆਣਾ (ਵਿੱਕੀ) : ਲੁਧਿਆਣਾ ਵਿਚ ਕੋਵਿਡ ਮਾਮਲਿਆਂ ਦੇ ਵਾਧੇ ਨਾਲ ਆਕਸੀਜਨ ਦੀ ਮੰਗ ਵੀ ਚਰਮ ਸੀਮਾ ਨੂੰ ਧਿਆਨ ਵਿਚ ਰੱਖਦੇ ਹੋਏ, ਰੈੱਡ ਕਰਾਸ ਸੁਸਾਇਟੀ ਵੱਲੋਂ ਮਰੀਜ਼ਾਂ ਲਈ ਇਕ ਆਕਸੀਜਨ ਕੰਸਨਟਰੇਟਰ ਬੈਕ ਦੀ ਸ਼ੁਰੂਆਤ ਕੀਤੀ ਹੈ ਜੋ ਕਿ ਘਰ ਵਿਚ ਇਕਾਂਤਵਾਸ ਹੋਏ ਲੋਕਾਂ ਨੂੰ ਜੀਵਨ ਬਚਾਉਣ ਵਾਲੀ ਗੈਸ ਪ੍ਰਦਾਨ ਕਰੇਗਾ। ਰੈੱਡ ਕਰਾਸ ਭਵਨ ਵਿਚ ਆਕਸੀਜਨ ਕੰਸਨਟਰੇਟਰ ਬੈਂਕ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ, ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਗਿੱਲ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨ.ਜੀ.ਓ ਵੱਲੋਂ 25 ਦੇ ਕਰੀਬ ਆਕਸੀਜਨ ਕੰਸਨਟਰੇਟਰ ਪ੍ਰਸ਼ਾਸਨ ਨੂੰ ਦਾਨ ਕੀਤੇ ਗਏ ਹਨ ਜੋ ਕਿ ਬੈਂਕ ਰਾਹੀਂ ਲੋੜਵੰਦ ਮਰੀਜ਼ਾਂ ਨੂੰ ਦਿੱਤੇ ਜਾਣਗੇ।

ਉਨ੍ਹਾਂ ਕਿਹਾ ਕਿ ਘਰ ਵਿਚ ਇਕਾਂਤਵਾਸ ਕੋਵਿਡ ਮਰੀਜ਼ ਕੰਸਨਟਰੇਟਰ ਨੂੰ ਡਾਕਟਰ ਦੀ ਸਿਫ਼ਾਰਿਸ਼ ਅਤੇ ਉਸਦੀ ਨਿਗਰਾਨੀ ਹੇਠ ਇਸ ਦੇ ਕੰਮਕਾਜ ਦੀ ਗਰੰਟੀ ’ਤੇ ਬੈਂਕ ਤੋਂ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਆਕਸੀਜਨ ਕੰਸਨਟਰੇਟਰ ਬਿਨੈਕਾਰ ਵੱਲੋਂ ਪ੍ਰਸ਼ਾਸਨ ਨੂੰ ਰੋਜ਼ਾਨਾ ਘੱਟੋ-ਘੱਟ 200 ਰੁਪਏ ਕਿਰਾਇਆ ਦੇਣਾ ਪਵੇਗਾ ਅਤੇ 25 ਹਜ਼ਾਰ ਰੁਪਏ ਦੀ ਮੋੜਨਯੋਗ ਰਾਸ਼ੀ (ਚੈੱਕ ਜਾਂ ਡਰਾਫਟ ਰਾਹੀਂ) ਰੈੱਡ ਕਰਾਸ ਸੁਸਾਇਟੀ ਨੂੰ ਜਮ੍ਹਾ ਕਰਵਾਉਣੀ ਹੋਵੇਗੀ।

ਉਨ੍ਹਾਂ ਕਿਹਾ ਕਿ ਕੰਸਨਟਰੇਟਰ ਲੋੜਵੰਦ ਨੂੰ ਵੈਬਸਾਈਟ www.Ludhiana.nic.in ’ਤੇ ਆਨਲਾਈਨ ਗੂਗਲ ਫਾਰਮ ਜਮ੍ਹਾ ਕਰਨਾ ਹੋਵੇਗਾ ਅਤੇ ਬਿਨੈਕਾਰ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਅਰਜ਼ੀ ਸਵੀਕਾਰ ਕੀਤੇ ਜਾਣੋ 'ਤੇ ਫੋਨ ਕਾਲ ਰਾਹੀਂ ਸੂਚਿਤ ਕੀਤਾ ਜਾਵੇਗਾ। ਬਿਨੈਕਾਰ ਰੈੱਡ ਕਰਾਸ ਸੁਸਾਇਟੀ ਤੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੰਸਨਟਰੇਟਰ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਡਾਕਟਰਾਂ ਦੀ ਸੱਤ ਮੈਂਬਰੀ ਕਮੇਟੀ ਦੀ ਸਿਫ਼ਾਰਸ਼ ’ਤੇ ਲਿਆ ਗਿਆ ਹੈ। ਸ਼ਰਮਾ ਨੇ ਅੱਗੇ ਕਿਹਾ ਕਿ ਬਿਨੈਕਾਰ 94173-76655, 98784-50219 ਅਤੇ 81465-55493 ’ਤੇ ਵੀ ਸੰਪਰਕ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਲਈ 81 ਕੰਸਨਟਰੇਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਆਕਸੀਜਨ ਕੰਸਨਟਰੇਟਰ ਇਕ ਮੈਡੀਕਲ ਉਪਕਰਣ ਹੈ ਜੋ ਹਵਾ ਨੂੰ ਖਿੱਚਦਾ ਹੈ ਅਤੇ ਆਕਸੀਜਨ ਨੂੰ ਵੱਖ ਕਰਕੇ ਮਰੀਜ਼ ਨੂੰ ਨੱਕ ਰਾਹੀਂ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਕੰਸਨਟਰੇਟਰ ਘਰ ਵਿਚ ਇਕਾਂਤਵਾਸ ਰੋਗੀਆਂ ਦੇ ਇਲਾਜ ਵਿਚ ਲਾਭਦਾਇਕ ਸਿੱਧ ਹੋਣਗੇ ਅਤੇ ਹਲਕੇ ਲੱਛਣ ਹੋਣ ਦੀ ਸੂਰਤ ਵਿਚ ਹਸਪਤਾਲਾਂ ਵਿਚ ਕੇਸਾਂ ਦਾ ਭਾਰ ਘਟਾਉਣ ਵਿਚ ਮੱਦਦਗਾਰ ਸਾਬਤ ਹੋਣਗੇ।


author

Gurminder Singh

Content Editor

Related News