ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਤੇ ਰਿੰਦਾ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਕਰਵਾਉਣ ਦੀ ਕਵਾਇਦ ਤੇਜ਼
Thursday, Jun 09, 2022 - 01:18 PM (IST)
ਚੰਡੀਗੜ੍ਹ (ਰਮਨਜੀਤ ਸਿੰਘ)- ਪੰਜਾਬ ਪੁਲਸ ਵੱਲੋਂ ਲਾਰੈਂਸ ਬਿਸ਼ਨੋਈ ਨਾਲ ਜੁੜੇ ਅਤੇ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਅਤੇ ਉਸ ਦੀ ਹਵਾਲਗੀ ਦੇ ਯਤਨ ਤੇਜ਼ ਕਰ ਦਿੱਤੇ ਗਏ ਹਨ। ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ, ਜੋਕਿ ਸ੍ਰੀ ਮੁਕਤਸਰ ਸਾਹਿਬ ਦਾ ਵਸਨੀਕ ਹੈ ਅਤੇ 2017 ਵਿਚ ਸਟੂਡੈਂਟ ਵੀਜ਼ਾ ’ਤੇ ਕੈਨੇਡਾ ਗਿਆ ਸੀ, ਲਾਰੈਂਸ ਬਿਸ਼ਨੋਈ ਗਿਰੋਹ ਦਾ ਸਰਗਰਮ ਮੈਂਬਰ ਹੈ। ਸਰਕਾਰੀ ਬੁਲਾਰੇ ਮੁਤਾਬਕ ਪੰਜਾਬ ਪੁਲਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ 10 ਦਿਨ ਪਹਿਲਾਂ 19 ਮਈ, 2022 ਨੂੰ ਗੋਲਡੀ ਬਰਾੜ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਤਜਵੀਜ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀ. ਬੀ. ਆਈ.) ਨੂੰ ਭੇਜ ਦਿੱਤੀ ਸੀ, ਤਾਂ ਜੋ ਉਸ ਨੂੰ ਕਾਬੂ ਕਰਕੇ ਭਾਰਤ ਲਿਆਉਣ ਦਾ ਰਾਹ ਪੱਧਰਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਬਿਜਲੀ ਦੀ ਨਿਰਵਿਘਨ ਸਪਲਾਈ ’ਤੇ ਮੰਡਰਾਉਣ ਲੱਗਾ ‘ਖ਼ਤਰਾ’, ਹੜਤਾਲ 'ਤੇ ਜਾਣਗੇ ਠੇਕਾ ਕਰਮਚਾਰੀ
ਬੁਲਾਰੇ ਨੇ ਕਿਹਾ ਕਿ ਇਹ ਤਜਵੀਜ ਦੋ ਕੇਸਾਂ, 12 ਨਵੰਬਰ ਨੂੰ ਦਰਜ ਐੱਫ਼. ਆਈ. ਆਰ. ਨੰਬਰ 409, ਆਈ. ਪੀ. ਸੀ. ਦੀ ਧਾਰਾ 307/427/148/149/120-ਬੀ, ਆਰਮਜ਼ ਐਕਟ ਦੀ ਧਾਰਾ 25/27/54/59 ਅਧੀਨ ਥਾਣਾ ਸਿਟੀ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਅਤੇ 18 ਫਰਵਰੀ, 2021 ਨੂੰ ਥਾਣਾ ਸਿਟੀ ਫਰੀਦਕੋਟ ਵਿਚ ਆਈ. ਪੀ. ਸੀ. ਦੀ ਧਾਰਾ 302/120-ਬੀ/34, ਅਸਲਾ ਐਕਟ ਦੀ ਧਾਰਾ 25/54/59 ਦੇ ਅਧੀਨ ਦਰਜ ਐੱਫ਼. ਆਈ. ਆਰ. ਨੰਬਰ 44 ਦੇ ਆਧਾਰ ’ਤੇ ਭੇਜੀ ਗਈ ਸੀ। ਇਸ ਤੋਂ ਇਲਾਵਾ ਪੰਜਾਬ ਪੁਲਸ ਵੱਲੋਂ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਵਾਸੀ ਪਿੰਡ ਰੱਤੋਕੇ, ਤਰਨਤਾਰਨ ਵਿਰੁੱਧ ਵੀ ਰੈੱਡ ਕਾਰਨਰ ਨੋਟਿਸ (ਆਰ.ਸੀ.ਐੱਨ.) ਜਾਰੀ ਕਰਨ ਦੀ ਮੰਗ ਕੀਤੀ ਹੈ, ਜਿਸ ਸਬੰਧੀ ਤਜਵੀਜ 5 ਮਈ, 2022 ਨੂੰ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀ. ਬੀ. ਆਈ.) ਨੂੰ ਭੇਜੀ ਗਈ ਸੀ। ਰਿੰਦਾ, ਜੋ ਹਾਲ ਹੀ ਵਿਚ ਪੰਜਾਬ ਵਿਚ ਕਈ ਅੱਤਵਾਦੀ ਮਾਡਿਊਲ ਤਿਆਰ ਕਰਨ ਅਤੇ ਚਲਾਉਣ ਲਈ ਜ਼ਿੰਮੇਵਾਰ ਹੈ, ਹੁਣ ਪਾਕਿਸਤਾਨ ਵਿਚ ਰਹਿ ਰਿਹਾ ਹੈ। ਪਾਕਿ ਆਈ. ਐੱਸ. ਆਈ. ਦੀ ਹਮਾਇਤ ਪ੍ਰਾਪਤ, ਰਿੰਦਾ ਭਾਰਤ ਵਿਚ ਭਾਰੀ ਮਾਤਰਾ ਵਿਚ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਸਮੱਗਲਿੰਗ ਵਿਚ ਵੀ ਜ਼ਿੰਮੇਵਾਰ ਰਿਹਾ ਹੈ। ਪੰਜਾਬ ਪੁਲਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਕਰਨਾਲ ਵਿਚ ਗ੍ਰਿਫ਼ਤਾਰ ਕੀਤੇ ਗਏ ਚਾਰ ਅੱਤਵਾਦੀਆਂ ਤੋਂ ਭਾਰੀ ਮਾਤਰਾ ਵਿਚ ਹਥਿਆਰ/ਗੋਲਾ ਬਾਰੂਦ ਅਤੇ ਆਈ. ਈ. ਡੀਜ ਬਰਾਮਦ ਕੀਤੇ ਗਏ ਹਨ, ਜੋਕਿ ਰਿੰਦਾ ਨਾਲ ਸਬੰਧਤ ਸਨ। ਹਾਲ ਹੀ ਵਿਚ, ਉਹ ਆਪਣੇ ਸੰਚਾਲਕਾਂ ਰਾਹੀਂ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਆਰ. ਪੀ. ਜੀ. ਹਮਲੇ, ਨਵੰਬਰ, 2021 ਵਿਚ ਸੀ. ਆਈ. ਏ. ਦਫ਼ਤਰ, ਐੱਸ. ਬੀ. ਐੱਸ. ਨਗਰ ’ਤੇ ਗ੍ਰਨੇਡ ਹਮਲੇ, ਅਨੰਦਪੁਰ ਸਾਹਿਬ, ਰੂਪਨਗਰ ਵਿਚ ਪੁਲਸ ਚੌਕੀ ਕਾਹਲਵਾਂ ’ਤੇ ਆਈ. ਈ. ਡੀ. ਹਮਲੇ ਲਈ ਜ਼ਿੰਮੇਵਾਰ ਸੀ।
ਇਹ ਵੀ ਪੜ੍ਹੋ: ਦਿੱਲੀ ਏਅਰਪੋਰਟ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਜਲੰਧਰ ਤੋਂ ਚੱਲਣ ਵਾਲੀਆਂ 4 ਵੋਲਵੋ ਬੱਸਾਂ ਦੀ ‘ਬੁਕਿੰਗ ਸ਼ੁਰੂ’
ਪੁਲਸ ਦੇ ਬੁਲਾਰੇ ਮੁਤਾਬਕ ਰਿੰਦਾ ਵਿਰੁੱਧ ਜ਼ਿਲ੍ਹਾ ਪਟਿਆਲਾ ਦੇ ਤਿੰਨ ਮਾਮਲਿਆਂ ਵਿਚ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਵਿਚ ਤ੍ਰਿਪੜੀ ਪਟਿਆਲਾ ਵਿਚ 6 ਜਨਵਰੀ, 2014 ਨੂੰ ਆਈ. ਪੀ. ਸੀ. ਦਾ ਧਾਰਾ 307, 332, 353, 186, 148, 149 ਤਹਿਤ ਐੱਫ਼. ਆਈ. ਆਰ. ਨੰ. 3, ਥਾਣਾ ਸਦਰ ਪਟਿਆਲਾ ਵਿਚ 26 ਮਈ, 2016 ਨੂੰ ਆਈ. ਪੀ. ਸੀ. ਦੀ ਧਾਰਾ 307, 341, 473, 34 ਅਤੇ ਆਰਮਜ਼ ਐਕਟ ਦੀ ਧਾਰਾ 25, 54, 59 ਦੇ ਤਹਿਤ ਐੱਫ਼. ਆਈ. ਆਰ. ਨੰਬਰ 74 ਅਤੇ 19 ਜੁਲਾਈ, 2016 ਨੂੰ ਥਾਣਾ ਸਿਟੀ ਰਾਜਪੁਰਾ ਵਿਚ ਆਈ. ਪੀ. ਸੀ. ਦੀ ਧਾਰਾ 399, 402, 413, 473, 120-ਬੀ, ਆਰਮਜ਼ ਐਕਟ ਦੀ ਧਾਰਾ 25, 54, 59 ਅਤੇ ਐੱਨ. ਡੀ. ਪੀ. ਐੱਸ ਐਕਟ ਦੀ ਧਾਰਾ 22, 61, 85 ਤਹਿਤ ਦਰਜ ਐੱਫ਼. ਆਈ. ਆਰ. ਨੰ. 173 ਵਿਚ ਦਰਜ ਮਾਮਲੇ ਸ਼ਾਮਲ ਹਨ। ਬੁਲਾਰੇ ਨੇ ਕਿਹਾ ਕਿ ਇੰਟਰਪੋਲ ਨਾਲ ਤਾਲਮੇਲ ਲਈ ਸੀ. ਬੀ. ਆਈ., ਸੈਂਟਰਲ ਨੈਸ਼ਨਲ ਬਿਊਰੋ ਦੇ ਪੱਧਰ ’ਤੇ ਪ੍ਰਸਤਾਵ ਪ੍ਰਕਿਰਿਆ ਅਧੀਨ ਹੈ। ਉਨ੍ਹਾਂ ਅੱਗੇ ਕਿਹਾ ਕਿ ਆਰ. ਸੀ. ਐੱਨ. ਦੇ ਲਾਗੂ ਹੋਣ ’ਤੇ, ਹਵਾਲਗੀ ਪ੍ਰਸਤਾਵ ਐੱਮ. ਐੱਚ. ਏ. ਅਤੇ ਐੱਮ. ਈ. ਏ. ਰਾਹੀਂ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ: ਮਾਈਨਿੰਗ ’ਚ ਸ਼ਾਮਲ ਰਹੇ ਸਾਬਕਾ ਕਾਂਗਰਸ ਨੇਤਾਵਾਂ ’ਤੇ ਵੀ ਮਾਨ ਸਰਕਾਰ ਦੀਆਂ ਨਜ਼ਰਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ