ਪੰਜਾਬ-ਜੰਮੂ ਹੱਦ ’ਤੇ ਸੁਰੱਖਿਆ ਬਲਾਂ ਦਾ ਰੈੱਡ ਅਲਰਟ
Saturday, Sep 28, 2019 - 01:54 AM (IST)
ਅੰਮ੍ਰਿਤਸਰ, (ਇੰਦਰਜੀਤ)- ਪਾਕਿਸਤਾਨ ਵੱਲੋਂ ਅੰਦਰੂਨੀ ਤੌਰ ’ਤੇ ਭਾਰਤ ਖਿਲਾਫ ਚਲਾਈ ਅੱਤਵਾਦੀ ਮੁਹਿੰਮ ਵਿਰੁੱਧ ਜਿਥੇ ਸਟੇਟ ਆਪ੍ਰੇਸ਼ਨ ਸੈੱਲ ਨੇ 6 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਕੇ ਇਕ ਡਰੋਨ ਵੀ ਬਰਾਮਦ ਕੀਤਾ ਹੈ, ਉਥੇ ਅੱਜ ਅੰਮ੍ਰਿਤਸਰ ਬਾਰਡਰ ਪੁਲਸ ਨੇ ਸਰਚ ਅਭਿਆਨ ਦੌਰਾਨ ਜੰਮੂ-ਕਸ਼ਮੀਰ ਅਤੇ ਪਠਾਨਕੋਟ ਜ਼ਿਲੇ ਨਾਲ ਲੱਗਦੀ ਮੁੱਖ ਸਡ਼ਕ ਅਤੇ ਛੋਟੀਆਂ ਸਡ਼ਕਾਂ ਦਾ ਵੀ ਜਾਇਜ਼ਾ ਲਿਆ। ਇਸ ਦੇ ਨਾਲ ਹੀ ਪੁਲਸ ਨੇ ਆਪਣੇ ਵਿਸ਼ੇਸ਼ ਜਵਾਨਾਂ ਨਾਲ ਕਈ ਗੁਪਤ ਮਾਰਗਾਂ ਅਤੇ ਸੁੰਨਸਾਨ ਥਾਵਾਂ ’ਤੇ ਸਰਚ ਆਪ੍ਰੇਸ਼ਨ ਚਲਾਇਆ, ਜਿਸ ਵਿਚ ਵੱਡੀ ਗਿਣਤੀ ’ਚ ਪੁਲਸ ਅਧਿਕਾਰੀ ਅਤੇ ਜਵਾਨ ਰੈੱਡ ਅਲਰਟ ’ਤੇ ਹਨ। ਸਰਹੱਦੀ ਖੇਤਰ ਦੇ ਸਾਰੇ ਸੁਰੱਖਿਆ ਬਲ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਖੇਤਰਾਂ ਵਿਚ ਫੈਲ ਗਏ।
ਸ਼ੁੱਕਰਵਾਰ ਸਵੇਰੇ ਆਈ. ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਖੁਦ ਇਸ ਖੇਤਰ ’ਚ ਪਹੁੰਚੇ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਬਾਰਡਰ ਰੇਂਜ ਪੁਲਸ ਨੇ ਜੰਮੂ-ਕਸ਼ਮੀਰ ਪੁਲਸ ਨਾਲ ਆਪਣਾ ਸੰਪਰਕ ਸਿਸਟਮ ਵੀ ਬਣਾਇਆ ਹੈ ਤਾਂ ਜੋ ਦੋਵਾਂ ਪਾਸਿਆਂ ਦੀ ਪੁਲਸ ਸ਼ੱਕੀ ਵਾਹਨਾਂ ਦੀ ਜਾਂਚ ਕਰ ਸਕੇ। 1 ਲੱਖ ਤੋਂ ਵੱਧ ਡੇਪੋ (ਡਰੱਗ ਐਬਿਊਜ਼ ਪ੍ਰੀਵੈਂਸ਼ਨ) ਵੀ ਪੁਲਸ ਦੇ ਜਵਾਨਾਂ ਦੇ ਸੰਪਰਕ ’ਚ ਹਨ। ਸਰਹੱਦ ’ਤੇ ਤਾਇਨਾਤ ਸੁਰੱਖਿਆ ਬਲਾਂ ਦੇ ਨਾਲ-ਨਾਲ ਬਾਰਡਰ ਰੇਂਜ ਦੀ ਪੁਲਸ ਨੇ ਸੁਰੱਖਿਆ ਏਜੰਸੀਆਂ ਨਾਲ ਪੂਰੀ ਤਰ੍ਹਾਂ ਸੰਪਰਕ ਬਣਾਇਆ ਹੋਇਆ ਹੈ।
ਇਸ ਸਬੰਧੀ ਆਈ. ਜੀ. ਪਰਮਾਰ ਨੇ ਕਿਹਾ ਕਿ ਬਾਰਡਰ ਰੇਂਜ ਪੁਲਸ ਪੂਰੀ ਤਰ੍ਹਾਂ ਚੌਕਸ ਹੈ ਤੇ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ 5 ਜ਼ਿਲਿਆਂ ਦੇ ਐੱਸ. ਐੱਸ. ਪੀ. ਸੰਪਰਕ ਵਿਚ ਹਨ, ਜਦੋਂਕਿ ਸਰਹੱਦੀ ਰੇਂਜ ਅਧੀਨ ਪੈਂਦੇ ਥਾਣਿਆਂ ਦੇ ਅਧਿਕਾਰੀਆਂ ਨੂੰ ਫੀਲਡ ਵਿਚ ਰਹਿਣ ਦੀ ਹਦਾਇਤ ਕੀਤੀ ਗਈ ਹੈ।