ਪੰਜਾਬ ਦੇ 5 ਜ਼ਿਲਿਆਂ ਲਈ ਫੌਜ ਦੀ ਭਰਤੀ ਆਰੰਭ
Wednesday, Aug 02, 2017 - 07:38 AM (IST)
ਪਟਿਆਲਾ (ਬਲਜਿੰਦਰ) - ਪੰਜਾਬ ਦੇ 5 ਜ਼ਿਲਿਆਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਤੇ ਫਤਿਹਗੜ੍ਹ ਸਾਹਿਬ ਦੇ ਨੌਜਵਾਨ ਦੀ ਫੌਜ ਵਿੱਚ ਭਰਤੀ ਦੀ ਪ੍ਰਕਿਰਿਆ ਅੱਜ ਪਟਿਆਲਾ ਦੇ ਫਲਾਇੰਗ ਕਲੱਬ ਸਾਹਮਣੇ ਆਰੰਭ ਹੋਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਡਿਪਟੀ ਡਾਇਰੈਕਟਰ ਜਨਰਲ ਭਰਤੀ ਬ੍ਰਿਗੇਡੀਅਰ ਜੇ. ਐੈੱਸ. ਸਮਿਆਲ ਨੇ ਦੱਸਿਆ ਕਿ 11 ਅਗਸਤ ਤੱਕ ਚੱਲਣ ਵਾਲੀ ਇਸ ਭਰਤੀ ਰੈਲੀ ਵਿਚ 29 ਅਕਤੂਬਰ ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ਲਈ ਪੰਜਾਬ ਦੇ 5 ਜ਼ਿਲਿਆਂ ਦੇ 32 ਹਜ਼ਾਰ ਦੇ ਕਰੀਬ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਜਾਣਕਾਰੀ ਦਿੰਦਿਆਂ ਭਾਰਤੀ ਫੌਜ ਦੇ ਡਾਇਰੈਕਟਰ ਭਰਤੀ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਕਰਨਲ ਅਨਿਲ ਐੈੱਮ. ਵਰਗੀਜ਼ ਨੇ ਦੱਸਿਆ ਕਿ ਭਰਤੀ ਰੈਲੀ ਦੇ ਅੱਜ ਪਹਿਲੇ ਦਿਨ ਫਤਿਹਗੜ੍ਹ ਸਾਹਿਬ ਜ਼ਿਲੇ ਦੇ 2152 ਉਮੀਦਵਾਰਾਂ ਸਰੀਰਕ ਫਿਟਨੈੱਸ ਪ੍ਰੀਖਿਆ ਵਿਚ ਸਫਲ ਰਹੇ। ਇਹ ਭਰਤੀ ਰੈਲੀ 11 ਅਗਸਤ ਤੱਕ ਚੱਲੇਗੀ। ਅੱਜ ਪਹਿਲੇ ਦਿਨ ਫਤਿਹਗੜ੍ਹ ਸਾਹਿਬ ਜ਼ਿਲੇ ਦੀਆਂ ਸਾਰੀਆਂ ਤਹਿਸੀਲਾਂ ਦੇ ਉਮੀਦਵਾਰਾਂ ਦੀ ਫਿਜ਼ੀਕਲ ਫਿਟਨੈੱਸ ਪ੍ਰੀਖਿਆ ਲਈ ਗਈ। ਉਨ੍ਹਾਂ ਦੱਸਿਆ ਕਿ 2 ਅਗਸਤ ਨੂੰ ਪਟਿਆਲਾ ਜ਼ਿਲੇ ਦੀ ਤਹਿਸੀਲ ਨਾਭਾ, ਰਾਜਪੁਰਾ ਤੇ ਪਾਤੜਾਂ, 3 ਅਗਸਤ ਨੂੰ ਸਮਾਣਾ ਤੇ ਪਟਿਆਲਾ, 4 ਅਗਸਤ ਨੂੰ ਸੰਗਰੂਰ ਜ਼ਿਲੇ ਦੀ ਤਹਿਸੀਲ ਮਾਲੇਰਕੋਟਲਾ ਤੇ ਧੂਰੀ, 5 ਅਗਸਤ ਨੂੰ ਲਹਿਰਾ ਤੇ ਸੰਗਰੂਰ, 6 ਅਗਸਤ ਨੂੰ ਸੰਗਰੂਰ ਜ਼ਿਲੇ ਦੀ ਤਹਿਸੀਲ ਸੁਨਾਮ ਤੇ ਮੂਣਕ, 7 ਅਗਸਤ ਨੂੰ ਬਰਨਾਲਾ ਅਤੇ ਤਪਾ, 8 ਅਗਸਤ ਨੂੰ ਮਾਨਸਾ ਜ਼ਿਲੇ ਦੀ ਤਹਿਸੀਲ ਸਰਦੂਲਗੜ੍ਹ ਤੇ ਮਾਨਸਾ ਅਤੇ 9 ਅਗਸਤ ਨੂੰ ਬੁਢਲਾਡਾ ਦੇ ਉਮੀਦਵਾਰਾਂ ਦਾ ਸਰੀਰਕ ਫਿਟਨੈੱਸ ਟੈਸਟ ਹੋਵੇਗਾ। ਡਾਇਰੈਕਟਰ ਭਰਤੀ ਕਰਨਲ ਵਰਗੀਜ਼ ਨੇ ਦੱਸਿਆ ਕਿ ਰੈਲੀ ਵਿਚ ਉਮੀਦਵਾਰਾਂ ਦੀ ਵੱਧ ਗਿਣਤੀ ਨੂੰ ਵੇਖਦੇ ਹੋਏ ਪਟਿਆਲਾ ਦੇ ਡਿਪਟੀ ਕਮਿਸ਼ਨਰ ਤੇ ਜ਼ਿਲਾ ਪੁਲਸ ਮੁਖੀ ਵੱਲੋਂ ਟਰੈਫਿਕ ਕੰਟਰੋਲ, ਮੈਡੀਕਲ ਸਹੂਲਤ ਤੇ ਪੀਣ ਵਾਲੇ ਪਾਣੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
