ਨਕਲ ਚੱਲਣ ਦੇ ਦੋਸ਼ ''ਚ ਸਕੂਲਾਂ ਦੀ ਮਾਨਤਾ ਹੋਵੇਗੀ ਰੱਦ

Wednesday, Feb 07, 2018 - 07:44 AM (IST)

ਨਕਲ ਚੱਲਣ ਦੇ ਦੋਸ਼ ''ਚ ਸਕੂਲਾਂ ਦੀ ਮਾਨਤਾ ਹੋਵੇਗੀ ਰੱਦ
ਅੰਮ੍ਰਿਤਸਰ (ਦਲਜੀਤ) -  ਪੰਜਾਬ ਦੇ ਮਾਨਤਾ ਪ੍ਰਾਪਤ ਅਤੇ ਐਫੀਲਿਏਟਿਡ ਸਕੂਲਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਅੱਗੇ ਪੰਜਾਬ ਸਕੂਲ ਸਿੱਖਿਆ ਬੋਰਡ ਝੁਕ ਗਿਆ ਹੈ। ਬੋਰਡ ਨੇ ਪ੍ਰਾਈਵੇਟ ਸਕੂਲਾਂ ਦੇ ਪ੍ਰੀਖਿਆ ਕੇਂਦਰ ਹੋਰ ਪ੍ਰਾਈਵੇਟ ਸਕੂਲਾਂ 'ਚ ਬਣਾਉਣ ਦੀ ਜਿਥੇ ਗੱਲ ਮੰਨ ਲਈ ਹੈ, ਉਥੇ ਹੁਣ ਪ੍ਰੀਖਿਆ ਕੇਂਦਰਾਂ 'ਚ 50 ਫ਼ੀਸਦੀ ਸਰਕਾਰੀ ਤੇ 50 ਫ਼ੀਸਦੀ ਪ੍ਰਾਈਵੇਟ ਸਕੂਲਾਂ ਦਾ ਪ੍ਰੀਖਿਆ ਅਮਲਾ ਲਾਉਣ ਦੇ ਆਦੇਸ਼ ਦੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬੋਰਡ ਨੇ ਪ੍ਰਾਈਵੇਟ ਸਕੂਲਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੇ ਸਕੂਲਾਂ ਵਿਚ ਨਕਲ ਚੱਲੀ ਤਾਂ ਸਬੰਧਤ ਸਕੂਲ ਦੀ ਮਾਨਤਾ ਤੁਰੰਤ ਰੱਦ ਕਰ ਦਿੱਤੀ ਜਾਵੇਗੀ।
ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਸੈਲਫ ਪ੍ਰੀਖਿਆ ਕੇਂਦਰ ਤਬਦੀਲ ਕਰਨ ਦੇ ਵਿਰੋਧ ਵਿਚ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲ ਮਾਨਤਾ ਪ੍ਰਾਪਤ ਅਤੇ ਐਫੀਲਿਏਟਿਡ ਸਕੂਲ ਰਾਸਾ ਦੀ ਅਗਵਾਈ ਵਿਚ ਇਕੱਠੇ ਹੋ ਗਏ ਸਨ। ਉਨ੍ਹਾਂ ਨੇ ਬੋਰਡ ਦੇ ਇਸ ਫੈਸਲੇ ਖਿਲਾਫ ਅਣਮਿੱਥੇ ਸਮੇਂ ਲਈ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਸੀ। ਮੰਗਲਵਾਰ ਨੂੰ ਵਿਧਾਇਕ ਓ. ਪੀ. ਸੋਨੀ ਨਾਲ ਰਾਸਾ ਪ੍ਰਦੇਸ਼ ਜਨਰਲ ਸਕੱਤਰ ਕੁਲਵੰਤ ਰਾਏ ਸ਼ਰਮਾ ਤੇ ਮੁੱਖ ਮੰਤਰੀ ਦੇ ਓ. ਐੱਸ. ਡੀ. ਜੇ. ਐੱਸ. ਸਿੱਧੂ ਨਾਲ ਮੁਲਾਕਾਤ ਹੋਈ। ਇਹ ਮੀਟਿੰਗ ਕਾਫ਼ੀ ਦੇਰ ਤੱਕ ਚੱਲੀ। ਇਸ ਦੌਰਾਨ ਵੱਖ-ਵੱਖ ਜ਼ਿਲਿਆਂ ਤੋਂ ਆਏ ਨਿੱਜੀ ਸਕੂਲਾਂ ਦੇ ਪ੍ਰਿੰਸੀਪਲ ਮੀਟਿੰਗ ਵਾਲੀ ਥਾਂ ਦੇ ਬਾਹਰ ਖੜ੍ਹੇ ਸਨ। ਵਿਧਾਇਕ ਸੋਨੀ ਨੇ ਰਾਸਾ ਦੀਆਂ ਸਮੱਸਿਆਵਾਂ ਬਾਰੇ ਓ. ਐੱਸ. ਡੀ. ਨੂੰ ਦੱਸਿਆ ਅਤੇ ਉਸ ਸਮੇਂ ਮੁੱਖ ਮੰਤਰੀ ਹਾਊਸ ਫੋਨ 'ਤੇ ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਨਾਲ ਗੱਲ ਕੀਤੀ। ਸਿੱਖਿਆ ਸਕੱਤਰ ਨੇ ਬੋਰਡ ਦਫਤਰ ਵਿਚ 4 ਵਜੇ ਰਾਸਾ ਦੇ ਮੈਂਬਰਾਂ ਨੂੰ ਮੁਲਾਕਾਤ ਦਾ ਸਮਾਂ ਦਿੱਤਾ। ਇਸ ਬੈਠਕ ਵਿਚ ਸਾਰੇ ਮੁੱਦਿਆਂ ਬਾਰੇ ਗੱਲਬਾਤ ਕੀਤੀ ਗਈ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸੈਲਫ ਪ੍ਰੀਖਿਆ ਸੈਂਟਰ ਖ਼ਤਮ ਨਹੀਂ ਕੀਤੇ ਗਏ, ਇਹ ਗੱਲ ਨਿਰਾਧਾਰ ਹੈ। ਨਿੱਜੀ ਸਕੂਲਾਂ 'ਚ ਪ੍ਰੀਖਿਆ ਕੇਂਦਰ ਬਰਕਰਾਰ ਰਹਿਣਗੇ ਪਰ ਨਿੱਜੀ ਸਕੂਲਾਂ ਦੇ ਵਿਦਿਆਰਥੀ 3 ਕਿਲੋਮੀਟਰ ਦੇ ਦਾਇਰੇ 'ਚ ਸਥਿਤ ਕਿਸੇ ਦੂਜੇ ਸਕੂਲ ਵਿਚ ਪ੍ਰੀਖਿਆ ਦੇਣਗੇ। ਸੈਂਟਰਾਂ ਦੀ ਅਦਲਾ-ਬਦਲੀ ਹੋਵੇਗੀ। ਕਿਸੇ ਨਿੱਜੀ ਸਕੂਲ ਵਿਚ ਪ੍ਰੀਖਿਆ ਕੇਂਦਰ 'ਤੇ ਨਕਲ ਦਾ ਕੇਸ ਪਾਇਆ ਗਿਆ ਤਾਂ ਉਸ ਦੀ ਮਾਨਤਾ ਰੱਦ ਹੋਵੇਗੀ ਅਤੇ ਪ੍ਰੀਖਿਆ ਅਮਲੇ 'ਤੇ ਮਾਮਲਾ ਦਰਜ ਕੀਤਾ ਜਾਵੇਗਾ। ਇਸੇ ਤਰ੍ਹਾਂ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਸਟਾਫ ਵਿਚ 50 ਫ਼ੀਸਦੀ ਸਰਕਾਰੀ ਤੇ 50 ਫ਼ੀਸਦੀ ਨਿੱਜੀ ਸਕੂਲਾਂ ਦਾ ਸਟਾਫ ਤਾਇਨਾਤ ਹੋਵੇਗਾ। ਫਲਾਇੰਗ ਸਕੁਐਡ ਟੀਮ ਵਿਚ ਵੀ ਨਿੱਜੀ ਸਕੂਲ ਸੰਚਾਲਕਾਂ ਤੇ ਪ੍ਰਿੰਸੀਪਲਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸੇ ਤਰ੍ਹਾਂ ਸਰਕਾਰੀ ਸਕੂਲ ਦੇ ਪ੍ਰੀਖਿਆ ਕੇਂਦਰ ਵਿਚ ਨਕਲ ਦਾ ਕੇਸ ਪਾਇਆ ਗਿਆ ਤਾਂ ਉਸ ਸਕੂਲ ਦੇ ਸਟਾਫ ਨੂੰ ਟਰਮੀਨੇਟ ਕੀਤਾ ਜਾਵੇਗਾ।

Related News