ਪੰਜਾਬ ਦੀ ਪਹਿਲੀ ਰੀਰੋਲਿੰਗ ਮਿੱਲ ਨੂੰ ਪੀ. ਐੱਨ. ਜੀ. ਨਾਲ ਜੋੜਨ ਦੀ ਹੋਈ ਸ਼ੁਰੂਆਤ
Sunday, Jul 22, 2018 - 07:26 AM (IST)

ਫਤਿਹਗੜ੍ਹ ਸਾਹਿਬ/ਖੰਨਾ (ਜਗਦੇਵ, ਸੁਰੇਸ਼) - ਸਰਕਾਰ ਵਲੋਂ ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਪੰਜਾਬ ਦੇ ਪੰਜ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਖੰਨਾ ਤੇ ਮੰਡੀ ਗੋਬਿੰਦਗੜ੍ਹ 'ਚ ਢਲਾਈ ਮਿੱਲਾਂ ਨੂੰ ਪੀ. ਐੱਨ. ਜੀ. ( ਪ੍ਰੈਸ਼ਰਾਈਜ਼ਡ ਨੈਚੁਰਲ ਗੈਸ) ਨਾਲ ਜੋੜਨ ਦਾ ਫੈਸਲਾ ਕੀਤਾ ਗਿਆ ਹੈ। ਮੰਡੀ ਗੋਬਿੰਦਗੜ੍ਹ ਤੇ ਖੰਨਾ ਪੰਜਾਬ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹਨ। ਮੰਡੀ ਗੋਬਿੰਦਗੜ੍ਹ ਪੰਜਾਬ ਦਾ ਪਹਿਲਾ ਅਜਿਹਾ ਸ਼ਹਿਰ ਹੈ, ਜਿਥੇ ਰੀਰੋਲਿੰਗ ਮਿੱਲਾਂ ਨੂੰ ਪੀ. ਐੱਨ. ਜੀ. ਨਾਲ ਜੋੜਿਆ ਜਾਵੇਗਾ। ਇਹ ਜਾਣਕਾਰੀ ਬੀਤੇ ਦਿਨ ਮਿਸ਼ਨ 'ਤੰਦਰੁਸਤ ਪੰਜਾਬ' ਦੇ ਮੁਖੀ ਤੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਸਾਬਕਾ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਮੰਡੀ ਗੋਬਿੰਦਗੜ੍ਹ ਵਿਖੇ ਸਥਿਤ ਸੁਮੀਤ ਸਮਾਲ ਸਕੇਲ ਸਟੀਲ ਰੀਰੋਲਿੰਗ ਮਿੱਲ ਨੂੰ ਪੀ. ਐੱਨ. ਜੀ. ਦੀ ਸਪਲਾਈ ਨਾਲ ਜੋੜਨ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਰੀਰੋਲਿੰਗ ਮਿੱਲ ਪੰਜਾਬ ਦੀ ਪਹਿਲੀ ਰੀਰੋਲਿੰਗ ਮਿੱਲ ਬਣ ਗਈ ਹੈ ਜਿਥੇ ਕਿ ਕੋਇਲੇ ਦੀ ਥਾਂ ਪੀ. ਐੱਨ. ਜੀ. ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਇਲੇ ਦੀ ਥਾਂ ਪੀ. ਐੱਨ. ਜੀ. ਨਾਲ ਜੁੜ ਕੇ ਇਸ ਮਿੱਲ ਦਾ ਸਾਰਾ ਪ੍ਰਦੂਸ਼ਣ ਖਤਮ ਹੋ ਗਿਆ ਹੈ ਅਤੇ ਹੁਣ ਜਿਥੇ ਇਸ ਵਿਚ ਬਣ ਰਹੀ ਸਟੀਲ ਦੀ ਗੁਣਵੱਤਾ ਵਿਚ ਵਾਧਾ ਹੋਇਆ ਹੈ ਉਥੇ ਹੀ ਕੰਮ ਕਰ ਰਹੀ ਲੇਬਰ ਵੀ ਪ੍ਰਦੂਸ਼ਣ ਮੁਕਤ ਮਾਹੌਲ ਵਿਚ ਕੰਮ ਕਰ ਕੇ ਆਪਣੇ ਆਪ ਨੂੰ ਕਾਫੀ ਤਾਜ਼ਾ ਮਹਿਸੂਸ ਕਰ ਰਹੀ ਹੈ।
੍ਰਚੇਅਰਮੈਨ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ 'ਚ 200 ਰੀਰੋਲਿੰਗ ਮਿੱਲਾਂ ਹਨ ਤੇ ਸੁਮੀਤ ਐਗਰੀਕਲਚਰ ਇੰਡਸਟਰੀ ਉਨ੍ਹਾਂ ਲਈ ਇਕ ਮਾਡਲ ਦਾ ਕੰਮ ਕਰੇਗੀ ਅਤੇ ਇਸ ਮਿੱਲ ਦਾ ਮਾਹੌਲ ਵੇਖ ਕੇ ਹੋਰ ਮਿੱਲਾਂ ਨੂੰ ਵੀ ਇਸ ਗੈਸ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ ਸਟੇਨਲੈੱਸ ਸਟੀਲ ਟੈਕਨਾਲੋਜੀ ਵੱਲੋਂ ਇਸ ਤਕਨੀਕ ਵਿਚ ਹੋਰ ਸੋਧ ਕਰ ਕੇ ਇਸ ਨੂੰ ਕੋਇਲੇ ਤੋਂ ਵੀ ਸਸਤਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਠੱਲ੍ਹ ਪਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਪਹਿਲੀ ਲੋੜ ਹੈ। ਇਸ ਲਈ ਸਰਕਾਰ ਵਲੋਂ ਵੀ ਪੂਰੀ ਗੰਭੀਰਤਾ ਨਾਲ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਲਿਖ ਕੇ ਭੇਜਿਆ ਗਿਆ ਹੈ ਕਿ ਇਸ ਨੂੰ ਜੀ. ਐੱਸ. ਟੀ. ਤਹਿਤ ਲਿਆਂਦਾ ਜਾਵੇ ਕਿਉਂਕਿ ਜੇਕਰ ਇਹ ਗੈਸ ਜੀ. ਐੱਸ. ਟੀ. ਦੇ ਘੇਰੇ ਅੰਦਰ ਆ ਗਈ ਤਾਂ ਇਸ ਦੀ ਕੀਮਤ ਕੋਇਲੇ ਨਾਲੋਂ ਵੀ ਘੱਟ ਹੋ ਜਾਵੇਗੀ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਵਾਤਾਵਰਣ ਇੰਜੀਨੀਅਰ ਸ਼੍ਰੀ ਕਰੁਨੇਸ਼ ਸ਼ਰਮਾ, ਹਰਮੇਸ਼ ਜੈਨ, ਸਮਾਲ ਸਕੇਲ ਸਟੀਲ ਰੀਰੋਲਿੰਗ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਸ਼੍ਰੀ ਰਾਜਨ ਗਰਗ, ਇੰਡੀਅਨ ਸਟੀਲ ਰੀਰੋਲਿੰਗ ਐਸੋਸੀਏਸ਼ਨ ਦੇ ਉਪ ਪ੍ਰਧਾਨ ਸ਼੍ਰੀ ਅਸ਼ੋਕ ਜੈਨ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਇੰਜੀਨੀਅਰ ਆਰ. ਕੇ. ਨਈਅਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਉਦਯੋਗਪਤੀ ਤੇ ਅਧਿਕਾਰੀ ਵੀ ਹਾਜ਼ਰ ਸਨ।