ਰੈਡੀਮੇਡ ਗਾਰਮੈਂਟ ’ਤੇ 20 ਫੀਸਦੀ ਇੰਪੋਰਟ ਡਿਊਟੀ ਵਧਣ ਨਾਲ ਹੋਵੇਗਾ ਨੁਕਸਾਨ

07/18/2018 4:55:12 AM

ਲੁਧਿਆਣਾ(ਧੀਮਾਨ/ਬਹਿਲ)-ਭਾਰਤ ਸਰਕਾਰ ਨੇ ਭਾਰਤੀ ਟੈਕਸਟਾਈਲ ਇੰਡਸਟਰੀ ਨੂੰ ਪ੍ਰਮੋਟ ਕਰਨ ਲਈ 10 ਫੀਸਦੀ  ਇੰਪੋਰਟ ਡਿਊਟੀ ਨੂੰ 20 ਫੀਸਦੀ ਕਰ ਦਿੱਤਾ ਹੈ ਪਰ ਇਸ ਨਾਲ ਵੀ ਰੈਡੀਮੇਡ ਗਾਰਮੈਂਟ ਇੰਡਸਟਰੀ ਨੂੰ ਕੋਈ ਖਾਸ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਇਪੋਰਟਰ ਮਤਲਬ ਆਯਾਤਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਬੰਗਲਾਦੇਸ਼ ਦੇ ਰਸਤੇ ਆਉਣ ਵਾਲੇ ਮਾਲ ’ਤੇ ਰੋਕ ਲਾਉਣ ਲਈ ਕੋਈ ਸਪੈਸ਼ਲ ਡਿਊਟੀ ਲਾਈ ਜਾਵੇ। ਚੀਨ ਵਰਗੇ ਦੇਸ਼ ਹੁਣ ਬੰਗਲਾਦੇਸ਼, ਨੇਪਾਲ, ਮਿਆਂਮਾਰ, ਸ਼੍ਰੀਲੰਕਾ ਤੇ ਵੀਅਤਨਾਮ ਦੇ ਰਸਤੇ ਭਾਰਤ ਨੂੰ ਐਕਸਪੋਰਟ (ਨਿਰਯਾਤ) ਕਰਨਗੇ। ਚੇਤੇ ਰਹੇ ਕਿ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਮਾਲ ’ਤੇ ਜ਼ੀਰੋ ਫੀਸਦੀ ਇਪੋਰਟ ਡਿਊਟੀ ਹੈ। ਉਸ ਸਮੇਂ ਦੀ ਕੇਂਦਰ ਦੀ ਮਨਮੋਹਨ ਸਿੰਘ ਸਰਕਾਰ ਸਮੇਂ ਚੀਨ ਤੋਂ ਸਸਤੀ ਆਉਣੀਆਂ ਵਾਲੀਆਂ ਚੀਜ਼ਾਂ ਨਾਲ ਭਾਰਤੀ ਟੈਕਸਟਾਈਲ ਅਤੇ ਰੈਡੀਮੇਡ ਇੰਡਸਟਰੀ ਨੂੰ ਕਾਫੀ ਝਟਕਾ ਲੱਗਾ ਸੀ ਅਤੇ ਮਨਮੋਹਨ ਸਿੰਘ ਸਰਕਾਰ ਨੇ ਬੰਗਲਾਦੇਸ਼ ਨਾਲ ਇਕ ਸੰਧੀ ਕਰ ਕੇ ਉਥੋਂ ਆਉਣ ਵਾਲੇ ਕਿਸੇ ਵੀ ਤਰ੍ਹਾਂ ਦੇ ਮਾਲ ’ਤੇ ਇਪੋਰਟ ਡਿਊਟੀ ਨਾ ਲਾਉਣ ਦਾ ਫੈਸਲਾ  ਲਿਆ। ਇਸ ਨਾਲ ਸਭ  ਤੋਂ ਵੱਧ ਨੁਕਸਾਨ ਸ਼ਾਲ ਇੰਡਸਟਰੀ ਨੂੰ ਚੁੱਕਣਾ ਪਿਆ ਸੀ। ਜਦ ਬੰਗਲਾਦੇਸ਼ ਤੋਂ ਆਉਣ ਵਾਲੇ ਹੋਰ ਰੈਡੀਮੇਡ ਉਤਪਾਦ ਦੀ ਕੁਆਲਿਟੀ ਕਾਫੀ ਖਰਾਬ ਹੋਣ ਦੀ ਵਜ੍ਹਾ ਨਾਲ ਭਾਰਤ ਨੂੰ ਬਹੁਤ ਵੱਧ ਨੁਕਸਾਨ ਨਹੀਂ ਹੋਇਆ ਸੀ। ਹੁਣ ਚੀਨ ਤੀਸਰੇ ਦੇਸ਼ ਯਾਨੀ ਬੰਗਲਾਦੇਸ਼ ਰਾਹੀਂ ਭਾਰਤ ਨੂੰ ਨਿਰਯਾਤ ਕਰਨ ਦੀ ਗਿਣਤੀ ਵਧਾ ਸਕਦਾ ਹੈ। ਚੰਗਾ ਹੁੰਦਾ ਜੇਕਰ ਕੇਂਦਰ ਸਰਕਾਰ ਬੰਗਲਾਦੇਸ਼ ਤੋਂ ਆਉਣ ਵਾਲੇ ਮਾਲ ’ਤੇ ਰੋਕ ਲਾਉਂਦੀ।
 


Related News