ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

03/04/2022 9:24:30 PM

ਨੈਸ਼ਨਲ ਡੈਸਕ : ਰੂਸ-ਯੂਕ੍ਰੇਨ ਜੰਗ ਅੱਜ 9ਵੇਂ ਦਿਨ ’ਚ ਦਾਖ਼ਲ ਹੋ ਗਈ, ਜੋ ਦਿਨੋ-ਦਿਨ ਖ਼ਤਰਨਾਕ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਹੋਈ ਪਰ ਇਹ ਵੀ ਬੇਨਤੀਜਾ ਰਹੀ। ਹੁਣ ਤੀਜੇ ਦੌਰ ਦੀ ਗੱਲਬਾਤ ਹੋਵੇਗੀ। ਰੂਸ ਵੱਲੋਂ ਕੀਤੀ ਭਾਰੀ ਗੋਲੀਬਾਰੀ ’ਚ ਅੱਜ ਯੂਕ੍ਰੇਨ ਦੀ ਰਾਜਧਾਨੀ ’ਚ ਗੋਲੀ ਲੱਗਣ ਤੋਂ ਬਾਅਦ ਇਕ ਭਾਰਤੀ ਵਿਦਿਆਰਥੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਵਿਦਿਆਰਥੀ ਦਾ ਨਾਂ ਹਰਜੋਤ ਸਿੰਘ ਹੈ। ਇਹੋ ਜਿਹੀਆਂ ਘਟਨਾਵਾਂ ਬਾਰੇ ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ-

ਯੁੱਧ ਦਾ 9ਵਾਂ ਦਿਨ : ਯੂਕ੍ਰੇਨ 'ਤੇ ਰੂਸ ਦੇ ਤਾਬੜਤੋੜ ਹਮਲੇ ਜਾਰੀ, ਇਕ ਭਾਰਤੀ ਵਿਦਿਆਰਥੀ ਨੂੰ ਲੱਗੀ ਗੋਲੀ

ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਅੱਜ ਯੁੱਧ ਦਾ 9ਵਾਂ ਦਿਨ ਹੈ।ਰੂਸ ਵੱਲੋਂ ਸਪੱਸ਼ਟ ਤੌਰ 'ਤੇ ਇਹ ਗੱਲ ਪ੍ਰਗਟਾਈ ਜਾ ਰਹੀ ਹੈ ਕਿ ਉਹ ਯੂਕ੍ਰੇਨ ਦੀ ਰਾਜਧਾਨੀ ਕੀਵ 'ਤੇ ਕਬਜ਼ਾ ਕਰਕੇ ਹੀ ਰਹੇਗਾ। ਇਸ ਦੌਰਾਨ ਭਾਰਤ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਰੂਸ ਵੱਲੋਂ ਕੀਤੀ ਭਾਰੀ ਗੋਲੀਬਾਰੀ ਵਿੱਚ ਅੱਜ ਯੂਕ੍ਰੇਨ ਦੀ ਰਾਜਧਾਨੀ ਵਿੱਚ ਗੋਲੀ ਲੱਗਣ ਤੋਂ ਬਾਅਦ ਇੱਕ ਭਾਰਤੀ ਵਿਦਿਆਰਥੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀ ਵਿਦਿਆਰਥੀ ਦਾ ਨਾਮ ਹਰਜੋਤ ਸਿੰਘ ਹੈ।

ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ 'ਤੇ ਰੂਸ ਦਾ ਹਮਲਾ, ਪਲਾਂਟ 'ਚ ਲੱਗੀ ਅੱਗ

ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਦੇ ਬੁਲਾਰੇ ਨੇ ਦੱਸਿਆ ਕਿ ਦੱਖਣੀ ਯੂਕ੍ਰੇਨ ਦੇ ਸ਼ਹਿਰ ਐਨਰਹੋਦਰ ਵਿੱਚ ਰੂਸ ਵੱਲੋਂ ਇਕ ਪਾਵਰ ਪਲਾਂਟ 'ਤੇ ਹਮਲਾ ਕਰਨ ਦੇ ਬਾਅਦ ਅੱਗ ਲੱਗ ਗਈ ਹੈ। ਇੱਕ ਸਰਕਾਰੀ ਅਧਿਕਾਰੀ ਨੇ ਐਸੋਸੀਏਟਿਡ ਪ੍ਰੈਸ (ਏਪੀ) ਨੂੰ ਦੱਸਿਆ ਕਿ ਜ਼ਪੋਰੀਜ਼ੀਆ ਪ੍ਰਮਾਣੂ ਪਲਾਂਟ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਰੇਡੀਏਸ਼ਨ ਦਾ ਪੱਧਰ ਉੱਚਾ ਪਾਇਆ ਗਿਆ ਹੈ।

ਆਸਟਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਦਾ ਦਿਹਾਂਤ

ਆਸਟਰੇਲੀਆ ਦੇ ਸਾਬਕਾ ਸਪਿਨ ਗੇਂਦਬਾਜ਼ ਸ਼ੇਨ ਵਾਰਨ ਦਾ 52 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਵਾਰਨਰ ਦੇ ਪ੍ਰਬੰਧਨ ਨੇ ਇਕ ਬਿਆਨ ਵਿਚ ਪੁਸ਼ਟੀ ਕੀਤੀ ਹੈ ਕਿ ਸ਼ੇਨ ਆਪਣੇ ਘਰ ਵਿਚ ਬੇਹੋਸ਼ ਪਾਏ ਗਏ ਸਨ। ਮੈਡੀਕਲ ਟੀਮਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।

 ਪੰਜਾਬ ਦੇ ਅਧਿਕਾਰਾਂ 'ਤੇ ਕੇਂਦਰ ਦਾ ਇਕ ਹੋਰ ਡਾਕਾ, 'ਵੱਡੇ ਡੈਮਾਂ' ਦੀ ਸੁਰੱਖਿਆ ਲਈ ਲਿਆ ਇਹ ਫ਼ੈਸਲਾ

 ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਪੰਜਾਬ ਨੂੰ ਉਸ ਦੇ ਅਧਿਕਾਰਾਂ ਤੋਂ ਵਾਂਝਾ ਕਰ ਰਹੀ ਹੈ। ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀ. ਬੀ. ਐੱਮ. ਬੀ.) 'ਚ ਪੰਜਾਬ ਦੀ ਮੈਂਬਰੀ ਖ਼ਤਮ ਕਰਨ ਤੋਂ ਬਾਅਦ ਮੋਦੀ ਸਰਕਾਰ ਨੇ ਹੁਣ ਪੰਜਾਬ ਦੇ ਅਧਿਕਾਰਾਂ 'ਤੇ ਇਕ ਹੋਰ ਡਾਕਾ ਮਾਰਿਆ ਹੈ। ਕੇਂਦਰ ਸਰਕਾਰ ਨੇ ਪੰਜਾਬ ਦੇ ਵੱਡੇ ਬੰਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੈਂਟਰਲ ਇੰਡਸਟ੍ਰੀਅਲ ਸਕਿਓਰਿਟੀ ਫੋਰਸ (ਸੀ. ਆਈ. ਐੱਸ. ਐੱਫ.) ਨੂੰ ਸੌਂਪਣ ਦਾ ਫ਼ੈਸਲਾ ਲਿਆ ਹੈ।

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਭਿਆਨਕ ਸੜਕ ਹਾਦਸੇ 'ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ

ਬੀਤੀ ਰਾਤ ਓਂਟਾਰੀੳ ਕੈਨੇਡਾ ਦੀ ਟਾਊਨਸ਼ਿਪ ਹਰਥਰ ਦੇ ਹਾਈਵੇਅ-6 ਨੇੜੇ ਵੈਲਿੰਗਟਨ ਰੋਡ 'ਤੇ ਵੈਨ ਅਤੇ ਟ੍ਰੇਲਰ ਦੀ ਸਿੱਧੀ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿਚ ਵੈਨ ਵਿਚ ਸਵਾਰ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਰਨ ਵਾਲਿਆਂ ਦੀ ਪਛਾਣ ਓਂਟਾਰੀੳ ਦੇ ਮੋਨੋ ਟਾਊਨ ਦੇ ਵਾਸੀ ਗੁਰਿੰਦਰਪਾਲ ਲਿੱਧੜ (31), ਬ੍ਰੈਂਟਫੋਰਡ ਦੇ ਵਾਸੀ ਸੰਨੀ ਖੁਰਾਣਾ (24) ਅਤੇ ਬੈਰੀ ਟਾਊਨ ਦੇ ਵਾਸੀ ਕਿਰਨਪ੍ਰੀਤ ਸਿੰਘ ਗਿੱਲ (22) ਵਜੋਂ ਹੋਈ ਹੈ।

ਯੂਕ੍ਰੇਨ 'ਚ ਫਸੇ 185 ਭਾਰਤੀਆਂ ਨੂੰ ਬੁਖਾਰੈਸਟ ਤੋਂ ਲੈ ਕੇ ਮੁੰਬਈ ਪੁੱਜਿਆ ਵਿਸ਼ੇਸ਼ ਜਹਾਜ਼

ਯੁੱਧ ਪ੍ਰਭਾਵਿਤ ਯੂਕ੍ਰੇਨ 'ਚ ਫਸੇ 185 ਯਾਤਰੀਆਂ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਲੈ ਕੇ ਇਕ ਵਿਸ਼ੇਸ਼ ਜਹਾਜ਼ ਵੀਰਵਾਰ ਦੇਰ ਰਾਤ ਮੁੰਬਈ ਪਹੁੰਚਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕੇਂਦਰੀ ਮੰਤਰੀ ਰਾਵਸਾਹਿਬ ਦਾਨਵੇ ਨੇ 'ਏਅਰ ਇੰਡੀਆ ਐਕਸਪ੍ਰੈੱਸ' ਦੇ ਜਹਾਜ਼ ਤੋਂ ਆਏ ਲੋਕਾਂ ਦਾ ਹਵਾਈ ਅੱਡੇ 'ਤੇ ਸੁਆਗਤ ਕੀਤਾ। ਜਹਾਜ਼ ਵੀਰਵਾਰ ਦੇਰ ਰਾਤ 2 ਵਜੇ ਹਵਾਈ ਅੱਡੇ 'ਤੇ ਪਹੁੰਚਿਆ ਸੀ।

ਬਹੁ-ਚਰਚਿਤ ਈਸੇਵਾਲ ਗੈਂਗਰੇਪ ਮਾਮਲੇ ’ਚ ਅਦਾਲਤ ਦਾ ਵੱਡਾ ਫ਼ੈਸਲਾ, 5 ਦੋਸ਼ੀਆਂ ਨੂੰ ਉਮਰ ਕੈਦ ਦਾ ਐਲਾਨ

ਬਹੁ-ਚਰਚਿਤ ਈਸੇਵਾਲ ਗੈਂਗਰੇਪ ਮਾਮਲੇ ਵਿਚ ਅਦਾਲਤ ਨੇ ਮਿਸਾਲੀ ਫ਼ੈਸਲਾ ਸੁਣਾਉਂਦੇ ਹੋਏ 5 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਅਤੇ ਇਕ ਲੱਖ ਰੁਪਏ ਜ਼ੁਰਮਾਨਾ ਲਗਾਇਆ ਹੈ। ਇਸ ਮਾਮਲੇ ਵਿਚ ਇਕ ਨਾਬਾਲਗ ਮੁਲਜ਼ਮ ਨੂੰ ਅਦਾਲਤ ਨੇ 20 ਸਾਲ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ 9 ਫਰਵਰੀ 2019 ਵਿਚ ਵਾਪਰੇ ਇਸ ਦਿਲ ਦਹਿਲਾਉਣ ਵਾਲੇ ਕਾਂਡ ਵਿਚ ਅਦਾਲਤ ਨੇ ਬੀਤੇ ਦਿਨੀਂ 6 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫ਼ੈਸਲਾ ਰਾਖਵਾਂ ਰੱਖ ਲਿਆ ਸੀ।

ਪੰਜਾਬ ਦੇ ਸਾਬਕਾ DGP ਸੈਣੀ ਦੇ ਮਾਮਲੇ 'ਚ ਸੁਪਰੀਮ ਕੋਰਟ ਸਖ਼ਤ, ਹਾਈਕੋਰਟ ਨੂੰ ਜਾਰੀ ਕੀਤੇ ਇਹ ਨਿਰਦੇਸ਼

ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਮਾਮਲੇ 'ਚ ਸੁਪਰੀਮ ਕਰੋਟ ਸਖ਼ਤ ਹੋ ਗਿਆ ਹੈ। ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਸੁਮੇਧ ਸਿੰਘ ਸੈਣੀ ਦੀ ਪਟੀਸ਼ਨ 'ਤੇ 2 ਹਫ਼ਤਿਆਂ 'ਚ ਫ਼ੈਸਲਾ ਕੀਤਾ ਜਾਵੇ। ਸੁਪਰੀਮ ਕੋਰਟ ਨੇ ਕਿਹਾ ਕਿ ਹਾਈਕੋਰਟ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਸੈਣੀ ਦੇ ਖ਼ਿਲਾਫ਼ ਸਾਰੇ ਲੰਬਿਤ ਅਪਰਾਧਿਕ ਮਾਮਲਿਆਂ ਨੂੰ ਸੀ. ਬੀ. ਆਈ. ਨੂੰ ਟਰਾਂਸਫਰ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ।

 

 

 


Manoj

Content Editor

Related News