22 ਸਾਲ ਬਾਅਦ ਜੰਮੂ-ਕਸ਼ਮੀਰ ''ਚ ਲਾਗੂ ਹੋਵੇਗਾ ਰਾਸ਼ਟਰਪਤੀ ਸ਼ਾਸਨ (ਪੜ੍ਹੋ 19 ਦਸੰਬਰ ਦੀਆਂ ਖਾਸ ਖਬਰਾਂ)

Wednesday, Dec 19, 2018 - 02:20 AM (IST)

22 ਸਾਲ ਬਾਅਦ ਜੰਮੂ-ਕਸ਼ਮੀਰ ''ਚ ਲਾਗੂ ਹੋਵੇਗਾ ਰਾਸ਼ਟਰਪਤੀ ਸ਼ਾਸਨ (ਪੜ੍ਹੋ 19 ਦਸੰਬਰ ਦੀਆਂ ਖਾਸ ਖਬਰਾਂ)

ਜਲੰਧਰ— ਜੰਮੂ-ਕਸ਼ਮੀਰ 'ਚ 6 ਮਹੀਨੇ ਤੱਕ ਰਾਜਪਾਲ ਸ਼ਾਸਨ ਦੇ ਕਾਰਜਕਾਲ ਦੇ ਖਤਮ ਹੋਣ ਤੋਂ ਬਾਅਦ ਸਤਪਾਲ ਮਲਿਕ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ 19 ਦਸੰਬਰ ਤੋਂ ਪ੍ਰਦੇਸ਼ 'ਚ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਜਾਵੇ। ਇਸ ਬਾਰੇ ਰਾਜਪਾਲ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਹੈ ਤੇ ਉਸ ਨੂੰ ਕੈਬਨਿਟ ਦੇ ਸਾਹਮਣੇ ਰੱਖਿਆ ਜਾਵੇਗਾ। ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਪ੍ਰਦੇਸ਼ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੋਟੀਫਿਕੇਸ਼ਨ ਜਾਰੀ ਕਰਨਗੇ।

ਅਗਸਤਾ ਵੈਸਟਲੈਂਡ ਮਾਮਲਾ : ਮਿਸ਼ੇਲ ਦੀ ਹਿਰਾਸਤ ਦੀ ਮੰਗ ਕਰੇਗਾ ਈ.ਡੀ

ਇਨਫੋਰਸਮੈਂਟ ਡਾਇਰੈਕਟੋਰੇਟ ਅੱਜ ਸ਼ਹਿਰ ਦੀ ਇਕ ਅਦਾਲਤ ਸਾਹਮਣੇ ਕ੍ਰਿਸਟਨ ਮਿਸ਼ੇਲ ਦੀ ਹਿਰਾਸਤ ਦੀ ਪਟੀਸ਼ਨ ਦਾਇਰ ਕਰੇਗਾ, ਜਿਸ ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ 3,600 ਕਰੋੜ ਰੁਪਏ ਦੇ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਸੌਦੇ ਦੇ ਮਾਮਲੇ 'ਚ ਸੰਯੁਕਤ ਅਰਬ ਅਮੀਰਾਤ ਤੋਂ ਭਾਰਤ ਹਵਾਲਗੀ ਕੀਤਾ ਗਿਆ ਸੀ। 

ਪੰਚਾਇਤੀ ਚੋਣਾਂ : ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਮਿਤੀ

ਪੰਜਾਬ ਦੀਆਂ 13,276 ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। 17 ਦਸੰਬਰ 2018 ਤੱਕ ਸਰਪੰਚਾਂ ਦੇ ਅਹੁਦਿਆਂ ਲਈ 2494 ਅਤੇ ਪੰਚਾਂ ਦੇ ਅਹੁਦਿਆਂ ਲਈ 5772 ਨਾਮਜ਼ਦਗੀ ਪੱਤਰ ਦਾਖ਼ਲ ਹੋਏ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ 19 ਦਸੰਬਰ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 20 ਦਸੰਬਰ 2018 ਨੂੰ ਹੋਵੇਗੀ, ਜਦੋਂਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 21 ਦਸੰਬਰ ਹੈ। ਇਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕੀਤੇ ਜਾਣਗੇ। ਵੋਟਾਂ 30 ਦਸੰਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਇਸੇ ਦਿਨ ਵੋਟਾਂ ਪੈਣ ਤੋਂ ਬਾਅਦ ਗਿਣਤੀ ਹੋਵੇਗੀ।

ਜੀਸੈੱਟ-7 ਏ ਨੂੰ ਅੱਜ ਦਾਗਿਆ ਜਾਏਗਾ, ਉਲਟੀ ਗਿਣਤੀ ਸ਼ੁਰੂ

ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਵਿਖੇ ਬੁੱਧਵਾਰ ਦਾਗੇ ਜਾਣ ਵਾਲੇ ਭਾਰਤ ਦੇ ਸੰਚਾਰ ਉਪਗ੍ਰਹਿ ਜੀਸੈੱਟ-7 ਏ ਨੂੰ ਦਾਗੇ ਜਾਣ ਲਈ ਮੰਗਲਵਾਰ ਉਲਟੀ ਗਿਣਤੀ ਸ਼ੁਰੂ ਹੋ ਗਈ। ਜੀਸੈੱਟ ਨੂੰ ਬੁੱਧਵਾਰ ਸ਼ਾਮ 4 ਵੱਜ ਕੇ 10 ਮਿੰਟ 'ਤੇ ਦਾਗਿਆ ਜਾਏਗਾ।

ਸੀਲਿੰਗ ਤੇ ਐੱਫ.ਡੀ.ਆਈ. ਖਿਲਾਫ ਵਪਾਰੀਆਂ ਦੀ ਰੈਲੀ

ਰਾਜਧਾਨੀ ਦਿੱਲੀ 'ਚ ਸੀਲਿੰਗ ਰੋਕਣ ਲਈ ਮੌਜੂਦਾ ਸੰਸਦ ਸੈਸ਼ਨ 'ਚ ਸਰਕਾਰ 'ਤੇ ਕਾਨੂੰਨ ਲਿਆਉਣ ਲਈ ਦਬਾਅ ਬਣਾਉਣ ਤੇ ਦੇਸ਼ ਦੇ ਖੁਦਰਾ ਖੇਤਰ 'ਚ ਫਾਰਨ ਡਾਇਰੈਕਟ ਇਨਵੈਸਟਮੈਂਟ (ਐੱਫ.ਡੀ.ਆਈ.) ਦੀ ਆਗਿਆ ਨਾ ਦੇਣ ਦੀ ਮੰਗ ਨੂੰ ਲੈ ਕੇ ਵਪਾਰੀਆਂ ਨੇ 19 ਦਸੰਬਰ ਨੂੰ ਜੰਤਰ-ਮੰਤਰ 'ਤੇ ਰੈਲੀ ਆਯੋਜਿਤ ਕਰਨ ਦਾ ਐਲਾਨ ਕੀਤਾ ਹੈ।

ਖੇਡ

ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ (ਪਹਿਲਾ ਟੈਸਟ, ਪੰਜਵਾਂ ਦਿਨ)
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018
ਫੁੱਟਬਾਲ : ਹੀਰੋ ਆਈ-ਲੀਗ ਫੁੱਟਬਾਲ ਟੂਰਨਾਮੈਂਟ-2018
ਕਬੱਡੀ : ਪ੍ਰੋ ਕਬੱਡੀ ਲੀਗ-2018


author

Inder Prajapati

Content Editor

Related News