ਨਾਗਰਿਕਤਾ ਸੋਧ ਬਿੱਲ 'ਤੇ ਅੱਜ ਰਾਜ ਸਭਾ 'ਚ ਹੋਵੇਗੀ ਚਰਚਾ (ਪੜ੍ਹੋ 11 ਦਸੰਬਰ ਦੀਆਂ ਖਾਸ ਖਬਰਾਂ)
Wednesday, Dec 11, 2019 - 02:21 AM (IST)
ਨਵੀਂ ਦਿੱਲੀ — ਨਾਗਰਿਕਤਾ ਸੋਧ ਬਿੱਲ ਦੇ ਸੋਮਵਾਰ ਨੂੰ ਲੋਕ ਸਭਾ 'ਚ ਪਾਸ ਹੋਣ ਤੋਂ ਬਾਅਦ ਅੱਜ ਇਸ 'ਤੇ ਰਾਜ ਸਭਾ 'ਚ ਚਰਚਾ ਹੋਵੇਗੀ। ਉੱਚ ਸਦਨ 'ਚ ਇਸ ਅਹਿਮ ਬਿੱਲ 'ਤੇ ਚਰਚਾ ਲਈ 6 ਘੰਟੇ ਤਕ ਦਾ ਸਮਾਂ ਦਿੱਤਾ ਗਿਆ ਹੈ। ਬੁੱਧਵਾਰ 2 ਵਜੇ ਤੋਂ ਸ਼ੁਰੂ ਹੋਵੇਗੀ। ਲੋਕ ਸਭਾ 'ਚ ਬਿੱਲ ਦੇ ਪੱਖ 'ਚ 311, ਜਦਕਿ ਵਿਰੋਧ 'ਚ ਸਿਰਫ 80 ਵੋਟ ਪਏ। ਅੱਧੀ ਰਾਤ ਤਕ ਹੋਈ ਚਰਚਾ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਨਾਗਰਿਕਤਾ ਸੋਧ ਬਿੱਲ 'ਤੇ ਉਠੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ।
ਅੱਜ ਇਸਰੋ ਲਾਂਚ ਕਰੇਗਾ ਰਿਸੈਟ-2 ਬੀ.ਆਰ 1 ਸੈਟੇਲਾਈਟ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਰਾਡਾਰ ਇਮੇਜਿੰਗ ਪ੍ਰਿਥਵੀ ਨਿਗਰਾਨੀ ਰਿਸੈਟ-2 ਬੀ.ਆਰ-1 ਦੇ ਲਾਂਚ ਦੀ ਉਲਟੀ ਗਿਣਤੀ ਮੰਗਲਵਾਰ ਨੂੰ ਸ਼ੁਰੂ ਹੋ ਗਈ। ਸੈਟੇਲਾਈਟ ਰਿਸੈਟ-2 ਬੀ.ਆਰ 1 ਦੀ ਲਾਂਚਿੰਗ ਪੀ.ਐੱਸ.ਐੱਲ.ਵੀ.-48 ਯਾਨ ਦੇ ਜ਼ਰੀਏ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਅੱਜ ਦੁਪਹਿਰ 3:25 ਮਿੰਟ 'ਤੇ ਕੀਤਾ ਜਾਵੇਗਾ।
ਗੁਜਰਾਤ ਦੰਗਿਆਂ 'ਤੇ ਨਾਨਵਤੀ-ਮੇਹਤਾ ਦੀ ਅੱਜ ਗੁਜਰਾਤ ਵਿਧਾਨ ਸਭਾ 'ਚ ਹੋਵੇਗੀ ਪੇਸ਼
ਸਾਲ 2002 ਦੇ ਗੁਜਰਾਤ ਦੰਗਿਆਂ ਅਤੇ ਉਸ 'ਤੇ ਕੀਤੀ ਗਈ ਕਾਰਵਾਈ 'ਤੇ ਜੱਜ ਨਾਨਾਵਤੀ-ਮੇਹਤਾ ਕਮਿਸ਼ਨ ਦੀ ਆਖਰੀ ਰਿਪੋਰਟ ਅੱਜ ਵਿਧਾਨ ਸਭਾ 'ਚ ਪੇਸ਼ ਕੀਤੀ ਜਾਵੇਗੀ। ਕਮਿਸ਼ਨ ਦੀ ਰਿਪੋਰਟ ਦਾ ਪਹਿਲਾ ਹਿੱਸਾ 25 ਸਤੰਬਰ, 2009 ਨੂੰ ਵਿਧਾਨ ਸਭਾ 'ਚ ਪੇਸ਼ ਕੀਤਾ ਗਿਆ ਸੀ। ਇਹ ਕਮਿਸ਼ਨ ਗੋਧਰਾ ਟਰੇਨ ਅਗਨੀਕਾਂਡ ਅਤੇ ਬਾਅਦ 'ਚ ਫੈਲੇ ਫਿਰਕੂ ਦੰਗਿਆਂ ਦੇ ਕਾਰਨਾਂ ਦੀ ਜਾਂਚ ਲਈ ਬਣਾਇਆ ਗਿਆ ਸੀ। ਕਮਿਸ਼ਨ ਨੇ 18 ਨਵੰਬਰ 2014 ਨੂੰ ਤਤਕਾਲੀਨ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੂੰ ਆਪਣੀ ਆਖਰੀ ਰਿਪੋਰਟ ਸੌਂਪੀ ਸੀ।
ਐੱਨ.ਆਰ.ਸੀ. ਬਿੱਲ ਖਿਲਾਫ ਅੱਜ ਵਿਰੋਧ ਪ੍ਰਦਰਸ਼ਨ ਕਰੇਗੀ ਕਾਂਗਰਸ
ਕਾਂਗਰਸ ਨੇ ਨਾਗਰਿਕਤਾ ਸੋਧ ਬਿੱਲ ਖਿਲਾਫ ਅੱਜ ਸਾਰੇ ਪ੍ਰਦੇਸ਼ ਮੁੱਖ ਦਫਤਰਾਂ 'ਤੇ ਧਰਨਾ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਨੇ ਪ੍ਰਦੇਸ਼ ਕਮੇਟੀ ਦੇ ਪ੍ਰਧਾਨਾਂ ਅਤੇ ਵਿਧਾਇਕ ਦਲ ਦੇ ਨੇਤਾਵਾਂ ਨੂੰ ਪੱਤਰ ਲਿਖ ਕੇ ਇਸ ਧਰਨਾ ਪ੍ਰਦਰਸ਼ਨ ਬਾਰੇ ਸੂਚਿਤ ਕੀਤਾ ਹੈ। ਵੇਣੁਗੋਪਾਲ ਨੇ ਕਿਹਾ, 'ਅਸੀਂ ਜਨਤਾ ਨੂੰ ਆਪਣੇ ਰਵੱਈਏ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਾਂ ਅਤੇ ਬਿੱਲ ਦਾ ਵਿਰੋਧ ਕਰਨ ਦੇ ਆਪਣੇ ਫੈਸਲੇ ਦੇ ਪੱਖ 'ਚ ਜਨਮਤ ਨੂੰ ਨਾਲ ਲੈਣਾ ਹੈ।'
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਤੀਜਾ ਟੀ-20)
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ-2019
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2019/20
ਕ੍ਰਿਕਟ : ਪਾਕਿਸਤਾਨ ਬਨਾਮ ਸ਼੍ਰੀਲੰਕਾ (ਪਹਿਲਾ ਟੈਸਟ ਮੈਚ, ਪਹਿਲਾ ਦਿਨ)