ਪਨਬੱਸ ਆਗੂਆਂ ਨੂੰ ਗੱਲਬਾਤ ਲਈ ਸੱਦਿਆ ਸੀ ਪਰ ਉਹ ਨਹੀਂ ਆਏ : ਰਜ਼ੀਆ ਸੁਲਤਾਨਾ
Wednesday, Jul 03, 2019 - 01:53 PM (IST)

ਚੰਡੀਗੜ੍ਹ (ਭੁੱਲਰ) : ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਰਾਜ 'ਚ ਪਨਬੱਸ ਕਾਮਿਆਂ ਵਲੋਂ ਸ਼ੁਰੂ ਕੀਤੀ ਗਈ 3 ਦਿਨਾਂ ਹੜਤਾਲ ਸਬੰਧੀ ਕਿਹਾ ਕਿ ਕੰਟ੍ਰੈਕਟ ਕਾਮਿਆਂ ਦੀ ਯੂਨੀਅਨ ਦੇ ਆਗੂਆਂ ਨੂੰ ਮੰਗਾਂ ਸਬੰਧੀ ਗੱਲਬਾਤ ਲਈ ਸੱਦਿਆ ਗਿਆ ਸੀ ਪਰ ਉਹ ਨਹੀਂ ਆਏ। ਉਨ੍ਹਾਂ ਕਿਹਾ ਕਿ ਪਨਬੱਸ ਕਾਮਿਆਂ ਨੂੰ ਆਊਟਸੋਰਸਿੰਗ ਦੇ ਅਧੀਨ ਸਰਕਾਰ ਨੇ ਨਿਯੁਕਤ ਕੀਤਾ ਹੈ ਅਤੇ 10 ਦਿਨ ਪਹਿਲਾਂ ਯੂਨੀਅਨ ਦੇ ਆਗੂ ਮੈਨੂੰ ਮਿਲੇ ਸਨ ਅਤੇ ਆਪਣੀਆਂ ਮੰਗਾਂ ਬਾਰੇ ਦੱਸਿਆ ਸੀ। ਬਾਅਦ 'ਚ ਉਨ੍ਹਾਂ ਸੋਚ-ਵਿਚਾਰ ਕਰ ਕੇ ਦੁਬਾਰਾ ਗੱਲਬਾਤ ਕਰਨ ਲਈ ਵੀ ਕੁਝ ਦਿਨਾਂ ਬਾਅਦ ਆਉਣ ਦੀ ਹਾਮੀ ਭਰੀ ਸੀ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਯੂਨੀਅਨ ਆਗੂਆਂ ਨੂੰਸ਼ਾਮ 6 ਵਜੇ ਗੱਲਬਾਤ ਲਈ ਸੱਦਿਆ ਗਿਆ ਸੀ ਪਰ ਉਹ ਨਹੀਂ ਆਏ ਅਤੇ 3 ਦਿਨ ਦੀ ਹੜਤਾਲ 'ਤੇ ਚਲੇ ਗਏ।
ਉਨ੍ਹਾਂ ਕਿਹਾ ਕਿ ਪਨਬੱਸ ਕਾਮਿਆਂ ਨੇ 2 ਮੁੱਖ ਮੰਗਾਂ ਰੱਖੀਆਂ ਹਨ, ਜਿਨ੍ਹਾਂ 'ਚ ਇਕ ਸੇਵਾਵਾਂ ਰੈਗੂਲਰ ਕਰਵਾਉੁਣ ਦੀ ਹੈ ਅਤੇ ਦੂਜੀ ਹਾਦਸਾ ਹੋਣ 'ਤੇ ਕੋਈ ਕਾਰਵਾਈ ਨਾ ਕਰਨ ਦੀ ਹੈ। ਰਜ਼ੀਆ ਸੁਲਤਾਨਾ ਦਾ ਕਹਿਣਾ ਹੈ ਕਿ ਸਰਕਾਰ ਕਾਮਿਆਂ ਦੀ ਤਨਖਾਹ ਵਧਾਉਣ ਦੀ ਮੰਗ ਲਈ ਤਾਂ ਗੱਲਬਾਤ ਲਈ ਤਿਆਰ ਹੈ ਅਤੇ ਇਸ ਲਈ ਹਮੇਸ਼ਾ ਗੱਲਬਾਤ ਲਈ ਦਰਵਾਜ਼ੇ ਖੁੱਲ੍ਹੇ ਹਨ ਪਰ ਦੂਜੀ ਮੰਗ ਸਵੀਕਾਰ ਨਹੀਂ ਕੀਤੀ ਜਾ ਸਕਦੀ ਅਤੇ ਗਲਤੀ ਕਰਨ ਵਾਲੇ ਨੂੰ ਸਜ਼ਾ ਜ਼ਰੂਰ ਮਿਲੇਗੀ।