ਸਹਿਜਧਾਰੀ ਸਿੱਖਾਂ ਦਾ ਵੋਟ ਪਾਉਣ ਦਾ ਅਧਿਕਾਰ ਬਹਾਲ ਕਰਵਾਉਣ ਲਈ ਬਿੱਟੂ ਨੇ ਪੇਸ਼ ਕੀਤਾ ਬਿੱਲ

07/11/2019 11:12:43 AM

ਜਲੰਧਰ (ਨਰੇਸ਼)— ਸਹਿਜਧਾਰੀ ਸਿੱਖਾਂ ਨੂੰ ਗੁਰਦੁਆਰਾ ਚੋਣਾਂ ਦੌਰਾਨ ਵੋਟ ਦਾ ਅਧਿਕਾਰ ਦਿਵਾਉਣ ਲਈ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ 'ਚ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ 2016 'ਚ ਸਹਿਜਧਾਰੀ ਸਿੱਖਾਂ ਨੂੰ ਵੋਟ ਦੇ ਅਧਿਕਾਰ ਤੋਂ ਦੂਰ ਕਰਨ ਵਾਲੇ ਬਿੱਲ ਨੂੰ ਰਾਜ ਸਭਾ 'ਚ ਕਾਂਗਰਸ ਦੀ ਹੀ ਮਦਦ ਨਾਲ ਐੱਨ. ਡੀ. ਏ. ਸਰਕਾਰ ਪਾਸ ਕਰ ਚੁੱਕੀ ਹੈ ਪਰ ਹੁਣ ਪਾਰਟੀ ਦੇ ਸੰਸਦ ਮੈਂਬਰ ਬਿੱਟੂ ਸਹਿਜਧਾਰੀ ਸਿੱਖਾਂ ਨੂੰ ਵੋਟ ਦਾ ਹੱਕ ਦਿਵਾਉਣ ਲਈ ਬਿੱਲ ਲਿਆਏ ਹਨ।

ਸੁਪਰੀਮ ਕੋਰਟ ਨੇ ਬਿੱਲ ਨੂੰ ਠਹਿਰਾਇਆ ਸੀ ਗੈਰ-ਸੰਵਿਧਾਨਕ
ਪਿਛਲੀ ਐੱਨ. ਡੀ. ਏ. ਸਰਕਾਰ ਦੌਰਾਨ ਗ੍ਰਹਿ ਮੰਤਰਾਲਾ ਵੱਲੋਂ ਸਿੱਖ ਗੁਰਦੁਆਰਾ ਅਮੈਂਡਮੈਂਟ ਬਿੱਲ 2016 ਸੰਸਦ 'ਚ ਪਾਸ ਕੀਤਾ ਗਿਆ ਸੀ। ਇਸ ਬਿੱਲ ਰਾਹੀਂ ਗੈਰ ਅੰਮ੍ਰਿਤਧਾਰੀ ਅਤੇ ਸਹਿਜਧਾਰੀ ਸਿੱਖਾਂ ਨੂੰ ਗੁਰਦੁਆਰਾ ਚੋਣਾਂ ਦੌਰਾਨ ਵੋਟ ਪਾਉਣ ਤੋਂ ਵਾਂਝਾ ਕਰ ਦਿੱਤਾ ਗਿਆ ਸੀ। ਇਹ ਬਿੱਲ 16 ਮਾਰਚ 2016 ਨੂੰ ਰਾਜ ਸਭਾ ਅਤੇ ਫਿਰ 25 ਅਪ੍ਰੈਲ 2016 ਨੂੰ ਲੋਕ ਸਭਾ 'ਚ ਪਾਸ ਕੀਤਾ ਗਿਆ ਸੀ। ਜਿਸ ਵੇਲੇ ਇਹ ਬਿੱਲ ਸੰਸਦ 'ਚ ਪਾਸ ਹੋਇਆ ਉਸ ਦੌਰਾਨ ਸਹਿਜਧਾਰੀ ਸਿੱਖਾਂ ਦੇ ਵੋਟ ਦੇ ਹੱਕ ਨੂੰ ਲੈ ਕੇ ਇਹ ਮਾਮਲਾ ਸੁਪਰੀਮ ਕੋਰਟ 'ਚ ਚੱਲ ਰਿਹਾ ਸੀ। ਇਸ ਲਈ ਅਦਾਲਤ ਕੋਲ ਮਾਮਲਾ ਪੈਂਡਿੰਗ ਦੇ ਬਾਵਜੂਦ ਸੰਸਦ 'ਚ ਬਿੱਲ ਪਾਸ ਹੋਣ ਲਈ ਅਦਾਲਤ ਨੇ ਗੈਰ-ਸੰਵਿਧਾਨ ਕਰਾਰ ਦਿੰਦਿਆਂ ਸਹਿਜਧਾਰੀ ਸਿੱਖ ਫੈਡਰੇਸ਼ਨ ਨੂੰ ਸਪੈਸ਼ਲ ਲਿਬਰਟੀ ਦਿੰਦੇ ਹੋਏ ਬਿੱਲ ਦੀ ਜਾਇਜ਼ਤਾ ਨੂੰ ਅਦਾਲਤ 'ਚ ਚੁਣੌਤੀ ਦੇਣ ਦਾ ਹੱਕ ਦਿੱਤਾ ਸੀ ਅਤੇ ਫੈੱਡਰੇਸ਼ਨ ਨੇ ਇਸ ਮਾਮਲੇ ਨੂੰ ਲੈ ਕੇ ਇਕ ਲੋਕਹਿਤ ਪਟੀਸ਼ਨ 2017 ਨੂੰ ਦਾਇਰ ਕੀਤੀ ਸੀ। ਇਸ ਪਟੀਸ਼ਨ 'ਤੇ ਹੁਣ ਅਗਲੀ ਸੁਣਵਾਈ 16 ਸਤੰਬਰ ਨੂੰ ਹੋਣੀ ਹੈ ਅਤੇ ਇਸੇ ਦਰਮਿਆਨ ਸੰਸਦ 'ਚ ਇਹ ਪ੍ਰਾਈਵੇਟ ਬਿੱਲ ਪਾਸ ਹੋ ਗਿਆ।

ਕਾਂਗਰਸ ਦੀ ਨੀਅਤ ਸਾਫ ਹੁੰਦੀ ਤਾਂ ਬਿੱਲ ਪਾਸ ਨਾ ਹੁੰਦਾ : ਰਾਣੂ
ਇਸੇ ਦੌਰਾਨ ਸਹਿਜਧਾਰੀ ਸਿੱਖ ਫੈੱਡਰੇਸ਼ਨ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂ ਨੇ ਕਿਹਾ ਕਿ 2016 'ਚ ਜਦੋਂ ਕਾਂਗਰਸ ਰਾਜ ਸਭਾ 'ਚ ਇਸ ਬਿੱਲ ਦਾ ਸਮਰਥਨ ਕਰ ਰਹੀ ਸੀ, ਉਸ ਦੌਰਾਨ ਅਸੀਂ ਕਾਂਗਰਸ ਨੂੰ ਬਿੱਲ ਨਾ ਪਾਸ ਕਰਵਾਉਣ ਦੀ ਅਪੀਲ ਕੀਤੀ ਸੀ ਪਰ ਕਾਂਗਰਸ ਉਸ ਦੌਰਾਨ ਅਕਾਲੀ ਦਲ ਨਾਲ ਰਲ ਗਈ ਅਤੇ ਸਾਡਾ ਵੋਟ ਪਾਉਣ ਦਾ ਹੱਕ ਖੋਹਣ ਵਾਲਾ ਬਿੱਲ ਰਾਜ ਸਭਾ 'ਚ ਪਾਸ ਕਰਵਾ ਦਿੱਤਾ। ਜੇਕਰ ਕਾਂਗਰਸ ਦੀ ਇਸ ਮਾਮਲੇ 'ਚ ਨੀਅਤ ਸਾਫ ਹੁੰਦੀ ਤਾਂ ਇਹ ਬਿੱਲ ਪਾਸ ਨਾ ਹੁੰਦਾ ਅਤੇ 70 ਲੱਖ ਸਹਿਜਧਾਰੀ ਸਿੱਖਾਂ ਨੂੰ ਵੋਟ ਤੋਂ ਵਾਂਝੇ ਨਾ ਕੀਤਾ ਜਾਂਦਾ। 2011 ਦੀ ਮਰਦਮਸ਼ੁਮਾਰੀ ਦੇ ਹਿਸਾਬ ਨਾਲ ਪੰਜਾਬ 'ਚ ਲਗਭਗ ਪੌਣੇ 2 ਕਰੋੜ ਸਿੱਖ ਹਨ। ਇਨ੍ਹਾਂ 'ਚੋਂ 55 ਲੱਖ ਸਿੱਖਾਂ ਨੂੰ ਗੁਰਦੁਆਰਾ ਚੋਣਾਂ 'ਚ ਵੋਟ ਪਾਉਣ ਦਾ ਅਧਿਕਾਰ ਹੈ ਜਦਕਿ 50 ਲੱਖ ਸਿੱਖ ਨਬਾਲਗ ਹਨ। ਇਸ ਲਿਹਾਜ ਨਾਲ ਲਗਭਗ 70 ਲੱਖ ਸਹਿਜਧਾਰੀ ਸਿੱਖਾਂ ਨੂੰ ਇਸ ਬਿੱਲ ਰਾਹੀਂ ਵੋਟ ਦੇ ਹੱਕ ਤੋਂ ਵਾਂਝੇ ਕੀਤਾ ਗਿਆ।

ਮੈਂ ਉਦੋਂ ਵੀ ਸੰਸਦ 'ਚ ਕੀਤਾ ਸੀ ਬਿੱਲ ਦਾ ਵਿਰੋਧ : ਬਿੱਟੂ
ਬਿੱਟੂ ਨੇ ਕਿਹਾ ਕਿ ਜਦੋਂ ਇਹ ਬਿੱਲ ਰਾਜ ਸਭਾ 'ਚ ਪਾਸ ਹੋਇਆ, ਉਸ ਦੌਰਾਨ ਵੀ ਮੈਂ ਬਿੱਲ 'ਤੇ ਬਹਿਸ ਦੌਰਾਨ ਸੰਸਦ 'ਚ ਇਸ ਬਿੱਲ ਦਾ ਵਿਰੋਧ ਕੀਤਾ ਸੀ। ਬਤੌਰ ਸਿੱਖ ਸਹਿਜਧਾਰੀ ਸਿੱਖਾਂ ਨੂੰ ਵੋਟ ਦਾ ਅਧਿਕਾਰ ਦਿੱਤੇ ਜਾਣ ਦੇ ਮਾਮਲੇ 'ਚ ਮੇਰੀ ਆਪਣੀ ਸੋਚ ਹੈ ਅਤੇ ਮੈਂ ਅੱਜ ਵੀ ਆਪਣੀ ਸੋਚ 'ਤੇ ਕਾਇਮ ਹਾਂ ਅਤੇ ਇਸੇ ਕਾਰਨ ਮੈਂ ਸਹਿਜਧਾਰੀ ਸਿੱਖਾਂ ਨੂੰ ਵੋਟ ਦਾ ਹੱਕ ਦਿਵਾਉਣ ਲਈ ਇਹ ਬਿੱਲ ਲੈ ਕੇ ਆਇਆ ਹਾਂ। ਤੁਸੀਂ ਉਸ ਸਮੇਂ ਦੀ ਸੰਸਦ ਦੀ ਕਾਰਵਾਈ ਦੇਖ ਸਕਦੇ ਹੋ। ਮੇਰੀ ਉਸ ਦੌਰਾਨ ਵੀ ਇਸ ਮਾਮਲੇ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਤਿੱਖੀ ਨੋਕ-ਝੋਕ ਹੋਈ ਸੀ।


shivani attri

Content Editor

Related News