ਗੁਰੂ ਨਾਨਕ ਵੰਸ਼ਜ਼ ਪਰਿਵਾਰ ਦੀ ਧੀ ਰਵਨੀਤ ਕੌਰ ਬਣੀ ਜੱਜ
Friday, Feb 14, 2020 - 08:46 PM (IST)
ਡੇਰਾ ਬਾਬਾ ਨਾਨਕ,(ਵਤਨ)- ਕਸਬੇ ਦੇ ਗੁਰੂ ਨਾਨਕ ਵੰਸ਼ਜ਼ ਪਰਿਵਾਰ ਨਾਲ ਸਬੰਧਤ ਬਾਬਾ ਸੁਖਦੀਪ ਸਿੰਘ ਬੇਦੀ ਅਮੀਸ਼ਾਹੀਆ ਦੀ ਧੀ ਰਵਨੀਤ ਕੌਰ ਦੇ ਪੀ. ਸੀ. ਐੱਸ. (ਜੂਡੀਸ਼ੀਅਲ ਬਰਾਂਚ) ਪਾਸ ਕਰ ਕੇ ਜੱਜ ਬਣਨ ਨਾਲ ਜਿੱਥੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਉੱਥੇ ਇਸ ਸਰਹੱਦੀ ਖੇਤਰ 'ਚੋਂ ਪਹਿਲੀ ਜੱਜ ਬਣ ਕੇ ਰਵਨੀਤ ਕੌਰ ਨੇ ਇਸ ਇਲਾਕੇ ਦਾ ਨਾਂ ਰੌਸ਼ਨ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵਨੀਤ ਕੌਰ ਦੇ ਪਿਤਾ ਬਾਬਾ ਸੁਖਦੀਪ ਸਿੰਘ ਬੇਦੀ ਨੇ ਦੱਸਿਆ ਕਿ ਰਵਨੀਤ ਕੌਰ (ਗੋਲਡ ਮੈਡਲਿਸਟ) ਨੇ ਐੱਲ. ਐੱਲ. ਬੀ. ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਟੀ ਆਫ ਲਾਅ ਪਟਿਆਲਾ ਤੋਂ ਪਾਸ ਕੀਤੀ। ਰਵਨੀਤ ਕੌਰ ਪਹਿਲੀ ਵਾਰ ਇਸ ਪ੍ਰੀਖਿਆ ਵਿਚ ਅਸਫਲ ਰਹੀ ਪਰ ਰਵਨੀਤ ਨੇ ਘਰ ਵਾਲਿਆਂ ਦੀ ਹੌਸਲਾ ਅਫਜ਼ਾਈ ਮਿਲਣ ਨਾਲ ਹੋਰ ਮਿਹਨਤ ਕਰਦਿਆਂ ਇਸ ਵਾਰ ਪੰਜਾਬ ਸਿਵਲ ਸਰਵਿਸਿਜ਼ ਜੂਡੀਸ਼ੀਅਲ ਵਿਚ ਪੰਜਾਬ ਵਿਚੋਂ ਚੌਥਾ ਸਥਾਨ ਹਾਸਲ ਕਰ ਕੇ ਇਸ ਪ੍ਰੀਖਿਆ ਨੂੰ ਪਾਸ ਕਰ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਵਨੀਤ ਕੌਰ ਸ਼ੁਰੂ ਤੋਂ ਪੜ੍ਹਾਈ ਵਿਚ ਸਿਖਰਲੇ ਸਥਾਨ 'ਤੇ ਰਹੀ ਅਤੇ ਆਪਣੀ ਲਗਨ ਅਤੇ ਮਿਹਨਤ ਨਾਲ ਅੱਜ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਇਸ ਸਮੇਂ ਅਸ਼ੋਕ ਧਾਰੋਵਾਲੀ ਪ੍ਰਧਾਨ ਆੜ੍ਹਤੀ ਯੂਨੀਅਨ, ਐੱਸ. ਪੀ. ਸਿੰਘ ਰੰਧਾਵਾ, ਐੱਸ. ਡੀ. ਓ. ਬਿਜਲੀ ਬੋਰਡ, ਐਡ. ਪ੍ਰਮੀਤ ਸਿੰਘ ਬੇਦੀ ਪ੍ਰਧਾਨ ਨਗਰ ਕੌਂਸਲ, ਅਮਿਤ ਮਹਾਜਨ, ਅਮਰਜੀਤ ਸਿੰਘ ਬੇਦੀ, ਲਵਲੀ ਸ਼ਰਮਾ ਆਦਿ ਨੇ ਮੌਕੇ 'ਤੇ ਬਾਬਾ ਸੁਖਦੀਪ ਸਿੰਘ ਬੇਦੀ ਨੂੰ ਵਧਾਈ ਦਿੱਤੀ। ਇਸ ਮੌਕੇ ਰਵਨੀਤ ਕੌਰ ਦੇ ਜੱਜ ਬਣਨ 'ਤੇ ਖੁਸ਼ੀ ਵਿਚ ਲੱਡੂ ਵੀ ਵੰਡੇ ਗਏ।