ਰਵਨੀਤ ਬਿੱਟੂ ਨੇ ਸਿਆਸੀ ਆਗੂਆਂ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ

Friday, Apr 24, 2020 - 05:25 PM (IST)

ਰਵਨੀਤ ਬਿੱਟੂ ਨੇ ਸਿਆਸੀ ਆਗੂਆਂ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ

ਮਾਛੀਵਾੜਾ ਸਾਹਿਬ (ਟੱਕਰ) : ਲੁਧਿਆਣਾ ਤੋਂ ਐਮ. ਪੀ. ਰਵਨੀਤ ਸਿੰਘ ਬਿੱਟੂ ਨੇ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਦੌਰਾਨ ਕੁਝ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਜੋ ਇੱਕ-ਦੂਜੇ ਉਪਰ ਜ਼ਹਿਰ ਉਗਲ ਰਹੇ ਹਨ, ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਔਖੀ ਘੜੀ 'ਚ ਲੋਕ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ ਨਾ ਕਿ ਕਿਸੇ ਉਪਰ ਦੂਸ਼ਣਬਾਜ਼ੀ ਕੱਢਣੀ ਚਾਹੀਦੀ ਹੈ।

ਹਰੇਕ ਨਾਗਰਿਕ ਮੁਸ਼ਕਲ ਦੌਰ 'ਚੋਂ ਲੰਘ ਰਿਹਾ
ਰਵਨੀਤ ਸਿੰਘ ਬਿੱਟੂ ਨੇ ਇੱਕ ਵੀਡਿਓ ਜਾਰੀ ਕਰਦਿਆਂ ਕਿਹਾ ਕਿ ਅੱਜ ਕੋਰੋਨਾ ਵਾਇਰਸ ਕਾਰਨ ਦੇਸ਼ ਦਾ ਹਰੇਕ ਨਾਗਰਿਕ ਬੜੇ ਮੁਸ਼ਕਲ ਦੌਰ 'ਚੋਂ ਲੰਘ ਰਿਹਾ ਹੈ ਕਿਉਂਕਿ ਇਸ ਨਾਲ ਜਿੱਥੇ ਵਪਾਰੀਆਂ ਦਾ ਵਪਾਰ ਠੱਪ ਹੋ ਗਿਆ ਹੈ, ਉਥੇ ਗਰੀਬ ਲੋਕ ਰੋਜ਼ੀ-ਰੋਟੀ ਤੋਂ ਮੁਹਤਾਜ਼ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ, ਸਿਆਸੀ ਪਾਰਟੀਆਂ ਅਤੇ ਇਸ ਦੇ ਆਗੂ ਲੋਕਾਂ ਦੀ ਮਦਦ ਕਰ ਰਹੇ ਹਨ ਤਾਂ ਉਹ ਕੋਈ ਕਿਸੇ ਉਪਰ ਅਹਿਸਾਨ ਨਹੀਂ ਕਰ ਰਹੇ ਹਨ ਸਗੋਂ ਇਹ ਸਾਡਾ ਸਭ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਲੋਕ ਤਾਂ ਪਹਿਲਾਂ ਹੀ ਸਿਆਸੀ ਆਗੂਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ। ਜੇਕਰ ਇਸ ਮਹਾਮਾਰੀ ਦੌਰਾਨ ਸਿਆਸੀ ਆਗੂ ਹੀ ਇੱਕ-ਦੂਜੇ ਉਪਰ ਦੂਸ਼ਣਬਾਜ਼ੀ ਕਰਨ ਲੱਗ ਪਏ ਤਾਂ ਭਵਿੱਖ 'ਚ ਕੌਣ ਵਿਸ਼ਵਾਸ ਕਰੇਗਾ।

ਇਹ ਵੀ ਪੜ੍ਹੋ ► ਕੋਰੋਨਾ ਦੇ ਖੌਫ 'ਚ 'ਰਾਮ ਰਹੀਮ' ਦੀ ਰਿਹਾਈ!, ਜੱਥੇਦਾਰ ਨੇ ਦਿੱਤਾ ਵੱਡਾ ਬਿਆਨ 

ਔਖੇ ਸਮੇਂ 'ਚ ਨਾ ਕੀਤੀ ਜਾਵੇ ਸਿਆਸਤ
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਔਖੇ ਸਮੇਂ 'ਚ ਵੀ ਸਾਨੂੰ ਅਜਿਹੀ ਕੋਝੀ ਸਿਆਸਤ ਨਹੀਂ ਕਰਨੀ ਚਾਹੀਦੀ ਸਗੋਂ ਜੇਕਰ ਕੋਈ ਸਿਆਸੀ ਪਾਰਟੀ ਦੇ ਆਗੂ ਗਰੀਬ ਲੋਕਾਂ ਦੀ ਭਲਾਈ ਲਈ ਕੰਮ ਕਰਦਾ ਹੈ ਤਾਂ ਸਾਨੂੰ ਉਸ ਨੂੰ ਭੰਡਣ ਦੀ ਬਜਾਏ ਉਸ ਨਾਲੋਂ ਵੱਧ ਕੰਮ ਕਰਕੇ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਜੇਕਰ ਪੰਜਾਬ ਦੀ ਕਾਂਗਰਸ ਸਰਕਾਰ 5 ਲੱਖ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਂਦੀ ਹੈ ਤਾਂ ਵਿਰੋਧੀ ਸਿਆਸੀ ਪਾਰਟੀ ਅਕਾਲੀ ਦਲ ਨੂੰ ਜਿਨ੍ਹਾਂ ਦੀ ਕੇਂਦਰ 'ਚ ਸਾਂਝ ਹੈ, ਉਹ ਸੂਬੇ ਦੇ 6 ਲੱਖ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਏ।

ਸਿਆਸੀ ਪਾਰਟੀਆ ਦੇ ਆਗੂ ਇੱਕ-ਦੂਜੇ ਖਿਲਾਫ਼ ਉਗਲ ਰਹੇ ਨੇ ਜ਼ਹਿਰ
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਵਿਸ਼ਾਲ ਬਜਟ ਹੈ, ਉਹ ਲੋਕ ਸੇਵਾ ਲਈ ਆਪਣੇ ਉਪਰਾਲੇ ਕਰਕੇ ਦੱਸਣ ਤਾਂ ਹੀ ਤਾਂ ਇਸ ਮੁਸ਼ਕਲ ਘੜੀ 'ਚ ਲੋਕਾਂ ਲਈ ਆਪਣਾ ਸਹੀ ਫ਼ਰਜ਼ ਨਿਭਾ ਸਕਾਂਗੇ। ਬਿੱਟੂ ਨੇ ਕਿਹਾ ਕਿ ਅੱਜ ਹਾਲਾਤ ਇਹ ਹੋ ਗਏ ਹਨ ਕਿ ਕੁਝ ਸਿਆਸੀ ਪਾਰਟੀਆ ਦੇ ਆਗੂ ਆਪਣੇ ਚੈਨਲਾਂ 'ਤੇ   ਸਜ-ਸੰਵਰ ਕੇ ਬੈਠ ਜਾਂਦੇ ਹਨ ਅਤੇ ਇੱਕ-ਦੂਜੇ ਖਿਲਾਫ਼ ਜ਼ਹਿਰ ਉਗਲਣਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਤੋਂ ਕੋਰੋਨਾ ਵਾਇਰਸ ਰਾਹਤ ਲਈ ਕਰੋੜਾਂ ਰੁਪਏ ਦਾ ਫੰਡ ਲਿਆਂਦਾ ਜਾਵੇ ਤਾਂ ਲੋਕ ਆਪ ਹੀ ਪ੍ਰਸ਼ੰਸਾ ਕਰਨਗੇ। ਜਿੱਥੇ ਅੱਜ ਦੇਸ਼ 'ਚ ਹਜ਼ਾਰਾਂ ਲੋਕ ਬੀਮਾਰੀ ਨਾਲ ਜੂਝ ਰਹੇ ਹਨ ਤੇ ਕਰੋੜਾਂ ਲੋਕ ਖੌਫ਼ 'ਚ ਜੀਅ ਰਹੇ ਹਨ ਤਾਂ ਇਸ ਦੌਰਾਨ ਵੀ ਸਿਆਸੀ ਆਗੂ ਟੀ. ਵੀ. ਚੈਨਲਾਂ 'ਤੇ ਦਮਗਜ਼ੇ ਮਾਰ ਰਹੇ ਹਨ ਕਿ ਜੋ ਕੁਝ ਕਰ ਰਹੇ ਹਾਂ ਅਸੀਂ ਹੀ ਕਰ ਰਹੇ ਹਾਂ।

ਇਹ ਵੀ ਪੜ੍ਹੋ ► ਅਣਪਛਾਤੇ ਨੇ ਖੁਦ ਨੂੰ ਕੋਰੋਨਾ ਪਾਜ਼ੇਟਿਵ ਹੋਣ ਦਾ ਲਗਾਇਆ ਪੋਸਟਰ, ਪਿੰਡ 'ਚ ਫੈਲੀ ਦਹਿਸ਼ਤ 

 

 

ਸਾਰੀਆਂ ਸਿਆਸੀ ਪਾਰਟੀਆਂ ਸਾਥ ਦੇਣ
ਉਨ੍ਹਾਂ ਕਿਹਾ ਕਿ ਚਾਹੇ ਕੇਂਦਰ ਹੋਵੇ ਜਾਂ ਪੰਜਾਬ ਸਰਕਾਰ ਹੋਵੇ, ਉਹ ਲੋਕਾਂ ਵਲੋਂ ਹੀ ਬਣਾਈ ਗਈ ਹੈ। ਬਿੱਟੂ ਨੇ ਕਿਹਾ ਕਿ ਇਕੋਂ ਪਰਿਵਾਰ ਦੇ 2-3 ਆਗੂ ਹਨ ਜੋ ਇਸ ਮਹਾਮਾਰੀ ਖਿਲਾਫ ਇਕਜੁੱਟ ਹੋ ਕੇ ਸਾਥ ਦੇਣ ਦੀ ਬਜਾਏ ਦੁਸ਼ਮਣ ਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਇਕ-ਦੂਜੇ ਨੂੰ ਭੰਡਣ ਦੀ ਬਜਾਏ ਸਾਥ ਦੇ ਕੇ ਇਸ ਮਹਾਮਾਰੀ ਖਿਲਾਫ ਲੜਣ।


author

Anuradha

Content Editor

Related News