ਰਵਨੀਤ ਬਿੱਟੂ ਦੇ ਭਾਜਪਾ 'ਚ ਸ਼ਾਮਲ ਹੋਣ ਦੀ ਖ਼ਬਰ ਸੁਣ ਹੈਰਾਨ ਰਹਿ ਗਏ ਕਾਂਗਰਸੀ, ਚੰਡੀਗੜ੍ਹ ਤੋਂ ਲੜ ਸਕਦੇ ਨੇ ਚੋਣ
Wednesday, Mar 27, 2024 - 01:27 AM (IST)
ਲੁਧਿਆਣਾ (ਰਿੰਕੂ)- ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਐੱਮ.ਪੀ. ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵਿਚ ਸ਼ਾਮਲ ਹੋਣ ਦਾ ਕਾਰਨ ਇਸ ਵਾਰ ਲੁਧਿਆਣਾ ਤੋਂ ਉਨ੍ਹਾਂ ਨੂੰ ਟਿਕਟ ਨਾ ਮਿਲਣ ਨੂੰ ਵੀ ਦੱਸਿਆ ਜਾ ਰਿਹਾ ਹੈ। ਲੁਧਿਆਣਾ ਲੋਕ ਸਭਾ ਦੇ 9 ਹਲਕਿਆਂ ਵਿਚ ਇਕ ਵੀ ਵਿਧਾਇਕ ਕਾਂਗਰਸ ਪਾਰਟੀ ਦਾ ਨਾ ਹੋਣ ਕਾਰਨ ਬਿੱਟੂ ਦਾ ਇਸ ਵਾਰ ਚੋਣ ਲੜਨਾ ਆਸਾਨ ਨਜ਼ਰ ਨਹੀਂ ਆ ਰਿਹਾ ਸੀ ਅਤੇ ਪਾਰਟੀ ਹਾਈਕਮਾਨ ਵੱਲੋਂ ਵੀ ਬਿੱਟੂ ਨੂੰ ਕਿਸੇ ਹੋਰ ਜਗ੍ਹਾ ਤੋਂ ਚੋਣ ਲੜਵਾਉਣ ਦੀ ਚਰਚਾ ਦਾ ਬਾਜ਼ਾਰ ਕਾਫੀ ਸਮੇਂ ਤੋਂ ਗਰਮ ਚੱਲ ਰਿਹਾ ਸੀ।
ਲੁਧਿਆਣਾ ਤੋਂ ਮਨੀਸ਼ ਤਿਵਾੜੀ ਦੇ ਚੋਣ ਲੜਨ ਦੀਆਂ ਖ਼ਬਰਾਂ ਦਾ ਸਿਲਸਿਲਾ ਵੀ ਤੇਜ਼ੀ ਨਾਲ ਫੈਲਦਾ ਜਾ ਰਿਹਾ ਸੀ। ਇਸ ਦੌਰਾਨ ਮੰਗਲਵਾਰ ਨੂੰ ਇਕਦਮ ਬਿੱਟੂ ਦੇ ਭਾਜਪਾ ਵਿਚ ਸ਼ਾਮਲ ਹੋਣ ਦੀ ਖ਼ਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਲੁਧਿਆਣਾ ਦੇ ਕਾਂਗਰਸੀ ਹੈਰਾਨ ਹੋ ਗਏ ਕਿ ਜਿਸ ਨੂੰ ਕਾਂਗਰਸ ਪਾਰਟੀ ਨੇ 3 ਵਾਰ ਐੱਮ.ਪੀ. ਬਣਾ ਕੇ ਲੋਕ ਸਭਾ ਵਿਚ ਭੇਜਿਆ ਹੋਵੇ, ਉਹ ਹੀ ਅਜਿਹਾ ਫੈਸਲਾ ਕਰ ਜਾਵੇ ਤਾਂ ਲੋਕਾਂ ਦਾ ਵੀ ਸਿਆਸਤ ਤੋਂ ਭਰੋਸਾ ਉੱਠ ਜਾਵੇਗਾ। ਨਾਲ ਹੀ ਬਿੱਟੂ ਸਬੰਧੀ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਭਾਜਪਾ ਵਿਚ ਸ਼ਾਮਲ ਹੋਣ ਕਾਰਨ ਉਨ੍ਹਾਂ ਵੱਲੋਂ ਇਸ ਵਾਰ ਲੋਕ ਸਭਾ ਚੋਣਾਂ ਚੰਡੀਗੜ੍ਹ ਤੋਂ ਲੜਨ ਦੀ ਹੈ ਜਿਸ ਦੀ ਚਰਚਾ ਸਿਆਸੀ ਗਲਿਆਰਿਆਂ ਵਿਚ ਖੂਬ ਚੱਲ ਰਹੀ ਹੈ।
ਇਹ ਵੀ ਪੜ੍ਹੋ- ਹੋਲੀ ਵਾਲੇ ਦਿਨ ਮਾਲਕ ਨੇ ਛੁੱਟੀ ਦੇਣ ਤੋਂ ਕੀਤਾ ਇਨਕਾਰ, ਗੁੱਸੇ 'ਚ ਆਏ ਨੌਜਵਾਨ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ (ਵੀਡੀਓ
ਬਿੱਟੂ ਨੇ ਭਾਜਪਾ ਵਿਚ ਸ਼ਾਮਲ ਹੋ ਕੇ ਸਵ. ਬੇਅੰਤ ਸਿੰਘ ਦੀ ਆਤਮਾ ਨੂੰ ਠੇਸ ਪਹੁੰਚਾਈ : ਕੇ.ਕੇ.ਬਾਵਾ
ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਕੇ.ਕੇ.ਬਾਵਾ ਨੇ ਕਿਹਾ ਕਿ ਲੁਧਿਆਣਾ ਦੇ ਮੌਜੂਦਾ ਐੱਮ.ਵੀ. ਰਵਨੀਤ ਸਿੰਘ ਬਿੱਟੂ ਨੇ ਅੱਜ ਭਾਜਪਾ ਵਿਚ ਸ਼ਾਮਲ ਹੋ ਕੇ ਆਪਣੇ ਦਾਦਾ ਵਿਛੜੇ ਮੁੱਖ ਮੰਤਰੀ ਸਵ.ਬੇਅੰਤ ਸਿੰਘ ਦੀ ਆਤਮਾ ਨੂੰ ਠੇਸ ਪਹੁੰਚਾਈ ਹੈ। ਬਿੱਟੂ ਨੂੰ ਜਿਸ ਮਾਂ ਪਾਰਟੀ ਕਾਂਗਰਸ ਨੇ ਚੱਲਣਾ ਸਿਖਾਇਆ ਅਤੇ 3 ਵਾਰ ਐੱਮ.ਪੀ. ਬਣਨ ਦਾ ਮੌਕਾ ਦਿੱਤਾ, ਅੱਜ ਉਸੇ ਨੂੰ ਛੱਡ ਕੇ ਆਪਣੇ ਸਿਆਸੀ ਫਾਇਦੇ ਲਈ ਧੋਖਾ ਦਿੱਤਾ ਹੈ ਜਿਸ ਦਾ ਜਵਾਬ ਜਨਤਾ ਜ਼ਰੂਰ ਦੇਵੇਗੀ।
ਸਵ.ਬੇਅੰਤ ਸਿੰਘ ਦਾ ਪੋਤਾ ਹੋਣ ਕਾਰਨ ਹੀ ਬਿੱਟੂ ਨੂੰ ਕਾਂਗਰਸ ਪਾਰਟੀ ਨੇ ਇੰਨਾ ਮਾਨ ਸਨਮਾਨ ਦਿੱਤਾ ਸੀ। ਬਾਵਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ 45 ਸਾਲ ਕਾਂਗਰਸ ਪਾਰਟੀ ਨੂੰ ਦਿੱਤੇ ਹਨ ਅਤੇ ਅੱਤਵਾਦ ਦੇ ਕਾਲੇ ਦੌਰ ਵਿਚ ਸਰੀਰ 'ਤੇ ਗੋਲ਼ੀਆਂ ਵੀ ਖਾਧੀਆਂ। ਜੇਕਰ ਹਾਈਕਮਾਨ ਉਨ੍ਹਾਂ ਨੂੰ ਮੌਕਾ ਦਿੰਦੀ ਹੈ ਤਾਂ ਉਹ ਲੁਧਿਆਣਾ ਲੋਕ ਸਭਾ ਤੋਂ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਇਹ ਵੀ ਪੜ੍ਹੋ- ਕਾਂਗਰਸ ਦਾ 'ਹੱਥ' ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਰਵਨੀਤ ਬਿੱਟੂ ਦਾ ਪਹਿਲਾ ਬਿਆਨ ਆਇਆ ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e