ਮੰਤਰੀ ਬਣਨ ਮਗਰੋਂ ਰਵਨੀਤ ਬਿੱਟੂ ਨੇ ਪੰਜਾਬ ਦੇ ਮੁੱਦਿਆਂ ਬਾਰੇ ਦੱਸੀ ਸਾਰੀ ਪਲਾਨਿੰਗ, ਨਾਲ ਹੀ ਕਹਿ ਦਿੱਤੀ ਵੱਡੀ ਗੱਲ

06/11/2024 9:07:45 AM

ਲੁਧਿਆਣਾ (ਗੁਪਤਾ)- ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਜਿਹੜਾ ਵਿਅਕਤੀ ਪੰਜਾਬ ਲਈ ਘਾਤਕ ਹੈ, ਉਸ ਨੂੰ ਕਿਸੇ ਕੀਮਤ ’ਤੇ ਮੁਆਫ ਨਹੀਂ ਕੀਤਾ ਜਾਵੇਗਾ। ਪੰਜਾਬ ਦੇ ਬਹੁਤੇ ਵਿਭਾਗਾਂ ’ਚ ਘਪਲੇ ਹੋਏ ਹਨ, ਉਨ੍ਹਾਂ ਸਾਰਿਆਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਭ੍ਰਿਸ਼ਟਾਚਾਰੀ ਨੇਤਾਵਾਂ ਨੂੰ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇਗਾ। ਪੰਜਾਬ ’ਚ ਗੈਂਗਸਟਰਾਂ ਅਤੇ ਸਿਆਸਤਦਾਨਾਂ ਦੇ ਗੱਠਜੋੜ ਨੂੰ ਵੀ ਤੋੜਿਆ ਜਾਵੇਗਾ, ਤਾਂ ਕਿ ਪੰਜਾਬ ਖੁਸ਼ਹਾਲੀ ਵੱਲ ਵਧ ਸਕੇ। ਬਿੱਟੂ ਨੇ ਇਕ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਇਹ ਗੱਲਾਂ ਕਹੀਆਂ।

ਇਹ ਖ਼ਬਰ ਵੀ ਪੜ੍ਹੋ - Sidhu Moosewala Birthday: ਇੰਝ ਮਨਾਇਆ ਜਾਵੇਗਾ ਸਿੱਧੂ ਦਾ ਜਨਮ ਦਿਨ, ਬਾਪੂ ਬਲਕੌਰ ਸਿੰਘ ਨੇ ਦਿੱਤੀ ਜਾਣਕਾਰੀ

ਬਿੱਟੂ ਨੇ ਕਿਹਾ ਕਿ 14ਵੇਂ ਅਤੇ 15ਵੇਂ ਵਿੱਤ ਕਮਿਸ਼ਨ ਦੇ ਨਾਲ-ਨਾਲ, ਮਨਰੇਗਾ ਵਿਚ ਹੋਏ ਘਪਲਿਆਂ ਨੂੰ ਵੀ ਉਜਾਗਰ ਕਰਾਂਗਾ। ਭ੍ਰਿਸ਼ਟਾਚਾਰੀ ਨੇਤਾਵਾਂ ਦੇ ਕੋਲ ਕਰੋੜਾਂ ਦੀਆਂ ਗੱਡੀਆਂ ਅਤੇ ਕੋਠੀਆਂ ਕਿੱਥੋਂ ਆਈਆਂ, ਉਨ੍ਹਾਂ ਦੀ ਵੀ ਈ. ਡੀ. ਤੋਂ ਜਾਂਚ ਕਰਵਾਈ ਜਾਵੇਗੀ। ਬਿੱਟੂ ਨੇ ਕਿਹਾ ਕਿ ਅਕਾਲੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਇਨ੍ਹਾਂ ਘਪਲੇਬਾਜ਼ਾਂ ਨੂੰ ਮੁਆਫ ਕਰਦੀਆਂ ਆਈਆਂ ਹਨ ਪਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਜਿਹਾ ਨਹੀਂ ਕਰੇਗੀ ਅਤੇ ਇਨ੍ਹਾਂ ’ਤੇ ਨਕੇਲ ਕੱਸੀ ਜਾਵੇਗੀ।

ਇਕ ਸਵਾਲ ਦੇ ਜਵਾਬ ’ਚ ਬਿੱਟੂ ਨੇ ਕਿਹਾ ਕਿ ਮੈਂ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਦਾ ਕੰਮ ਕਰਾਂਗਾ। ਪੰਜਾਬ ਨੂੰ ਤੱਤੀ ਹਵਾ ਨਹੀਂ ਲੱਗਣ ਦੇਵਾਂਗਾ। ਲੰਬੇ ਸਮੇਂ ਤੋਂ ਲਟਕ ਰਹੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਵੀ ਯਤਨ ਕਰਾਂਗਾ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਮਨ ’ਚ ਪੰਜਾਬ, ਪੰਜਾਬੀਅਤ ਅਤੇ ਸਿੱਖ ਸਮਾਜ ਲਈ ਸਤਿਕਾਰ ਹੈ। ਬਿੱਟੂ ਨੇ ਕਿਹਾ ਕਿ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਲਈ ਉਨ੍ਹਾਂ ਨੇ ਲੰਬਾ ਸੰਘਰਸ਼ ਕੀਤਾ ਹੈ। ਕੁਝ ਮਹੀਨਿਆਂ ’ਚ ਹੀ ਪੰਜਾਬ ਦੇ ਇਤਿਹਾਸਕ ਵਰਕਰਾਂ, ਬੁੱਧੀਜੀਵੀਆਂ ਨੂੰ ਨਾਲ ਲੈ ਕੇ ਇਨ੍ਹਾਂ ਮਸਲਿਆਂ ਦਾ ਹੱਲ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਮਸਲੇ ਤਾਂ ਕੇਂਦਰੀ ਮੰਤਰੀਆਂ ਨੇ ਖੁਦ ਪੰਜਾਬ ਪੁੱਜ ਕੇ ਸ਼ਹਿਰੀਆਂ ਤੋਂ ਸੁਣ ਲਏ ਹਨ, ਜਿਨ੍ਹਾਂ ਦਾ ਹੱਲ ਹੋਵੇਗਾ ਪਰ ਕਿਸਾਨ ਪਹਿਲਾਂ ਹਨ, ਉਨ੍ਹਾਂ ਲਈ ਆਪ, ਕਾਂਗਰਸ ਅਤੇ ਅਕਾਲੀ ਦਲ ਨੇ ਕੁਝ ਨਹੀਂ ਕੀਤਾ, ਸਿਰਫ ਬਿਆਨਬਾਜ਼ੀ ਅਤੇ ਰਾਜਨੀਤੀ ਕੀਤੀ ਹੈ। ਪੰਜਾਬ ਦਾ ਆਰ. ਡੀ. ਐੱਫ. ਦਾ ਪੈਸਾ ਵੀ ਪੰਜਾਬ ਦੀ ਅਫਸਰਸ਼ਾਹੀ ਤੋਂ ਗਲਤੀ ਸੁਧਾਰ ਕੇ ਦਿਵਾਇਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਸਿਰਫਿਰੇ ਆਸ਼ਿਕ ਦਾ ਕਾਰਾ! ਪਹਿਲਾਂ ਔਰਤ ਨੂੰ ਉਤਾਰਿਆ ਮੌਤ ਦੇ ਘਾਟ ਤੇ ਫ਼ਿਰ...

ਬਿੱਟੂ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਦੀ ਚੋਣ ਕਰਵਾਉਣ ਲਈ ਅਕਾਲੀ ਦਲ ਬਾਦਲ ਨੂੰ ਖੁਦ ਸਾਹਮਣੇ ਆਉਣਾ ਚਾਹੀਦਾ ਹੈ, ਤਾਂ ਕਿ ਲੋਕਤੰਤਰੀ ਪ੍ਰਕਿਰਿਆ ਰਾਹੀਂ ਚੋਣ ਹੋਵੇ। ਇਸ ਸਬੰਧੀ ਮੁਸ਼ਕਲਾਂ ਦੂਰ ਹੋਣੀਆਂ ਚਾਹੀਦੀਆਂ ਹਨ। ਬਿੱਟੂ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਮੇਤ ਦੇਸ਼ ਵਿਚ ਕਾਂਗਰਸ ਲੀਰੋ-ਲੀਰ ਹੋ ਜਾਵੇਗੀ ਕਿਉਂਕਿ ਕਾਂਗਰਸ ਦੀ ਰਾਜਨੀਤੀ ਝੂਠ ’ਤੇ ਆਧਾਰਿਤ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News