ਰਵਨੀਤ ਬਿੱਟੂ ਵਲੋਂ ਬੱਚਿਆਂ ਨੂੰ ਪੁਰਾਣੀ ਵਿਰਾਸਤ ਨਾਲ ਜੁੜਨ ਦੀ ਅਪੀਲ

Saturday, Aug 25, 2018 - 03:26 PM (IST)

ਰਵਨੀਤ ਬਿੱਟੂ ਵਲੋਂ ਬੱਚਿਆਂ ਨੂੰ ਪੁਰਾਣੀ ਵਿਰਾਸਤ ਨਾਲ ਜੁੜਨ ਦੀ ਅਪੀਲ

ਲੁਧਿਆਣਾ (ਹਿਤੇਸ਼) : ਨਗਰ-ਨਿਗਮ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਸਥਾਨਕ ਨਹਿਰੂ ਰੋਜ਼ ਗਾਰਡਨ ਵਿਖੇ 'ਮੇਲੇ ਤੀਆਂ ਦੇ' ਆਯੋਜਿਤ ਕੀਤਾ ਗਿਆ, ਜਿਸ 'ਚ ਲੁਧਿਆਣਾ ਲੋਕ ਸਭਾ ਹਲਕਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪਰਿਵਾਰ ਸਮੇਤ ਸ਼ਮੂਲੀਅਤ ਕੀਤੀ। ਇਸ ਮੇਲੇ ਦਾ ਹਰ ਵਰਗ ਦੇ ਲੋਕਾਂ ਨੇ ਖੂਬ ਆਨੰਦ ਮਾਣਿਆ ਅਤੇ ਸੱਭਿਆਚਾਰਕ ਗੀਤਾਂ ਨਾਲ ਪਾਲੀ ਦੇਤਵਾਲੀਆਂ ਤੇ ਪ੍ਰਸਿੱਧ ਲੋਕ ਗਾਇਕਾ ਗੁਰਮੀਤ ਬਾਵਾ ਦੀਆਂ ਲੜਕੀਆਂ ਨੇ ਲੋਕਾਂ ਨੂੰ ਝੂੰਮਣ ਲਗਾ ਦਿੱਤਾ। ਲੜਕੀਆਂ ਲਈ ਪੀਘਾਂ ਦੇ ਪ੍ਰਬੰਧ ਤੋਂ ਇਲਾਵਾ ਪੰਜਾਬੀ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ, ਜੋ ਕਿ ਪੁਰਾਤਨ ਪੰਜਾਬ ਦੀ ਝਲਕ ਪੇਸ਼ ਕਰ ਰਿਹਾ ਸੀ।
ਰਵਨੀਤ ਬਿੱਟੂ ਨੇ ਦੱਸਿਆ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰਕ ਵਿਰਸੇ ਅਤੇ ਪੁਰਾਤਨ ਜੀਵਨ ਸ਼ੈਲੀ ਨਾਲ ਮੁੜ ਜੋੜਨ ਲਈ ਅਜਿਹੇ ਮੇਲੇ ਹੋਰ ਵੱਡੇ ਸਰਕਾਰੀ ਸਮਾਗਮਾਂ 'ਚ ਵੀ ਆਯੋਜਿਤ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ।  ਅਜੋਕੀ ਨੌਜਵਾਨ ਪੀੜ੍ਹੀ ਨੂੰ ਲੱਚਰ ਗਾਇਕੀ ਅਤੇ ਗੈਰ ਮਿਆਰੀ ਗੀਤਾਂ ਤੋਂ ਦੂਰ ਕਰਨ ਲਈ ਇਹ ਮੇਲੇ ਮੀਲ ਪੱਥਰ ਸਾਬਤ ਹੋਣਗੇ। ਅੱਜ ਦਾ ਇਹ ਮੇਲਾ ਸ਼ਹਿਰ ਵਾਸੀਆਂ ਨੂੰ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਸ਼ਹਿਰ ਨੂੰ ਸਵੱਛ ਰੱਖਣ ਦਾ ਸੰਦੇਸ਼ ਦੇਣ ਵਿੱਚ ਸਫ਼ਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵੀ ਆਪਣੇ ਪਰਿਵਾਰ ਸਮੇਤ ਸ਼ਮੂਲੀਅਤ ਕੀਤੀ ਹੈ ਤਾਂ ਕਿ ਬੱਚੇ ਸਾਡੇ ਪੁਰਾਤਨ ਅਤੇ ਅਮੀਰ ਵਿਰਸੇ ਤੋਂ ਜਾਣੂੰ ਹੋ ਸਕਣ।

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਬੱਚਿਆਂ ਨੂੰ ਪੁਰਾਤਨ ਵਿਰਸੇ ਨਾਲ ਜੋੜਨ ਅਤੇ ਸ਼ਹਿਰ ਦੀ ਸਾਫ਼-ਸਫਾਈ 'ਚ ਸਹਿਯੋਗ ਕਰਨ ਤਾਂ ਜੋ ਅਸੀ ਸਾਰੇ ਤੰਦਰੁਸਤ ਤੇ ਬਿਮਾਰੀਆਂ ਤੋਂ ਰਹਿਤ ਜੀਵਨ ਜੀ ਸਕੀਏ। ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਉਪਰਾਲੇ ਕਰ ਰਹੀ ਹੈ, ਜੋ ਕਿ ਲਗਾਤਾਰ ਜਾਰੀ ਰੱਖੇ ਜਾਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਜਿੱਥੇ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਨ, ਉਥੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਵੀ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਸ਼ਹਿਰ ਲੁਧਿਆਣਾ ਉਸ ਸਮੇਂ ਤੱਕ ਸਹੀ ਮਾਅਨਿਆਂ ਵਿੱਚ 'ਸਮਾਰਟ' ਨਹੀਂ ਹੋ ਸਕਦਾ, ਜਦੋਂ ਤੱਕ ਲੋਕ ਖੁਦ ਸਮਾਰਟ ਹੋ ਕੇ ਇਸ ਦਿਸ਼ਾ 'ਚ ਸਹਿਯੋਗ ਨਾ ਕਰਨ। 


Related News