ਰਵਨੀਤ ਬਿੱਟੂ ਦੀਆਂ ਵਧੀਆਂ ਮੁਸ਼ਕਲਾਂ, ਰਾਕੇਸ਼ ਪਾਂਡੇ ਨੇ ਠੋਕੀ ਦਾਅਵੇਦਾਰੀ
Thursday, Feb 07, 2019 - 04:18 PM (IST)

ਲੁਧਿਆਣਾ (ਨਰਿੰਦਰ) : ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ ਅਤੇ ਇਹ ਮੁਸ਼ਕਲਾਂ ਕਿਸੇ ਹੋਰ ਵਲੋਂ ਨਹੀਂ, ਸਗੋਂ ਕਾਂਗਰਸੀ ਆਗੂਆਂ ਵਲੋਂ ਹੀ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਮਨੀਸ਼ ਤਿਵਾੜੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਪਵਨ ਦੀਵਾਨ ਨੇ ਇਕ ਦਿਨ ਪਹਿਲਾਂ ਲੁਧਿਆਣਾ ਸੰਸਦੀ ਸੀਟ ਲਈ ਦਾਅਵਾ ਠੋਕਿਆ ਸੀ। ਹੁਣ ਇਸ ਤੋਂ ਬਾਅਦ ਲੁਧਿਆਣਾ ਤੋਂ 6 ਵਾਰ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਨੇ ਵੀ ਟਿਕਟ ਲਈ ਆਪਣੀ ਦਾਅਵੇਦਾਰੀ ਕਰਨ ਸਬੰਧੀ ਸਾਰੀਆਂ ਤਿਆਰੀਆਂ ਕਰ ਲਈਆਂ ਹਨ।
ਉਨ੍ਹਾਂ ਨੇ ਕਿਹਾ ਕਿ ਟਿਕਟ ਦੀ ਦਾਅਵੇਦਾਰੀ ਕਰਨ ਦਾ ਹਰੇਕ ਕਾਂਗਰਸੀ ਨੂੰ ਅਧਿਕਾਰ ਹੈ ਅਤੇ ਜੇਕਰ ਪਾਰਟੀ ਪ੍ਰਮੁੱਖ ਮੁਨਾਸਿਬ ਸਮਝਣਗੇ ਤਾਂ ਟਿਕਟ ਉਨ੍ਹਾਂ ਨੂੰ ਮਿਲੇਗੀ। ਇਸ ਸਬੰਧੀ ਟਿਕਟ ਦੀ ਦਾਅਵੇਦਾਰੀ ਲਈ ਆਪਣੇ ਕਾਗਜ਼ਾਤ ਤਿਆਰ ਕਰਾਉਣ ਲਈ ਵਿਧਾਇਕ ਰਾਕੇਸ਼ ਪਾਂਡੇ ਅਦਾਲਤ ਨਹੀਂ ਪੁੱਜੇ, ਸਗੋਂ ਆਪਣੀ ਪੁਰਾਣੇ ਅਤੇ ਸ਼ਹਿਰ ਦੇ ਸੀਨੀਅਰ ਵਕੀਲ ਦੀ ਰਿਹਾਇਸ਼ 'ਤੇ ਪੁੱਜੇ ਅਤੇ ਉਨ੍ਹਾਂ ਨੂੰ ਕਾਗਜ਼ਾਤ ਬਣਵਾਉਣ ਦਾ ਤਰੀਕਾ ਪੁੱਛਿਆ ਅਤੇ ਫਿਰ ਆਪਣਾ ਕਾਗਜ਼ਾਤ ਤਿਆਰ ਕਰਵਾਏ। ਇਹ ਸਾਰਾ ਕੰਮ ਇੰਨੀ ਸ਼ਾਂਤੀ ਨਾਲ ਹੋਇਆ ਕਿ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗ ਸਕਿਆ।