ਰਵਨੀਤ ਬਿੱਟੂ ਨੇ ਪੀ.ਐੱਮ. ਮੋਦੀ ਨੂੰ ਵੰਗਾਰਿਆ, ਆਰਡੀਨੈਂਸ ਰੱਦ ਨਾ ਕੀਤੇ ਤਾਂ ਦਿੱਲੀ ਦਾ ਕਰਾਂਗੇ ਘਿਰਾਓ
Saturday, Sep 26, 2020 - 08:33 PM (IST)
ਚੰਡੀਗੜ੍ਹ,(ਟੱਕਰ)- ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੰਗਾਰਦਿਆਂ ਖੇਤੀਬਾੜੀ ਆਰਡੀਨੈਂਸ ਰੱਦ ਕਰਨ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਪੰਜਾਬ ਦੇ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ ਅਤੇ ਜੇਕਰ ਖੇਤੀਬਾੜੀ ਆਰਡੀਨੈਂਸ ਰੱਦ ਨਾ ਕੀਤੇ ਤਾਂ ਸੂਬੇ ਦੇ ਹਜ਼ਾਰਾਂ ਕਿਸਾਨ ਆਪੋ-ਆਪਣੇ ਟ੍ਰੈਕਟਰ ਤੇ ਪਸ਼ੂ ਲੈ ਕੇ ਦਿੱਲੀ ਵੜ੍ਹ ਕੇ ਤਿੱਖਾ ਸੰਘਰਸ਼ ਕਰਨਗੇ ਅਤੇ ਦਿੱਲੀ ਦਾ ਘਿਰਾਓ ਕਰਨਗੇ। ਇਸ ਦੌਰਾਨ ਉਹ ਭਾਜਪਾ ਦੇ ਮੰਤਰੀਆਂ ਤੇ ਪ੍ਰਧਾਨ ਮੰਤਰੀ ਦਾ ਘਿਰਾਓ ਕਰ ਜਿਊਣਾ ਦੁੱਭਰ ਕਰ ਦੇਣਗੇ। ਐੱਮ.ਪੀ. ਰਵਨੀਤ ਬਿੱਟੂ ਨੇ ਆਪਣੀ ਕਾਂਗਰਸ ਪਾਰਟੀ ਦੇ ਆਗੂ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਉਹ ਸੂਬੇ ਦੇ ਕਿਸਾਨਾਂ ਦੀ ਅਗਵਾਈ ਕਰਦੇ ਹੋਏ ਕਾਂਗਰਸੀ ਵਰਕਰਾਂ ਨੂੰ ਨਿਰਦੇਸ਼ ਦੇਣ ਕਿ ਦਿੱਲੀ ਦੀਆਂ ਸੜਕਾਂ 'ਤੇ ਟ੍ਰੈਕਟਰ ਤੇ ਪਸ਼ੂ ਉਤਾਰ ਕੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਦੱਸ ਦੇਣ ਕਿ ਕਿਸਾਨ ਆਪਣੇ ਹੱਕਾਂ ਲਈ ਵੱਡੇ ਤੋਂ ਵੱਡੇ ਸੰਘਰਸ਼ ਲਈ ਵੀ ਤਿਆਰ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਦਿੱਲੀ ਵਿਚ ਅਜਿਹੇ ਹਾਲਾਤ ਪੈਦਾ ਕਰ ਦੇਣਗੇ ਕਿ ਕਨਾਟ ਪੈਲੇਸ ਅਤੇ ਹੋਰ ਪ੍ਰਮੁਖ ਥਾਵਾਂ 'ਤੇ ਕਿਸਾਨਾਂ ਦੇ ਪਸ਼ੂ ਤੇ ਟ੍ਰੈਕਟਰ ਹੀ ਦਿਖਾਈ ਦੇਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਨੂੰ ਕਾਂਗਰਸੀ ਆਗੂਆਂ ਨੂੰ ਹੁਕਮ ਦੇਣ ਕਿ ਪ੍ਰਧਾਨ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇ ਉਹ ਭੁੱਖੇ-ਪਿਆਸੇ ਰਹਿ ਕੇ ਕਿਸਾਨਾਂ ਹੱਕੀ ਲਈ ਉਦੋਂ ਤੱਕ ਸੰਘਰਸ਼ ਕਰਨਗੇ ਜਦੋਂ ਤੱਕ ਆਰਡੀਨੈਂਸ ਰੱਦ ਨਹੀਂ ਹੁੰਦੇ। ਐੱਮ.ਪੀ. ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਅਜੇ ਇਸ ਸੂਬੇ ਤੋਂ ਕਿਸਾਨੀ ਲਹਿਰ ਪੂਰੀ ਤਰ੍ਹਾਂ ਨਹੀਂ ਉੱਠੀ, ਇਸ ਲਈ ਸਮੇਂ ਦੀ ਜ਼ਰੂਰਤ ਹੈ ਕਿ ਦੋਵੇਂ ਸੂਬਿਆਂ ਦੇ ਕਿਸਾਨ ਇਕੱਠੇ ਹੋ ਕੇ ਮੋਦੀ ਸਰਕਾਰ ਨੂੰ ਹਲੂਣਾ ਦੇ ਉਸ ਨੂੰ ਦਿਖਾ ਦੇਣ ਕਿ ਉਨ੍ਹਾਂ ਦੇ ਹਿੱਤ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦਾ ਕੀ ਅੰਜ਼ਾਮ ਹੋਵੇਗਾ।
ਆੜ੍ਹਤੀ ਵਰਗ ਫੰਡਾਂ ਦਾ ਇੰਤਜ਼ਾਮ ਕਰ ਕਿਸਾਨਾਂ ਦੀ ਧਰਨਿਆਂ 'ਚ ਸਹਾਇਤਾ ਕਰਨ
ਐੱਮ.ਪੀ. ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਫੰਡ ਇਕੱਠੇ ਕਰਨ ਕਿ ਜਿੱਥੇ ਵੀ ਕਿਸਾਨ ਆਰਡੀਨੈਂਸ ਰੱਦ ਕਰਵਾਉਣ ਲਈ ਰੋਸ ਪ੍ਰਦਰਸ਼ਨ ਜਾਂ ਧਰਨੇ ਲਗਾ ਰਹੇ ਹਨ, ਉਨ੍ਹਾਂ ਲਈ ਲੰਗਰ ਤੇ ਹੋਰ ਸੁਵਿਧਾਵਾਂ ਦਾ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਪ੍ਰਫੁਲਿੱਤ ਰਹੇਗਾ ਤਾਂ ਹੀ ਆੜ੍ਹਤੀਆਂ ਦਾ ਕਾਰੋਬਾਰ ਚੱਲੇਗਾ, ਇਸ ਲਈ ਅੱਜ ਔਖੀ ਘੜੀ 'ਚ ਕਿਸਾਨਾਂ ਦਾ ਆਰਥਿਕ ਪੱਖੋਂ ਸਾਥ ਦੇਣਾ ਜ਼ਰੂਰੀ ਹੈ।
ਬਾਦਲ ਹੁਣ ਵੀ ਬੰਬ ਸੁੱਟਣ ਵਾਲੇ ਮਜ਼ਾਕ ਕਰ ਰਿਹਾ
ਐੱਮ.ਪੀ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਵੀ ਆਪਣੇ ਭਾਸ਼ਣਾਂ ਵਿਚ ਬੰਬ ਸੁੱਟਣ ਵਾਲੇ ਮਜ਼ਾਕ ਦੀਆਂ ਗੱਲਾਂ ਕਰ ਰਿਹਾ ਹੈ ਜਦਕਿ ਹੁਣ ਹਾਲਾਤ ਕਿਸਾਨਾਂ ਲਈ ਡੱਟ ਕੇ ਸੰਘਰਸ਼ ਕਰਨ ਵਾਲੇ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਚੰਡੀਗੜ੍ਹ ਵਿਖੇ ਧਰਨੇ ਦੇ ਕੇ ਕਿਸ ਨੂੰ ਜਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਲੋੜ ਤਾਂ ਦਿੱਲੀ ਵਿਖੇ ਨਰਿੰਦਰ ਮੋਦੀ ਤੇ ਭਾਜਪਾ ਆਗੂਆਂ ਖਿਲਾਫ਼ ਧਰਨੇ ਦੇਣ ਦੀ ਹੈ, ਇਸ ਲਈ ਸਾਰੇ ਹੀ ਸਿਆਸੀ ਆਗੂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਦਿੱਲੀ ਸਰਕਾਰ ਖਿਲਾਫ਼ ਕਰੜਾ ਸੰਘਰਸ਼ ਕਰਨ ਤਾਂ ਜੋ ਕਿਸਾਨ ਮਾਰੂ ਆਰਡੀਨੈਂਸ ਰੱਦ ਕਰਵਾਏ ਜਾ ਸਕਣ।