ਰਵਨੀਤ ਬਿੱਟੂ ਨੇ ਜੇ. ਪੀ. ਨੱਡਾ ''ਤੇ ਫਿਰ ਸਾਧਿਆ ਨਿਸ਼ਾਨਾ

11/17/2020 7:46:05 PM

ਚੰਡੀਗੜ੍ਹ,(ਟੱਕਰ)- ਲੁਧਿਆਣਾ ਤੋਂ ਐੱਮ.ਪੀ. ਰਵਨੀਤ ਸਿੰਘ ਬਿੱਟੂ ਨੇ ਭਾਜਪਾ ਪ੍ਰਧਾਨ ਜੇ.ਪੀ. ਸਿੰਘ ਨੱਡਾ 'ਤੇ ਫਿਰ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀਬਾੜੀ ਆਰਡੀਨੈਂਸਾਂ ਖਿਲਾਫ਼ ਅਤੇ ਆਪਣੀਆਂ ਹੱਕੀ ਮੰਗਾਂ ਲਈ ਧਰਨਾ ਦੇ ਰਹੇ ਕਿਸਾਨਾਂ ਨੂੰ ਦਲਾਲ ਕਹਿਣ ਵਾਲਾ ਨੱਡਾ ਜਦੋਂ ਤੱਕ ਆਪਣੇ ਕਹੇ ਸ਼ਬਦ ਵਾਪਿਸ ਨਹੀਂ ਲੈਂਦਾ ਉਦੋਂ ਤੱਕ ਉਸ ਨੂੰ ਪੰਜਾਬ ਅੰਦਰ ਦਾਖਲ ਨਹੀਂ ਹੋਣ ਦੇਵਾਂਗੇ। ਐੱਮ.ਪੀ. ਬਿੱਟੂ ਨੇ ਕਿਹਾ ਕਿ ਭਾਜਪਾ ਵਲੋਂ ਜੋ ਪੰਜਾਬ ਦੇ 11 ਜ਼ਿਲ੍ਹਿਆਂ 'ਚ ਆਲੀਸ਼ਾਨ ਦਫ਼ਤਰ ਖੋਲ੍ਹੇ ਜਾ ਰਹੇ ਹਨ, ਉਹ ਕਾਰਪੋਰੇਟ ਘਰਾਣਿਆਂ ਵਲੋਂ ਕਿਸਾਨਾਂ ਦੀ ਲੁੱਟ ਦਾ ਸੌਦਾ ਕਰਕੇ ਬਣਾਏ ਜਾ ਰਹੇ ਹਨ ਅਤੇ ਜੇਕਰ ਜੇ.ਪੀ. ਨੱਡਾ ਇਨ੍ਹਾਂ ਦਫ਼ਤਰਾਂ ਦਾ ਉਦਘਾਟਨ ਕਰਨ ਪੰਜਾਬ ਆਉਂਦਾ ਹੈ ਤਾਂ ਉਸਦਾ ਡਟਵਾਂ ਵਿਰੋਧ ਕਰਾਂਗੇ।
ਉਨ੍ਹਾਂ ਕਿਹਾ ਕਿ ਭਾਜਪਾ ਦੇ ਜਿਹੜੇ ਦੇਸ਼ ਦੇ ਕੋਨੇ-ਕੋਨੇ 'ਚ ਆਲੀਸ਼ਾਨ ਦਫ਼ਤਰ ਬਣ ਰਹੇ ਹਨ, ਜਿਸ 'ਚ ਪੰਜਾਬ ਦੇ 11 ਦਫ਼ਤਰ ਸ਼ਾਮਿਲ ਹਨ, ਉਨ੍ਹਾਂ 'ਚ ਜੋ ਸੰਗਮਰਮਰ ਲੱਗ ਰਿਹਾ ਹੈ, ਉਹ ਅੰਬਾਨੀ ਤੇ ਅਡਾਨੀ ਵਲੋਂ ਪੰਜਾਬ ਦੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰ ਦਾ ਖੂਨ ਚੂਸ-ਚੂਸ ਕੇ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਪਰਿਵਾਰਾਂ ਸਮੇਤ ਸੜਕਾਂ 'ਤੇ ਠੰਢ 'ਚ ਧਰਨੇ ਮਾਰ ਰਹੇ ਹਨ ਪਰ ਭਾਜਪਾ ਦਾ ਕੌਮੀ ਪ੍ਰਧਾਨ ਜੇ.ਪੀ. ਨੱਡਾ ਉਨ੍ਹਾਂ ਲਈ ਦਲਾਲ ਸ਼ਬਦ ਵਰਤ ਰਿਹਾ ਹੈ, ਇਸ ਲਈ ਪੰਜਾਬ ਦੀ ਜਾਗਦੀ ਜਮੀਰ ਵਾਲੇ ਲੋਕ ਉਸ ਨੂੰ ਕਿਸੇ ਵੀ ਹਾਲਤ 'ਚ ਸੂਬੇ ਅੰਦਰ ਦਾਖਲ ਨਹੀਂ ਹੋਣ ਦੇਣਗੇ। ਐੱਮ.ਪੀ. ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਭਾਜਪਾ ਆਗੂਆਂ ਤੇ ਰੇਲਵੇ ਮੰਤਰੀ ਨੇ ਖੇਤੀਬਾੜੀ ਆਰਡੀਨੈਂਸ ਨਾ ਮੰਨਣ 'ਤੇ ਪੰਜਾਬ ਤੋਂ ਬਦਲਾ ਲੈਣ ਲਈ ਜਾਣਬੁੱਝ ਕੇ ਮਾਲ ਗੱਡੀਆਂ ਨਹੀਂ ਭੇਜੀਆਂ ਅਤੇ ਦੀਵਾਲੀ ਦੇ ਤਿਉਹਾਰ ਦੌਰਾਨ ਵਪਾਰੀਆਂ ਦਾ ਜਿੱਥੇ ਕਰੋੜਾਂ ਰੁਪਏ ਨੁਕਸਾਨ ਹੋਇਆ ਉੱਥੇ ਕੋਲਾ ਨਾ ਭੇਜ ਕੇ ਬਿਜਲੀ ਸਪਲਾਈ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ 'ਚ ਭਾਜਪਾ ਦਾ ਕੇਵਲ ਇੱਕ ਹੀ ਐੱਮ.ਪੀ. ਹੈ ਜੋ ਕਿ ਲੋਕਾਂ ਨੂੰ ਲੱਭਦਾ ਹੀ ਨਹੀਂ ਪਰ ਦਾਅਵੇ ਕੀਤੇ ਜਾ ਰਹੇ ਹਨ ਸੂਬੇ ਦੀਆਂ ਵਿਧਾਨ ਸਭਾ 117 ਸੀਟਾਂ ਲਈ ਭਾਜਪਾ ਉਮੀਦਵਾਰ ਦੀ ਲਾਈਨ ਲੱਗੀ ਹੋਈ ਹੈ। ਐੱਮ.ਪੀ. ਬਿੱਟੂ ਨੇ ਭਾਜਪਾ 'ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਧੱਕੇਸ਼ਾਹੀਆਂ ਇਸ ਕਦਰ ਹਨ ਕਿ ਪੰਜਾਬ ਦੇ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਨਹੀਂ ਦਾਖਲ ਹੋਣ ਦਿੱਤਾ ਜਾਂਦਾ ਫਿਰ ਤੁਸੀਂ ਵੀ ਕਿਉਂ ਆਸ ਰੱਖਦੇ ਹੋ ਕਿ ਦਿੱਲੀ ਦੇ ਭਾਜਪਾ ਆਗੂਆਂ ਨੂੰ ਇੱਥੋਂ ਦੇ ਕਿਸਾਨ ਪੰਜਾਬ ਦਾਖਲ ਹੋਣ ਦੇਣਗੇ। ਉਨ੍ਹਾਂ ਜੇ.ਪੀ. ਨੱਡਾ ਨੂੰ ਫਿਰ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਕਿਹਾ ਦਲਾਲ ਸ਼ਬਦ ਵਾਪਿਸ ਨਹੀਂ ਲੈਂਦਾ ਉਦੋਂ ਤੱਕ ਕਿਸੇ ਵੀ ਹਾਲਤ 'ਚ ਉਹ ਪੰਜਾਬ 'ਚ ਵੜਨ ਨਹੀਂ ਦੇਣਗੇ।


Deepak Kumar

Content Editor

Related News