ਰਵਿਦਾਸ ਭਾਈਚਾਰੇ ਦੀ ਚਿਤਾਵਨੀ, ਘੇਰਾਂਗੇ ਕੇਂਦਰੀ ਮੰਤਰੀ ਦੀਆਂ ਕੋਠੀਆਂ
Monday, Aug 26, 2019 - 06:59 PM (IST)
ਜਲੰਧਰ (ਮਹੇਸ਼)— ਦਿੱਲੀ ਦੇ ਤੁਗਲਕਾਬਾਦ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਹੁਣ ਦੇ ਮਾਮਲੇ 'ਚ ਅੱਜ ਸ੍ਰੀ ਗੁਰੂ ਰਵਿਦਾਸ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ ਅਤੇ ਡਾ. ਅੰਬੇਡਕਰ ਸਭਾਵਾਂ ਵੱਲੋਂ ਬਣਾਏ ਗਏ ਸਾਂਝੇ ਬਹੁਜਨ ਫਰੰਟ ਪੰਜਾਬ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਅਗਲੀ ਰਣਨੀਤੀ ਉਲੀਕੀ ਗਈ। ਇਸ ਦੌਰਾਨ ਜਥੇਬੰਦੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜੋ ਅਕਾਲੀ-ਭਾਜਪਾ ਸਰਕਾਰ ਦੇ ਕੇਂਦਰ 'ਚ ਵਜ਼ੀਰ ਹਨ, ਉਨ੍ਹਾਂ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾਵੇਗਾ। ਸੰਤ ਕ੍ਰਿਸ਼ਨ ਨਾਥ ਚਿਹੇੜੂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਦੇ ਅਧੀਨ ਡੀ. ਡੀ. ਏ. ਆਉਂਦਾ ਹੈ ਅਤੇ ਉਨ੍ਹਾਂ ਦੇ ਮੰਤਰੀਆਂ ਨੇ ਸਰਕਾਰ ਨੂੰ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਤੋਂ ਜਾਣੂੰ ਨਹੀਂ ਕਰਵਾਇਆ ਅਤੇ ਆਪਣਾ ਬਣਦਾ ਰੋਲ ਅਦਾ ਨਹੀਂ ਕੀਤਾ।
ਬਹੁਜਨ ਫਰੰਟ ਦੇ ਸਰਪ੍ਰਸਤ ਨੇ ਕ੍ਰਿਸ਼ਨ ਨਾਥ ਨੇ ਕਿਹਾ ਕਿ ਜਦੋਂ ਤੱਕ ਦਿੱਲੀ ਤੁਗਲਕਾਬਾਦ ਮੰਦਿਰ ਦੀ ਜ਼ਮੀਨ ਵਾਪਸ ਨਹੀਂ ਹੁੰਦੀ ਅਤੇ ਸਰਕਾਰ ਕਾਂਸ਼ੀ ਬਨਾਰਸ ਜਾ ਕੇ ਗਲਤੀ ਨਹੀਂ ਮੰਨਦੀ, ਉਦੋਂ ਤੱਕ ਸਮਾਜ ਇਸੇ ਤਰ੍ਹਾਂ ਸੰਘਰਸ਼ ਕਰਦਾ ਰਹੇਗਾ। ਉਨਾਂ ਕਿਹਾ ਕਿ ਅੰਦੋਲਨ ਤਿੰਨ ਹਿੱਸਿਆਂ 'ਚ ਮਾਝਾ, ਦੋਆਬਾ ਅਤੇ ਮਾਲਵਾ 'ਚ ਲੜਿਆ ਜਾਵੇਗਾ, ਜਿਸ ਦੇ ਤਹਿਤ 28 ਅਗਸਤ ਨੂੰ ਫਗਵਾੜਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਅਤੇ 31 ਅਗਸਤ ਨੂੰ ਹਰਸਿਮਰਤ ਕੌਰ ਬਾਦਲ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਦੀਪ ਪੁਰੀ ਅਤੇ ਸ਼ਵੇਤ ਮਲਿਕ ਦੇ ਘਰਾਂ ਦੇ ਘਿਰਾਓ ਦਾ ਐਲਾਨ 31 ਅਗਸਤ ਨੂੰ ਬਾਦਲ ਪਿੰਡ ਵਿਖੇ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਉਸ ਤੋਂ ਬਾਅਦ ਮਸਲਾ ਹੱਲ ਨਾ ਹੋਇਆ ਤਾਂ ਫਿਰ ਐੱਮ. ਪੀਜ਼. ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾਵੇਗਾ। ਕੇਂਦਰ ਸਰਕਾਰ ਦੇ ਨੱਕ 'ਚ ਦਮ ਕਰਕੇ ਆਪਣੇ ਹੱਕ ਲੈ ਕੇ ਰਹਾਂਗੇ, ਜਿਸ ਲਈ ਸਮਾਜ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਬੈਠਾ ਹੈ। ਉਨ੍ਹਾਂ ਕਿਹਾ ਕਿ ਫਰੰਟ ਦਿੱਲੀ 'ਚ ਗ੍ਰਿਫਤਾਰ 23 ਨੌਜਵਾਨਾਂ ਦੇ ਪਰਿਵਾਰਾਂ ਦਾ 20 ਹਜ਼ਾਰ ਪ੍ਰਤੀ ਨੌਜਵਾਨ ਆਰਥਿਕ ਸਹਿਯੋਗ ਕਰੇਗਾ ਅਤੇ ਉਨ੍ਹਾਂ ਦੀ ਰਿਹਾਈ ਲਈ ਕਾਨੂੰਨੀ ਲੜਾਈ ਵੀ ਲੜੇਗਾ। ਸੰਤ ਕ੍ਰਿਸ਼ਨ ਨਾਥ ਚਿਹੇੜੂ ਵਾਲਿਆਂ ਅਤੇ ਸੁਖਵਿੰਦਰ ਸਿੰਘ ਕੋਟਲੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਵੱਲੋਂ 2 ਸਤੰਬਰ ਤੋਂ 7 ਸਤੰਬਰ ਤੱਕ ਜੋ ਸੂਬਾ ਭਰ 'ਚ ਅੰਦੋਲਨ ਕੀਤਾ ਜਾ ਰਿਹਾ ਹੈ, ਉਸ ਨੂੰ ਵੀ ਵੱਡੇ ਪੱਧਰ 'ਤੇ ਕਾਮਯਾਬ ਕੀਤਾ ਜਾਵੇਗਾ। ਇਸ ਮੌਕੇ ਅੰਮ੍ਰਿਤਪਾਲ ਭੌਂਸਲੇ , ਹਰਭਜਨ ਸੁੰਮਨ, ਸੁਰਿੰਦਰ ਢੰਡਾ ਆਦਿ ਹਾਜ਼ਰ ਸਨ।