ਰਵੀ ਗਿੱਲ ਖ਼ੁਦਕੁਸ਼ੀ ਕੇਸ: ਕੀਰਤੀ ਗਿੱਲ, ਰਾਜੇਸ਼ ਕਪਿਲ ਸਣੇ ਚਾਰੋਂ ਮੁਲਜ਼ਮ 3 ਦਿਨ ਦੇ ਰਿਮਾਂਡ ’ਤੇ

Wednesday, Aug 23, 2023 - 12:00 PM (IST)

ਰਵੀ ਗਿੱਲ ਖ਼ੁਦਕੁਸ਼ੀ ਕੇਸ: ਕੀਰਤੀ ਗਿੱਲ, ਰਾਜੇਸ਼ ਕਪਿਲ ਸਣੇ ਚਾਰੋਂ ਮੁਲਜ਼ਮ 3 ਦਿਨ ਦੇ ਰਿਮਾਂਡ ’ਤੇ

ਜਲੰਧਰ (ਵਰੁਣ)–ਮੀਡੀਆ ਕਰਮਚਾਰੀ ਰਵੀ ਗਿੱਲ ਖੁਦਕੁਸ਼ੀ ਕੇਸ ਵਿਚ ਪੁਲਸ ਨੇ ਪੱਤਰਕਾਰ ਰਾਜੇਸ਼ ਕਪਿਲ, ਕੀਰਤੀ ਗਿੱਲ, ਉਸ ਦੇ ਭਰਾ ਸ਼ੁਭਮ ਗਿੱਲ ਅਤੇ ਗੋਰਾ ਨੂੰ ਤਿੰਨ ਦਿਨ ਦੇ ਰਿਮਾਂਡ ’ਤੇ ਲਿਆ ਹੈ। ਫਿਲਹਾਲ ਕੀਰਤੀ ਗਿੱਲ, ਉਸ ਦਾ ਭਰਾ ਸ਼ੁਭਮ ਅਤੇ ਗੋਰਾ ਸਿਵਲ ਹਸਪਤਾਲ ਵਿਚ ਹੀ ਦਾਖ਼ਲ ਹਨ, ਜਿਸ ਕਾਰਨ ਉਨ੍ਹਾਂ ਤੋਂ ਪੁੱਛਗਿੱਛ ਨਹੀਂ ਹੋ ਸਕੀ ਹੈ, ਹਾਲਾਂਕਿ ਪੁਲਸ ਨੇ ਤਿੰਨਾਂ ਦੇ ਮੋਬਾਇਲ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਮੰਗਲਵਾਰ ਨੂੰ ਰਾਜੇਸ਼ ਕਪਿਲ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ। ਰਾਜੇਸ਼ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਥਾਣਾ ਨਵੀਂ ਬਾਰਾਦਰੀ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਕਿਹਾ ਕਿ ਬਾਕੀ ਦੇ ਤਿੰਨ ਲੋਕ ਵੀ ਤਿੰਨ ਦਿਨ ਦੇ ਰਿਮਾਂਡ ’ਤੇ ਹਨ। ਜੇਕਰ ਡਾਕਟਰ ਉਨ੍ਹਾਂ ਤੋਂ ਪੁੱਛਗਿੱਛ ਦੀ ਆਗਿਆ ਦਿੰਦੇ ਹਨ ਤਾਂ ਇਲਾਜ ਦੌਰਾਨ ਉਨ੍ਹਾਂ ਤੋਂ ਪੁੱਛਗਿੱਛ ਹੋਵੇਗੀ ਅਤੇ ਜੇਕਰ ਤਿੰਨ ਦਿਨਾਂ ਦੇ ਬਾਅਦ ਉਹ ਡਿਸਚਾਰਜ ਹੁੰਦੇ ਹਨ ਤਾਂ ਮਾਣਯੋਗ ਅਦਾਲਤ ਤੋਂ ਉਨ੍ਹਾਂ ਦਾ ਹੋਰ ਰਿਮਾਂਡ ਮੰਗਿਆ ਜਾਵੇਗਾ। ਪੁਲਸ ਨੇ ਰਾਜੇਸ਼ ਕਪਿਲ ਦਾ ਮੋਬਾਇਲ ਵੀ ਕਬਜ਼ੇ ਵਿਚ ਲਿਆ ਹੋਇਆ ਹੈ। ਰਾਜੇਸ਼ ਦੇ ਖ਼ਿਲਾਫ਼ ਐੱਸ. ਸੀ., ਐੱਸ. ਟੀ. ਐਕਟ ਦੀ ਧਾਰਾ ਜੋੜੀ ਗਈ ਸੀ। ਦੱਸਣਯੋਗ ਹੈ ਕਿ 18 ਅਗਸਤ ਨੂੰ ਸਾਂਝਾ ਟੀ. ਵੀ. ਨਾਂ ਦਾ ਪੋਰਟਲ ਚਲਾਉਣ ਵਾਲੇ ਰਵੀ ਗਿੱਲ ਨਿਵਾਸੀ ਰਿਸ਼ੀ ਨਗਰ ਨੇ ਸ਼ਾਸਤਰੀ ਮਾਰਕੀਟ ਚੌਂਕ ’ਤੇ ਸਥਿਤ ਸਿਟੀ ਹੱਬ ਹੋਟਲ ਵਿਚ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਸੀ। ਰਵੀ ਕੋਲੋਂ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਸੀ, ਜਿਸ ਵਿਚ ਉਸ ਨੇ ਕੀਰਤੀ ਗਿੱਲ, ਉਸ ਦੇ ਭਰਾ ਸ਼ੁਭਮ ਗਿੱਲ, ਗੋਰਾ ਅਤੇ ਪੱਤਰਕਾਰ ਰਾਜੇਸ਼ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਸੀ।

ਇਹ ਵੀ ਪੜ੍ਹੋ- ਪੱਤਰਕਾਰ ਰਵੀ ਗਿੱਲ ਖ਼ੁਦਕੁਸ਼ੀ ਮਾਮਲੇ 'ਚ SHO ਤੇ ASI 'ਤੇ ਡਿੱਗੀ ਗਾਜ

ਰਵੀ ਦੇ ਭਰਾ ਰਾਮ ਨੇ ਦੋਸ਼ ਲਾਏ ਸਨ ਕਿ ਕੀਰਤੀ ਨੇ ਪਹਿਲਾਂ ਤਾਂ ਰਵੀ ਦੀ ਪੈਸਿਆਂ ਲਈ ਵਰਤੋਂ ਕੀਤੀ ਅਤੇ ਬਾਅਦ ਵਿਚ ਉਸਦਾ ਤਲਾਕ ਕਰਵਾ ਕੇ ਵਿਆਹ ਕਰਵਾਉਣ ਤੋਂ ਮੁੱਕਰ ਗਈ। ਰਵੀ ਨੇ ਜਦੋਂ ਪੈਸੇ ਮੰਗੇ ਤਾਂ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ। ਉਸ ਤੋਂ ਬਾਅਦ ਕੀਰਤੀ, ਸ਼ੁਭਮ, ਗੋਰਾ ਅਤੇ ਰਾਜੇਸ਼ ਉਸਨੂੰ ਧਮਕੀਆਂ ਦਿੰਦੇ ਸਨ ਅਤੇ ਬਲੈਕਮੇਲ ਕਰਦੇ ਸਨ। ਥਾਣਾ ਨਵੀਂ ਬਾਰਾਦਰੀ ਵਿਚ ਇਨ੍ਹਾਂ ਸਾਰਿਆਂ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕਰ ਲਿਆ ਸੀ। ਨਾਮਜ਼ਦ ਲੋਕਾਂ ਦੀ ਗ੍ਰਿਫ਼ਤਾਰੀ ਲਈ ਪੀੜਤ ਧਿਰ ਨੇ ਪਹਿਲਾਂ ਭਗਵਾਨ ਵਾਲਮੀਕਿ ਚੌਕ ਵਿਚ ਧਰਨਾ ਦਿੱਤਾ ਸੀ ਅਤੇ ਬਾਜ਼ਾਰ ਬੰਦ ਕਰਵਾ ਦਿੱਤਾ ਸੀ ਪਰ ਅਗਲੇ ਹੀ ਦਿਨ ਪੁਲਸ ਨੇ ਉਨ੍ਹਾਂ ਨੂੰ ਕੀਰਤੀ ਅਤੇ ਸ਼ੁਭਮ ਦੀ ਗ੍ਰਿਫ਼ਤਾਰੀ ਹੋਣ ਦਾ ਝੂਠ ਬੋਲ ਕੇ ਅੰਤਿਮ ਸੰਸਕਾਰ ਕਰਵਾ ਦਿੱਤਾ। ਮਾਮਲਾ ਉਦੋਂ ਭੜਕ ਗਿਆ, ਜਦੋਂ ਕੀਰਤੀ, ਸ਼ੁਭਮ ਅਤੇ ਗੋਰਾ ਇਕੱਠੇ ਲੁਧਿਆਣਾ ਹਾਈਵੇਅ ’ਤੇ ਜ਼ਹਿਰੀਲਾ ਪਦਾਰਥ ਨਿਗਲ ਕੇ ਫੇਸਬੁੱਕ ’ਤੇ ਲਾਈਵ ਹੋ ਗਏ। ਜਿਉਂ ਹੀ ਰਵੀ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਭੂਰ ਮੰਡੀ ਦੇ ਸਾਹਮਣੇ ਧਰਨਾ ਲਾ ਕੇ ਹਾਈਵੇ ਬਲਾਕ ਕਰ ਦਿੱਤਾ। ਪੀੜਤ ਧਿਰ ਨੇ ਲਗਭਗ 2 ਘੰਟੇ ਹਾਈਵੇ ਜਾਮ ਕਰੀ ਰੱਖਿਆ। ਮੌਕੇ ’ਤੇ ਖ਼ੁਦ ਸੀ. ਪੀ. ਚਾਹਲ ਨੇ ਪਹੁੰਚ ਕੇ ਗ੍ਰਿਫ਼ਤਾਰ ਲੋਕਾਂ ਦੀਆਂ ਤਸਵੀਰਾਂ ਵਿਖਾ ਕੇ ਉਨ੍ਹਾਂ ਨੂੰ ਸ਼ਾਂਤ ਕੀਤਾ ਅਤੇ ਧਰਨਾ ਚੁਕਵਾ ਦਿੱਤਾ। ਪੀੜਤ ਧਿਰ ਨੇ ਇਹ ਵੀ ਮੰਗ ਕੀਤੀ ਸੀ ਕਿ ਜਿਹੜੇ-ਜਿਹੜੇ ਅਧਿਕਾਰੀਆਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਬੰਧੀ ਝੂਠ ਬੋਲਿਆ ਹੈ, ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ ਅਤੇ ਪੱਤਰਕਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ।

ਇਹ ਵੀ ਪੜ੍ਹੋ- ਰਵੀ ਗਿੱਲ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਧੋਖੇ ਨਾਲ ਕਰਵਾ 'ਤਾ ਸਸਕਾਰ, ਮੁਲਜ਼ਮਾਂ ਨੇ ਲਾਈਵ ਹੋ ਕੇ ਖੋਲ੍ਹੇ ਵੱਡੇ ਰਾਜ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News