ਰੂਰਲ ਹਸਪਤਾਲ ਭਕਨਾ ਕਲਾਂ ''ਚ ਡਾਕਟਰ ਹਾਜ਼ਰ ਨਾ ਹੋਣ ਕਾਰਨ ਮਰੀਜ਼ ਹੋ ਰਹੇ ਪ੍ਰੇਸ਼ਾਨ

Monday, Sep 04, 2017 - 05:23 AM (IST)

ਭਕਨਾ ਕਲਾਂ,  (ਗਿੱਲ)-  ਸਮੇਂ ਦੀਆਂ ਸਰਕਾਰਾ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਹਰੇਕ ਸਿਹਤ ਸਹੂਲਤ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਇਹ ਸਭ ਬਿਆਨਾਂ ਤਕ ਹੀ ਰਹਿ ਜਾਂਦਾ ਹੈ। ਸਥਾਨਕ ਇਲਾਕੇ ਵਿਚ ਇਤਿਹਾਸਕ ਪਿੰਡ ਭਕਨਾ ਕਲਾਂ, ਜੋ ਮਹਾਨ ਦੇਸ਼ ਭਗਤ ਤੇ ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਜੀ ਦੇ ਨਾਂ ਨਾਲ ਦੇਸ਼ ਵਿਦੇਸ਼ ਵਿਚ ਪ੍ਰਸਿੱਧ ਹੈ, ਇਸ ਪਿੰਡ ਵਿਚ ਆਮ ਜਨਤਾ ਨੂੰ ਸਿਹਤ ਸਹੂਲਤਾਂ ਦੇਣ ਲਈ ਸਰਕਾਰੀ ਰੂਰਲ ਹਸਪਤਾਲ ਦਾ ਨਿਰਮਾਣ ਕੀਤਾ ਗਿਆ ਹੈ ਪਰ ਮੌਜੂਦਾ ਸਮੇਂ ਵਿਚ ਇਥੇ ਮਰੀਜ਼ਾਂ ਨੂੰ ਦੇਖਣ ਵਾਲਾ ਕੋਈ ਵੀ ਡਾਕਟਰ ਹਾਜ਼ਰ ਨਹੀਂ। ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਇਹ ਹਸਪਤਾਲ ਲਾਵਾਰਸ ਨਜ਼ਰ ਆ ਰਿਹਾ ਹੈ। ਸਰਕਾਰ ਵੱਲੋਂ ਭਾਵੇਂ ਹਸਪਤਾਲ ਦੀ ਇਮਾਰਤ ਨੂੰ ਨਵਾਂ ਰੂਪ ਦੇ ਕੇ ਸੁੰਦਰ ਬਣਾ ਦਿੱਤਾ ਗਿਆ ਹੈ ਪਰ ਡਾਕਟਰ ਨਾ ਹੋਣ ਕਾਰਨ ਇਹ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਜਦੋਂ ਪੱਤਰਕਾਰਾਂ ਦੀ ਟੀਮ ਹਸਪਤਾਲ ਪਹੁੰਚੀ ਤਾਂ ਇਥੇ ਇਕ ਕਲਾਸ ਫੋਰ 'ਤੇ ਕੁਝ ਆਸ਼ਾ ਵਰਕਰ ਮੈਡਮਾਂ ਨਜ਼ਰ ਆਈਆਂ ਤੇ ਇਥੇ ਕੋਈ ਡਾਕਟਰ ਨਜ਼ਰ ਨਹੀਂ ਆ ਜਿਹਾ ਸੀ ਤੇ ਅੱਤ ਦੀ ਗਰਮੀ ਵਿਚ ਪਿੰਡਾਂ ਵਿਚੋਂ ਚੱਲ ਕੇ ਮਰੀਜ਼ ਆ ਰਹੇ ਸਨ ਤੇ ਅੱਗੇ ਡਾਕਟਰ ਨਾ ਮਿਲਣ ਕਾਰਨ ਇਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਿੰਡ ਚੀਚਾ ਤੋਂ ਇਕ ਮਰੀਜ਼ ਜਸਵੀਰ ਕੌਰ ਆਈ, ਜਿਸ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਦੂਰ ਤੋਂ ਅੱਤ ਦੀ ਗਰਮੀ ਵਿਚ ਚੱਲ ਕੇ ਆਉਂਦੇ ਹਾਂ ਪਰ ਇਥੇ ਕੋਈ ਡਾਕਟਰ ਹਾਜ਼ਰ ਨਹੀਂ ਹੁੰਦਾ। ਜਾਣਕਾਰੀ ਅਨੁਸਾਰ ਰੂਰਲ ਹਸਪਤਾਲ ਭਕਨਾ ਕਲਾਂ ਵਿਚ ਦੋ ਮੈਡੀਕਲ ਡਾਕਟਰ, ਦੋ ਫਾਰਮਾਸਿਸਟ ਦੇ ਨਾਲ ਹੋਰ ਵੀ ਸਟਾਫ ਦੀ ਡਿਊਟੀ ਹੈ ਪਰ ਮੌਜੂਦਾ ਸਮੇਂ ਵਿਚ ਸਿਰਫ ਇਕ ਹੀ ਫਾਰਮਾਸਿਸਟ ਕੰਮ ਸਾਰ ਰਿਹਾ ਹੈ, ਉਸ ਦੀ ਵੀ ਆਮ ਤੌਰ 'ਤੇ ਜ਼ਿਆਦਾ ਬਾਹਰ ਹੀ ਡਿਊਟੀ ਲੱਗੀ ਰਹਿੰਦੀ ਹੈ।
ਕੀ ਆਖਦੇ ਨੇ ਆਗੂ-ਪਿੰਡ ਭਕਨਾ ਦੇ ਸਾਬਕਾ ਫੌਜੀ ਕਿਸ਼ਨ ਮਸੀਹ ਦਾ ਕਹਿਣਾ ਸੀ ਕਿ ਜੇ ਸਰਕਾਰ ਨੇ ਪਿੰਡਾਂ ਦੀ ਭੋਲੀ-ਭਾਲੀ ਗਰੀਬ ਜਨਤਾ ਨੂੰ ਇਨ੍ਹਾਂ ਪੇਂਡੂ ਹਸਪਤਾਲਾਂ ਵਿਚ ਕੋਈ ਸਹੂਲਤ ਹੀ ਨਹੀਂ ਦੇਣੀ ਤਾਂ ਫਿਰ ਇਨ੍ਹਾਂ ਇਮਾਰਤਾਂ 'ਤੇ ਕਰੋੜਾਂ ਰੁਪਏ ਲਾਉਣ ਦਾ ਕੀ ਫਾਇਦਾ। ਸਾਬਕਾ ਸਰਪੰਚ ਰਕੇਸ਼ ਗੁਜਰਾਲ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪਹਿਲਾਂ ਵੀ ਕਈ ਵਾਰ ਹਸਪਤਾਲ ਵਿਚ ਡਾਕਟਰ ਹਾਜ਼ਰ ਕਰਨ ਦੀ ਮੰਗ ਕਰ ਚੁੱਕੇ ਹਾਂ ਪਰ ਸਹਿਤ ਵਿਭਾਗ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਜੋ ਗਰੀਬ ਹਨ, ਉਹ ਵੱਡੇ ਹਸਪਤਾਲਾਂ ਦਾ ਖਰਚਾ ਨਹੀਂ ਝੱਲ ਸਕਦੇ। ਉਨ੍ਹਾਂ ਦੀ ਪਹੁੰਚ ਤਾਂ ਇੱਥੋਂ ਤੱਕ ਹੀ ਹੈ।
ਕੀ ਕਹਿਣਾ ਐੱਸ. ਐੱਮ. ਓ. ਦਾ-ਇਸ ਸਬੰਧੀ ਜਦੋਂ ਸਬੰਧਤ ਐੱਸ. ਐੱਮ. ਓ. ਡਾ. ਸੰਜੇ ਕਪੂਰ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਰੂਰਲ ਹਸਪਤਾਲ ਭਕਨਾ ਵਿਚ ਦੋ ਡਾਕਟਰ ਸਨ। ਡਾ. ਨਰਿੰਦਰ ਤੇ ਡਾ. ਮਨਿੰਦਰ ਇਕ ਪੀ. ਜੀ. ਕਰਨ ਚਲੇ ਗਏ ਤੇ ਦੂਸਰੇ ਦੀ ਹੁਸ਼ਿਆਰਪੁਰ ਬਦਲੀ ਹੋ ਗਈ ਤੇ ਇਸ ਮਸਲੇ ਸਬੰਧੀ ਸਿਵਲ ਸਰਜਨ ਨਾਲ ਗੱਲ ਕਰਕੇ ਕੋਈ ਨਾ ਕੋਈ ਹੱਲ ਲੱਭਿਆ ਜਾਵੇਗਾ। ਕਾਰਨ ਭਾਵੇਂ ਕੋਈ ਵੀ ਹੋਵੇ ਲੋਕ ਤਾਂ ਸਹੂਲਤ ਚਾਹੁੰਦੇ ਹਨ। ਹਸਪਤਾਲ ਵਿਚ ਡਾਕਟਰ ਨਾ ਆਉਣ ਕਾਰਨ ਲੋਕਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ 10-12 ਪਿੰਡਾਂ ਦੀ ਮੰਗ ਹੈ ਕਿ ਭਕਨਾ ਕਲਾਂ ਦੇ ਹਸਪਤਾਲ ਵਿਚ ਡਾਕਟਰਾਂ ਦੀ ਪੱਕੀ ਡਿਊਟੀ ਲਗਾਈ ਜਾਵੇ ।


Related News