ਅਜਨਾਲਾ ਪਰਿਵਾਰ ਦੀ ਇਸ ਹਲਕੇ ’ਚ 32 ਸਾਲ ਬੋਲਦੀ ਰਹੀ ਤੂਤੀ

Monday, Nov 12, 2018 - 06:55 PM (IST)

ਅਜਨਾਲਾ ਪਰਿਵਾਰ ਦੀ ਇਸ ਹਲਕੇ ’ਚ 32 ਸਾਲ ਬੋਲਦੀ ਰਹੀ ਤੂਤੀ

ਜਲੰਧਰ (ਜਸਬੀਰ ਵਾਟਾਂ ਵਾਲੀ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਗ਼ੀ ਅਕਾਲੀ ਸਾਬਕਾ ਐੱਮ ਪੀ ਰਤਨ ਸਿੰਘ ਅਜਨਾਲਾ ਸਮੇਤ ਚਾਰ ਜਣਿਆਂ ਨੂੰ ਅਕਾਲੀ ਦਲ 'ਚੋਂ ਕੱਢੇ ਜਾਣ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਤੂਫਾਨ ਖੜ੍ਹਾ ਹੋ ਗਿਆ। ਇਸ ਫ਼ੈਸਲੇ ਨਾਲ, ਜਿੱਥੇ ਸਿਆਸੀ ਮਾਹਰਾਂ ਨੂੰ ਵੱਡੀ ਹੈਰਾਨੀ ਹੋਈ, ਉੱਥੇ ਰਾਜਨੀਤਕ ਖੇਤਰ ਵਿਚ ਨਵੇਂ ਸਿਆਸੀ ਧੜੇ ਖੜ੍ਹੇ ਹੋਣ ਦੇ ਵੀ ਆਸਾਰ ਪੈਦਾ ਹੋ ਗਏ ਹਨ। ਅਕਾਲੀ ਦਲ ਦੀ ਗੱਲ ਕਰੀਏ ਤਾਂ 1920 ਤੋਂ ਹੋਂਦ ਵਿਚ ਆਈ ਇਸ ਪਾਰਟੀ ਵਿਚ ਇਸ ਤਰ੍ਹਾਂ ਦੇ ਹਾਲਾਤ ਪਹਿਲੀ ਵਾਰ ਬਣੇ ਹਨ ਕਿ ਉਸਨੇ ਆਪਣੇ ਵਰਕਰਾਂ ਖਿਲਾਫ਼ ਅਜਿਹੀ ਕਾਰਵਾਈ ਕੀਤੀ ਹੈ।

PunjabKesari
ਡਾ. ਰਤਨ ਸਿੰਘ ਅਜਨਾਲ ਦੇ ਸਿਆਸੀ ਸਫਰ ’ਤੇ ਝਾਤੀ ਮਾਰੀਏ ਤਾਂ ਅਕਾਲੀ ਦਲ ਦੀ ਟਿਕਟ ਤੋਂ 1985 ਵਿਚ ਉਹ ਪਹਿਲੀ ਵਾਰ ਵਿਧਾਨ ਸਭਾ ਸੀਟ ਜਿੱਤੇ। ਇਸ ਜਿੱਤ ਤੋਂ ਬਾਅਦ ਉਨ੍ਹਾਂ ਨੇ ਅਜਿਹੀ ਉਡਾਣ ਭਰੀ ਕਿ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਵਿਚ 1992 ਵਿਧਾਨ ਸਭਾ ਚੋਣਾਂ ਦਾ ਅਕਾਲੀ ਦਲ ਵੱਲੋਂ ਬਾਈਕਾਟ ਕਰ ਦਿੱਤਾ ਗਿਆ। ਸਾਲ 1997 ਦੀਆਂ ਚੋਣਾਂ ਵਿਚ ਅਕਾਲੀ ਦਲ ਡਾ. ਰਤਨ ਸਿੰਘ ਅਜਨਾਲਾ ਨੇ ਇਕ ਵਾਰ ਫਿਰ ਆਪਣੀ ਸਿਆਸੀ ਪੈਠ ਦੇ ਜੌਹਰ ਦਿਖਾਏ ਅਤੇ ਖਡੂਰ ਸਾਹਿਬ ਹਲਕਾ ਤੋਂ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸਾਲ 2002 ਦੌਰਾਨ ਵੀ ਉਨ੍ਹਾਂ ਦੀ ਜਿੱਤ ਦਾ ਸਿਲਸਿਲਾ ਜਾਰੀ ਰਿਹਾ ਅਤੇ ਇਕ ਵਾਰ ਫਿਰ ਉਹ ਇਸ ਇਲਾਕੇ ਦੇ ਐੱਮ.ਐੱਲ.ਏ ਬਣ ਗਏ। 
ਸਾਲ 2007 ਦੌਰਾਨ ਉਨ੍ਹਾਂ ਨੇ ਖਡੂਰ ਸਭਾ ਹਲਕਾ ਤੋਂ ਚੋਣ ਨਹੀਂ ਲੜੀ ਕਿਉਂਕਿ ਇਸ ਵਾਰ ਅਕਾਲੀ ਦਲ ਵੱਲੋਂ ਉਨ੍ਹਾਂ ਬੇਟੇ ਨੂੰ ਟਿਕਟ ਦਿੱਤੀ ਗਈ ਸੀ। ਇਸ ਤੋਂ ਬਾਅਦ ਤਾਂ ਖਡੂਰ ਸਾਹਿਬ ਹਲਕਾ ਉੱਤੇ ਇਕ ਤਰ੍ਹਾਂ ਨਾਲ ਅਜਨਾਲਾ ਪਰਿਵਾਰ ਦਾ ਹੀ ਕਬਜਾ ਹੀ ਹੋ ਗਿਆ ਅਤੇ ਡਾ. ਰਤਨ ਸਿੰਘ ਅਜਨਾਲਾ ਦੇ ਬੇਟੇ ‘ਅਮਰਪਾਲ ਸਿੰਘ ਬੋਨੀ’ ਵੀ ਇਸ ਇਲਾਕੇ ਦੇ ਐੱਮ.ਐੱਲ. ਏ ਬਣ ਗਏ। 

PunjabKesari
ਇਸ ਤੋਂ ਬਾਅਦ ਡਾ. ਰਤਨ ਸਿੰਘ ਅਜਨਾਲਾ ਨੇ ਅਕਾਲੀ ਦਲ ਦੀ ਹੀ ਟਿਕਟ ਤੋਂ ਸਾਲ 2009 ਦੀ ਪਹਿਲੀ ਵਾਰ ਲੋਕ ਸਭਾ ਚੋਣ ਲੜੀ। ਇਸ ਚੋਣ ਦੌਰਾਨ ਵੀ ਉਨ੍ਹਾਂ ਨੇ ਜਿੱਤ ਦੇ ਸਿਲਸਲੇ ਨੂੰ ਬਰਕਰਾਰ ਰੱਖਿਆ। ਇਸ ਦੌਰਾਨ ਡਾ. ਅਜਨਾਲਾ ਜਿੱਥੇ ਖਡੂਰ ਸਾਹਿਬ ਹਲਕੇ ਐਮ. ਪੀ. ਸਨ, ਉੱਥੇ ਹੀ ਉਨ੍ਹਾਂ ਦੇ ਪੁੱਤਰ ਬੋਨੀ ਅਜਨਾਲਾ ਵੀ ਇਸ ਇਲਾਕੇ ਦੇ ਐੱਮ.ਐੱਲ.ਏ. ਸਨ । ਇਹ ਦੌਰ ਅਜਨਾਲਾ ਪਰਿਵਾਰ ਲਈ ਇਕ ਤਰ੍ਹਾਂ ਨਾਲ ਸੁਨਹਿਰੀ ਦੌਰ ਸੀ। ਇਸ ਸੁਨਹਿਰੀ ਦੌਰ ਦਾ ਅੰਤ ਸਾਲ 2017 ਦੀਆਂ ਚੋਣਾਂ ਦੌਰਾਨ ਹੋਇਆ ਜਦੋਂ ਅਕਾਲੀ ਦਲ ਪੰਜਾਬ ਵਿਚ ਲਗਪਗ ਸੀਟਾਂ ਹਾਰ ਗਿਆ। ਇਸ ਹਾਰ ਦਾ ਕਾਰਨ ਭਾਵੇਂ ਕੁਝ ਵੀ ਰਿਹਾ ਹੋਵੇ ਪਰ ਜੇ ਇਹ ਕਿਹਾ ਜਾਵੇ ਕਿ 32 ਸਾਲ ਸਾਲ ਖਡੂਰ ਸਾਹਿਬ ਵਿਚ ਅਜਨਾਲਾ ਪਰਿਵਾਰ ਦੀ ਹੀ ਤੂਤੀ ਬੋਲਦੀ ਰਹੀ ਹੈ, ਕੋਈ ਅਤਕੱਥਨੀ ਨਹੀਂ ਹੋਵੇਗੀ।


Related News