ਦਾਲਾਂ ਘੱਟ ਵੰਡਣ ਦੀ ਸ਼ਿਕਾਇਤ 'ਤੇ ਰਾਸ਼ਨ ਡਿਪੂ 'ਤੇ ਮਾਰਿਆ ਗਿਆ ਛਾਪਾ

Tuesday, May 05, 2020 - 12:42 PM (IST)

ਦਾਲਾਂ ਘੱਟ ਵੰਡਣ ਦੀ ਸ਼ਿਕਾਇਤ 'ਤੇ ਰਾਸ਼ਨ ਡਿਪੂ 'ਤੇ ਮਾਰਿਆ ਗਿਆ ਛਾਪਾ

ਫਰੀਦਕੋਟ(ਜਗਤਾਰ ਦੁਸਾਂਝ) - ਸਥਾਨਕ ਡੋਗਰ ਬਸਤੀ ਦੇ ਸਰਕਾਰੀ ਰਾਸ਼ਨ ਡਿਪੂ ਵਿਖੇ ਗਰੀਬ ਲੋਕਾਂ ਨੂੰ ਵੰਡੇ ਜਾ ਰਹੇ ਰਾਸ਼ਨ ਵਿਚ ਦਾਲ ਘੱਟ ਦਿੱਤੇ ਜਾਣ ਦੀ ਸ਼ਿਕਾਇਤ 'ਤੇ ਫੂਡ ਸਪਲਾਈ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਟੀਮ ਨੇ ਰਾਸ਼ਨ ਦੀ ਵੰਡ ਨੂੰ ਰੋਕਦਿਆਂ ਸਟਾਕ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਜੇਕਰ ਸਟਾਕ ਵਿਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਡਿਪੂ ਧਾਰਕ ਖਿਲਾਫ ਕਾਰਵਾਈ ਕੀਤੀ ਜਾਵੇਗੀ। 

ਜਾਣਕਾਰੀ ਅਨੁਸਾਰ ਡੋਗਰਾ ਬਸਤੀ ਸਥਿਤ ਰਾਸ਼ਨ ਡੀਪੂ ਹੋਲਡਰ ਰਾਜੂ ਵਲੋਂ ਸੋਮਵਾਰ ਨੂੰ ਸੂਬਾ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਲਈ ਆਈ ਮੁਫਤ ਕਣਕ ਵੰਡੀ ਜਾ ਰਹੀ ਸੀ। ਇਸ ਦੌਰਾਨ ਰਾਸ਼ਨ ਲੈਣ ਵਾਲੇ ਇੱਕ ਕਾਰਡ ਧਾਰਕ ਅਸ਼ਵਨੀ ਕੁਮਾਰ ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਕਿ ਉਕਤ ਡਿਪੂ ਹੋਲਡਰ ਨੇ ਉਸ ਨੂੰ ਤਿੰਨ ਕਿੱਲੋ ਦੀ ਬਜਾਏ ਸਵਾ ਦੋ ਕਿਲੋ ਦਾਲ ਦਿੱਤੀ। ਸ਼ਿਕਾਇਤ 'ਤੇ ਡੀ.ਸੀ. ਨੇ ਫੂਡ ਸਪਲਾਈ ਵਿਭਾਗ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਵਿਭਾਗ ਦੀ ਛਾਪੇਮਾਰੀ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਉਕਤ ਡਿਪੂ ਹੋਲਡਰ ਕਿਸੇ ਹੋਰ ਜਗ੍ਹਾ ਰਾਸ਼ਨ ਵੰਡ ਰਿਹਾ ਸੀ, ਜਿਸ ਬਾਰੇ ਉਸਨੇ ਵਿਭਾਗ ਨੂੰ ਵੀ ਨਹੀਂ ਦੱਸਿਆ ਸੀ। ਇਸ ਮਾਮਲੇ ਵਿਚ ਡਿਪੂ ਧਾਰਕ ਨੇ ਉਸ ਵਿਰੁੱਧ ਝੂਠੀ ਸ਼ਿਕਾਇਤ ਕਰਨ ਦਾ ਦਾਅਵਾ ਕੀਤਾ ਜਦੋਂ ਉਹ ਸਾਰੇ ਪਰਿਵਾਰਾਂ ਨੂੰ ਤਿੰਨ ਕਿਲੋ ਦਾਲ ਵੰਡ ਰਿਹਾ ਸੀ।

ਇਸ ਮੌਕੇ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਡਿਪੂ ਧਾਰਕ ਆਪਣੀ ਦੁਕਾਨ ਦੀ ਬਜਾਏ ਕਿਸੇ ਹੋਰ ਜਗ੍ਹਾ 'ਤੇ ਰਾਸ਼ਨ ਵੰਡ ਰਿਹਾ ਸੀ, ਜਿਸ ਬਾਰੇ ਉਸਨੇ ਵਿਭਾਗ ਨੂੰ ਸੂਚਿਤ ਨਹੀਂ ਕੀਤਾ। ਸ਼ਿਕਾਇਤ ਦੇ ਅਧਾਰ 'ਤੇ ਵਿਭਾਗ ਵੱਲੋਂ ਡਿਪੂ ਧਾਰਕ ਦੇ ਸਟਾਕ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੁਆਰਾ ਵੰਡੇ ਗਏ ਰਾਸ਼ਨ ਦੀ ਵੀ ਪੜਤਾਲ ਕੀਤੀ ਜਾਏਗੀ ਜਿਸ ਦੇ ਅਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
 


author

Harinder Kaur

Content Editor

Related News