''ਰਾਸ਼ਟਰੀ ਸਿੱਖ ਸੰਗਤ'' ਲੜ ਸਕਦੈ SGPC ਚੋਣਾਂ, ਆਖ਼ਰੀ ਫ਼ੈਸਲਾ ਅਗਲੇ ਮਹੀਨੇ
Saturday, Dec 12, 2020 - 01:20 PM (IST)
ਚੰਡੀਗੜ੍ਹ : 'ਰਾਸ਼ਟਰੀ ਸਿੱਖ ਸੰਗਤ' ਵੱਲੋਂ ਸਿੱਖ ਸੰਗਤਾਂ 'ਚ ਪ੍ਰਭਾਵ ਬਣਾਉਣ ਦੀ ਰਣਨੀਤੀ ਬਣਾਈ ਜਾ ਰਹੀ ਹੈ। ਇਸ ਦੇ ਚੱਲਦਿਆਂ 'ਰਾਸ਼ਟਰੀ ਸਿੱਖ ਸੰਗਤ' ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਸਕਦਾ ਹੈ। ਇਸ ਬਾਰੇ ਆਖ਼ਰੀ ਫ਼ੈਸਲਾ ਅਗਲੇ ਮਹੀਨੇ ਹੋਣ ਵਾਲੀ ਕੋਰ ਕਮੇਟੀ ਦੀ ਬੈਠਕ 'ਚ ਲਿਆ ਜਾਵੇਗਾ। ਜੇਕਰ 'ਰਾਸ਼ਟਰੀ ਸਿੱਖ ਸੰਗਤ' ਵੱਲੋਂ ਐਸ. ਜੀ. ਪੀ. ਸੀ. ਚੋਣਾਂ ਲੜੀਆਂ ਜਾਂਦੀਆਂ ਹਨ ਤਾਂ ਯਕੀਨੀ ਤੌਰ 'ਤੇ ਨਵੇਂ ਸਮੀਕਰਣ ਬਣਨਗੇ।
'ਰਾਸ਼ਟਰੀ ਸਿੱਖ ਸੰਗਤ' ਦੇ ਕੌਮੀ ਜਨਰਲ ਸਕੱਤਰ ਰਘੁਬੀਰ ਸਿੰਘ ਮੁਤਾਬਕ ਜਨਵਰੀ 'ਚ ਕੋਰ ਕਮੇਟੀ ਦੀ ਬੈਠਕ 'ਚ ਇਸ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ। ਬੈਠਕ 'ਚ ਸਹਿਜਧਾਰੀਆਂ ਨੂੰ ਐਸ. ਜੀ. ਪੀ. ਸੀ. ਦੀਆਂ ਚੋਣਾਂ 'ਚ ਵੋਟਾਂ ਪਾਉਣ ਦਾ ਅਧਿਕਾਰ ਦੇਣ ਦੇ ਮੁੱਦੇ 'ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਫਿਲਹਾਲ ਸੰਗਠਨ ਨੇ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਇਕਾਈਆਂ ਗਠਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ : CBSE ਵੱਲੋਂ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਨੋਟੀਫਿਕੇਸ਼ਨ ਜਾਰੀ, ਦਿੱਤੀ ਗਈ ਇਹ ਸਲਾਹ
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਟੁੱਟਣ ਤੋਂ ਬਾਅਦ ਇਹ ਪਹਿਲੀਆਂ ਐਸ. ਜੀ. ਪੀ. ਸੀ. ਚੋਣਾਂ ਹੋਣਗੀਆਂ। 'ਰਾਸ਼ਟਰੀ ਸਿੱਖ ਸੰਗਤ' ਨੇ ਕਦੇ ਵੀ ਐਸ. ਜੀ. ਪੀ. ਸੀ. ਦੀਆਂ ਚੋਣਾਂ 'ਚ ਹਿੱਸਾ ਨਹੀਂ ਲਿਆ ਹੈ ਪਰ ਕਿਉਂਕਿ ਭਾਜਪਾ ਦਾ ਅਕਾਲੀ ਦਲ ਨਾਲ ਗਠਜੋੜ ਰਿਹਾ ਹੈ, ਇਸ ਲਈ ਉਹ ਅਕਾਲੀ ਦਲ ਦਾ ਹੀ ਸਮਰਥਨ ਕਰਦਾ ਰਿਹਾ ਹੈ।
ਕਈ ਸਾਲਾਂ ਤੋਂ ਐਸ. ਜੀ. ਪੀ. ਸੀ. 'ਤੇ ਅਕਾਲੀ ਦਲ ਦਾ ਦਬਦਬਾ ਰਿਹਾ ਹੈ ਪਰ ਇਸ ਵਾਰ ਹਾਲਾਤ ਬਦਲੇ ਹੋਏ ਹਨ। ਦੂਜੇ ਪਾਸੇ ਭਾਜਪਾ ਪੰਜਾਬ 'ਚ ਆਪਣਾ ਪ੍ਰਚਾਰ ਵਧਾਉਣ ਲਈ ਜ਼ੋਰ ਲਗਾ ਰਹੀ ਹੈ। ਅਜਿਹਾ ਲੱਗਦਾ ਹੈ ਕਿ ਪਾਰਟੀ ਐਸ. ਜੀ. ਪੀ. ਸੀ. ਚੋਣਾਂ 'ਚ ਵੀ ਇਸ ਵਾਰ ਆਪਣੀ ਅਹਿਮ ਭੂਮਿਕਾ ਨਿਭਾਅ ਸਕਦੀ ਹੈ।
ਨੋਟ : 'ਰਾਸ਼ਟਰੀ ਸਿੱਖ ਸੰਗਤ' ਵੱਲੋਂ ਐਸ. ਜੀ. ਪੀ. ਸੀ. ਚੋਣਾਂ ਲੜਨ ਸਬੰਧੀ 'ਚ ਦਿਓ ਰਾਏ