ਬੋਰਡ ਦੇ ਪੱਖਪਾਤੀ ਵਤੀਰੇ ਖਿਲਾਫ ਰਾਸਾ ਦੇ 5400 ਸਕੂਲਾਂ ਨੇ ਮਨਾਇਆ ਕਾਲਾ ਦਿਨ

01/08/2020 3:56:57 PM

ਅੰਮ੍ਰਿਤਸਰ (ਦਲਜੀਤ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰਾਜ ਦੇ 5400 ਮਾਨਤਾ ਪ੍ਰਾਪਤ ਅਤੇ ਐਫੀਲਿਏਟਿਡ ਸਕੂਲਾਂ ਨਾਲ ਕੀਤੇ ਜਾ ਰਹੇ ਪੱਖਪਾਤ ਦੇ ਵਿਰੋਧ 'ਚ ਸਮੂਹ ਸਕੂਲਾਂ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਕਾਲੇ ਦਿਨ ਅਧੀਨ ਕਾਲੇ ਬਿੱਲੇ ਲਾ ਕੇ ਬੋਰਡ ਅਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਮਾਨਤਾ ਪ੍ਰਾਪਤ ਅਤੇ ਐਫੀਲਿਏਟਿਡ ਸਕੂਲਜ਼ ਐਸੋਸੀਏਸ਼ਨ (ਰਾਸਾ) ਨੇ ਐਲਾਨ ਕੀਤਾ ਕਿ ਜੇਕਰ ਬੋਰਡ ਵੱਲੋਂ ਆਪਣੇ ਪੱਖਪਾਤੀ ਵਤੀਰੇ ਨੂੰ ਨਾ ਬਦਲਿਆ ਗਿਆ ਤਾਂ ਰਾਜ ਦੇ ਸਾਰੇ ਸਕੂਲਾਂ ਨੂੰ ਬੰਦ ਕਰ ਕੇ ਚਾਬੀਆਂ ਮੁੱਖ ਮੰਤਰੀ ਨੂੰ ਸੌਂਪ ਦਿੱਤੀਆਂ ਜਾਣਗੀਆਂ।

ਜਾਣਕਾਰੀ ਅਨੁਸਾਰ ਰਾਸਾ ਦੀ ਅਗਵਾਈ 'ਚ ਪੰਜਾਬ ਭਰ ਦੇ 5400 ਸਕੂਲਾਂ ਦੇ 4 ਲੱਖ ਅਧਿਆਪਕਾਂ ਅਤੇ 10 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਇਸ ਰੋਸ ਪ੍ਰਦਰਸ਼ਨ 'ਚ ਹਿੱਸਾ ਲਿਆ। ਰਾਸਾ ਦੇ ਸੂਬਾ ਜਨਰਲ ਸਕੱਤਰ ਸੁਜੀਤ ਕੁਮਾਰ ਬਬਲੂ ਨੇ ਦੱਸਿਆ ਕਿ ਬੋਰਡ ਵੱਲੋਂ ਉਨ੍ਹਾਂ ਦੇ ਸਕੂਲਾਂ ਨਾਲ ਸ਼ੁਰੂ ਤੋਂ ਹੀ ਪੱਖਪਾਤ ਕੀਤਾ ਜਾ ਰਿਹਾ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਜੋ ਲਾਭ ਦਿੱਤੇ ਜਾ ਰਹੇ ਹਨ, ਉਹ ਰਾਸਾ ਦੀ ਅਗਵਾਈ ਕਰਨ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਹੀਂ ਦਿੱਤੇ ਜਾ ਰਹੇ। ਬੋਰਡ ਵੱਲੋਂ 5ਵੀਂ ਅਤੇ 8ਵੀਂ ਦਾ ਦਾਖਲਾ ਫੀਸ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਤੋਂ ਨਹੀਂ ਲਿਆ ਗਿਆ ਪਰ ਰਾਸਾ ਦੇ ਸਕੂਲਾਂ 'ਚ ਪੜ੍ਹਨ ਵਾਲੇ 5 ਲੱਖ ਤੋਂ ਵੱਧ ਵਿਦਿਆਰਥੀਆਂ ਤੋਂ 4 ਕਰੋੜ ਤੋਂ ਵੱਧ ਰੁਪਏ ਦੀ ਰਾਸ਼ੀ ਵਸੂਲੀ ਗਈ ਹੈ। ਜਿਸ ਤਰ੍ਹਾਂਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਡ-ਡੇ ਮੀਲ, ਗਰਮੀ ਅਤੇ ਸਰਦੀ ਦੀ ਮੁਫਤ ਵਰਦੀ ਤੋਂ ਇਲਾਵਾ ਵਜ਼ੀਫੇ, ਕਿਤਾਬਾਂ ਆਦਿ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਉਸੇ ਤਰ੍ਹਾਂ ਦੀਆਂ ਸਹੂਲਤਾਂ ਉਨ੍ਹਾਂ ਦੇ ਸਕੂਲਾਂ 'ਚ ਪੜ੍ਹਨ ਵਾਲੇ ਕਿਸੇ ਵੀ ਵਿਦਿਆਰਥੀ ਨੂੰ ਨਹੀਂ ਦਿੱਤੀਆਂ ਜਾਂਦੀਆਂ, ਜਿਹੋ-ਜਿਹੇ ਸਰਕਾਰੀ ਸਕੂਲਾਂ 'ਚ ਜ਼ਰੂਰਤਮੰਦ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ, ਉਸੇ ਤਰ੍ਹਾਂ ਉਨ੍ਹਾਂ ਦੇ ਸਕੂਲਾਂ 'ਚ ਵੀ ਗਰੀਬ ਲੋਕਾਂ ਦੇ ਬੱਚੇ ਪੜ੍ਹ ਰਹੇ ਹਨ।

ਘੱਟ ਫੀਸ 'ਚ ਦੇ ਰਹੇ ਚੰਗੀ ਸਿੱਖਿਆ
ਰਾਸਾ ਦੇ ਸਾਰੇ ਸਕੂਲ ਮਹਿੰਗਾਈ ਦੇ ਦੌਰ 'ਚ ਘੱਟ ਫੀਸ ਲੈ ਕੇ ਬੱਚਿਆਂ ਨੂੰ ਵਧੀਆ ਮਾਹੌਲ 'ਚ ਚੰਗੀ ਸਿੱਖਿਆ ਦੇ ਰਹੇ ਹਨ। ਬੋਰਡ ਵੱਲੋਂ ਹਰ ਸਾਲ ਕਿਸੇ ਨਾ ਕਿਸੇ ਫੀਸ ਦੇ ਨਾਂ 'ਤੇ 10 ਕਰੋੜ ਦੇ ਕਰੀਬ ਰਾਸਾ ਦੇ ਸਕੂਲਾਂ ਤੋਂ ਪੈਸੇ ਇਕੱਠੇ ਕੀਤੇ ਜਾਂਦੇ ਹਨ। ਸ਼ਰਮਾ ਨੇ ਕਿਹਾ ਕਿ ਬੋਰਡ ਵੱਲੋਂ ਇਕ ਪਾਸੇ ਕਰੋੜਾਂ ਰੁਪਏ ਦੀ ਰਾਸ਼ੀ ਸਾਡੇ ਸਕੂਲਾਂ ਤੋਂ ਲਈ ਜਾਂਦੀ ਹੈ ਅਤੇ ਦੂਜਾ ਉਨ੍ਹਾਂ ਨੂੰ ਲਾਭ ਦੇਣ ਦੀ ਬਜਾਏ ਅੱਖਾਂ ਦਿਖਾਈਆਂ ਜਾ ਰਹੀਆਂ ਹਨ, ਜਿਸ ਨੂੰ ਰਾਸਾ ਕਿਸੇ ਵੀ ਹਾਲਤ ਵਿਚ ਮਨਜ਼ੂਰ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਮਾਨਤਾ ਪ੍ਰਾਪਤ ਅਤੇ ਐਫੀਲਿਏਟਿਡ ਸਕੂਲਾਂ ਦੀ ਹਰ ਮੰਗ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਸਰਕਾਰ ਦੀ ਕਾਰਗੁਜ਼ਾਰੀ ਦੇਖ ਕੇ ਸਾਬਤ ਹੋ ਗਿਆ ਹੈ ਕਿ ਕਾਂਗਰਸ ਸਰਕਾਰ 'ਚ ਅਫਸਰਸ਼ਾਹੀ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਰਾਜ ਦੇ ਸਾਰੇ ਸਕੂਲਾਂ ਨੂੰ ਤਾਲੇ ਲਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਬੀਆਂ ਸੌਂਪੀਆਂ ਜਾਣਗੀਆਂ।


Anuradha

Content Editor

Related News