ਗੈਂਗਵਾਰ ਦੌਰਾਨ ਗੋਲੀਆਂ ਚਲਾਉਣ ਵਾਲਾ ਤੇਗਾ ਹੈਰੋਇਨ ਸਮੇਤ ਗ੍ਰਿਫਤਾਰ
Saturday, Jul 28, 2018 - 06:20 AM (IST)

ਜਲੰਧਰ, (ਵਰੁਣ)— ਚੌਕੀ ਬੱਸ ਸਟੈਂਡ ਦੀ ਪੁਲਸ ਨੇ 2015 ਵਿਚ ਕੋਰਟ ਕੰਪਲੈਕਸ ਦੇ ਬਾਹਰ ਹੋਈ ਗੈਂਗਵਾਰ ਦੌਰਾਨ ਗੋਲੀਆਂ ਚਲਾਉਣ ਵਾਲੇ ਬਦਮਾਸ਼ ਤੇਗਵੀਰ ਸਿੰਘ ਉਰਫ ਤੇਗਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਤੋਂ 3 ਗ੍ਰਾਮ ਹੈਰੋਇਨ ਮਿਲੀ ਹੈ। ਤੇਗਾ ਵਿਰੁੱਧ ਲੜਾਈ-ਝਗੜੇ ਅਤੇ ਫਾਇਰਿੰਗ ਕਰਨ ਦੇ ਕਰੀਬ ਅੱਧੀ ਦਰਜਨ ਕੇਸ ਦਰਜ ਹਨ। ਥਾਣਾ ਨੰਬਰ 6 ਦੇ ਇੰਚਾਰਜ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਚੌਕੀ ਬੱਸ ਸਟੈਂਡ ਦੇ ਇੰਚਾਰਜ ਸੇਵਾ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਬਦਮਾਸ਼ ਤੇਗਾ ਜੀ. ਐੱਸ. ਟੀ. ਭਵਨ ਦੇ ਕੋਲ ਹੈਰੋਇਨ ਦੀ ਸਪਲਾਈ ਦੇਣ ਆ ਰਿਹਾ ਹੈ। ਪੁਲਸ ਨੇ ਤੁਰੰਤ ਜੀ. ਐੱਸ. ਟੀ. ਭਵਨ ਦੇ ਕੋਲ ਟਰੈਪ ਲਗਾ ਲਿਆ। ਜਿਉਂ ਹੀ ਤੇਗਾ ਬਾਈਕ ’ਤੇ ਆਇਆ ਤਾਂ ਪੁਲਸ ਨੇ ਉਸਨੂੰ ਕਾਬੂ ਕਰ ਲਿਆ। ਪੁਲਸ ਨੇ ਤੇਗੇ ਦੀ ਤਲਾਸ਼ੀ ਲਈ ਤਾਂ ਉਸ ਤੋਂ 3 ਗ੍ਰਾਮ ਹੈਰੋਇਨ ਬਰਾਮਦ ਹੋਈ। ਚੌਕੀ ਇੰਚਾਰਜ ਸੇਵਾ ਸਿੰਘ ਨੇ ਕਿਹਾ ਕਿ ਤੇਗਵੀਰ ਸਿੰਘ ਪੁੱਤਰ ਸਕੱਤਰ ਸਿੰਘ ਨਿਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ ਵਿਰੁੱਧ ਥਾਣਾ 1 ਵਿਚ ਲੜਾਈ ਝਗੜੇ ਦੇ 5 ਕੇਸ ਦਰਜ ਹਨ। ਜਦਕਿ 2015 ਵਿਚ ਉਸਨੇ ਕੋਰਟ ਕੰਪਲੈਕਸ ਦੇ ਬਾਹਰ ਹੋਈ ਗੈਂਗਵਾਰ ਦੌਰਾਨ ਐਂਟੀ ਗੈਂਗ ’ਤੇ ਗੋਲੀਆਂ ਵਰ੍ਹਾਈਆਂ ਸਨ। ਇਸ ਸਬੰਧੀ ਥਾਣਾ ਨਵੀਂ ਬਾਰਾਂਦਰੀ ਵਿਚ ਕੇਸ ਦਰਜ ਕੀਤਾ ਸੀ। ਤੇਗੇ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਹ ਕਰਤਾਰਪੁਰ ਦੇ ਟਿੱਡੀ ਨਾਂ ਦੇ ਸਮੱਗਲਰ ਤੋਂ ਹੈਰੋਇਨ ਲੈਂਦਾ ਸੀ। ਤੇਗਾ ਖੁਦ ਵੀ ਹੈਰੋਇਨ ਦਾ ਨਸ਼ਾ ਕਰਦਾ ਹੈ, ਜਦਕਿ ਵੇਚਣ ਦਾ ਕੰਮ ਵੀ ਕਰਦਾ ਹੈ।
ਪੁਲਸ ਨੇ ਤੇਗੇ ਨੂੰ ਗ੍ਰਿਫਤਾਰ ਕਰ ਕੇ ਉਸਦੇ ਲਿੰਕ ਜਾਣਨ ਲਈ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਸ ਉਸਦੇ ਮੋਬਾਇਲ ਦੀ ਕਾਲ ਡਿਟੇਲ ਵੀ ਕਢਵਾ ਰਹੀ ਹੈ।