ਨਾਬਾਲਗ ਲੜਕੀ ਨਾਲ ਜ਼ਬਰ-ਜਨਾਹ ਕਰਨ ਵਾਲਾ ਦੋਸ਼ੀ ਨਾਮਜ਼ਦ
Friday, Mar 16, 2018 - 06:05 PM (IST)
ਹੁਸ਼ਿਆਰਪੁਰ (ਅਮਰਿੰਦਰ) — ਥਾਣਾ ਬੱਲੋਵਾਲ ਪੁਲਸ ਨੇ 16 ਸਾਲਾ ਨਾਬਾਲਗ ਲੜਕੀ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਜ਼ਬਰ-ਜਨਾਹ ਕਰਨ ਦੇ ਦੋਸ਼ੀ ਦੇ ਖਿਲਾਫ ਪੁਲਸ ਨੇ ਕੇਸ ਦਰਜ ਕੀਤਾ ਹੈ।
ਥਾਣਾ ਬੁੱਲੋਵਾਲ ਪੁਲਸ ਦੇ ਸਾਹਮਣੇ ਦਿੱਤੇ ਬਿਆਨ 'ਚ ਚੱਕ ਗੁਜਰਾਂ ਪਿੰਡ ਦੀ ਰਹਿਣ ਵਾਲੀ 16 ਸਾਲਾ ਪੀੜਤਾ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੇ ਹੀ ਰਹਿਣ ਵਾਲੇ ਲੜਕੇ ਗੁਰਪ੍ਰੀਤ ਸਿੰਘ ਦੇ ਘਰ ਦੇ ਅਗਿਓ ਲੰਘ ਰਹੀ ਸੀ। ਇਸੇ ਦੌਰਾਨ ਗੁਰਪ੍ਰੀਤ ਉਸ ਨੂੰ ਧੋਖੇ ਨਾਲ ਬੁਲਾ ਕੇ ਆਪਣੇ ਘਰ ਲੈ ਗਿਆ ਤੇ ਉਸ ਨੂੰ ਕੋਈ ਨਸ਼ੀਲੀ ਚੀਜ਼ ਪਿਲਾ ਦਿੱਤੀ, ਜਿਸ ਤੋਂ ਬਾਅਦ ਉਕਤ ਦੋਸ਼ੀ ਨੇ ਉਸ ਨਾਲ ਜ਼ਬਹਰ ਜਨਾਹ ਕੀਤਾ ਤੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਵੀ ਖਿੱਚੀਆਂ। ਜਦ ਉਸ ਨੂੰ ਹੋਸ਼ ਆਇਆ ਤਾਂ ਦੋਸ਼ੀ ਉਸ ਨੂੰ ਧਮਕਾਉਣ ਲੱਗਾ ਕਿ ਜੇਕਰ ਉਸ ਨੇ ਕਿਸੇ ਨੂੰ ਇਸ ਸੰਬੰਧੀ ਦੱਸਿਆ ਤਾਂ ਉਹ ਉਸ ਦੇ ਪਰਿਵਾਰਕ ਮੈਂਬਰਾਂ ਦਾ ਕਤਲ ਕਰ ਦੇਵੇਗਾ।
ਇਸ ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਪੁਲਸ ਅਧਿਕਾਰੀ ਸੰਦੀਪ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਗੁਰਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ।
