ਜਬਰ-ਜ਼ਨਾਹ ਪੀੜਤਾਂ ਦੇ ਮਾਪਿਆਂ ਨਾਲ ਕੁੱਟ-ਮਾਰ ਕਰਨ ਵਾਲੇ 2 ਗ੍ਰਿਫਤਾਰ
Thursday, Mar 19, 2020 - 06:47 PM (IST)
ਜਲਾਲਾਬਾਦ (ਸੇਤੀਆ, ਟੀਨੂੰ, ਸੁਮਿਤ) - ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਬੀਤੇ ਦਿਨੀਂ ਇਕ ਜਬਰ-ਜ਼ਨਾਹ ਪੀੜਤ ਕੁੜੀ ਦੇ ਘਰ ’ਚ ਦਾਖਲ ਹੋ ਕੇ ਉਸਦੇ ਮਾਤਾ-ਪਿਤਾ ਨਾਲ ਕੁੱਟ-ਮਾਰ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰਨ ਦੇ ਮਾਮਲੇ ’ਚ ਨਾਮਜ਼ਦ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਸਿਟੀ ਪੁਲਸ ’ਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਜਸਪਾਲ ਸਿੰਘ ਢਿੱਲੋਂ ਤੇ ਥਾਣਾ ਮੁਖੀ ਅਮਰਿੰਦਰ ਸਿੰਘ ਨੇ ਦੱਸਿਆ ਕਿ 15 ਮਾਰਚ ਦੀ ਰਾਤ ਨੂੰ ਸ਼ਹਿਰ ’ਚ ਜਬਰ-ਜ਼ਨਾਹ ਪੀੜਤਾਂ ਦੇ ਘਰ ਦਾਖਲ ਹੋ ਕੇ ਦਰਜਨ ਭਰ ਲੋਕਾਂ ਨੇ ਕੁੱਟ-ਮਾਰ ਕੀਤੀ। ਕੁੱਟਮਾਰ ਦੌਰਾਨ ਉਕਤ ਲੋਕਾਂ ਨੇ ਬਲਦੇਵ ਸਿੰਘ ਅਤੇ ਉਸਦੀ ਪਤਨੀ ਨੂੰ ਸੱਟਾਂ ਮਾਰੀਆਂ ਸਨ, ਜਿਸ ’ਚ ਪੁਲਸ ਨੇ 10 ਲੋਕਾਂ ਨੂੰ ਨਾਮਜ਼ਦ ਅਤੇ 2 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਸੀ।
ਇਸ ਮਾਮਲੇ ’ਚ ਨਾਮਜ਼ਦ ਰਾਜਨ ਪੁੱਤਰ ਕ੍ਰਿਸ਼ਨ ਵਾਸੀ ਜਲਾਲਾਬਾਦ ਅਤੇ ਸੋਨੂੰ ਉਰਫ ਮੋਨੂੰ ਪੁੱਤਰ ਸੁਖਵਿੰਦਰ ਸਿੰਘ ਵਾਸੀ ਜਲਾਲਾਬਾਦ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਇਲਾਕੇ ’ਚ ਕਿਸੇ ਨੂੰ ਵੀ ਅਮਨ-ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਧਰ ਗ੍ਰਿਫਤਾਰ ਦੋਸ਼ੀਆਂ ਨੇ ਦੱਸਿਆ ਕਿ ਉਹ ਲਖਵਿੰਦਰ ਸਿੰਘ ਦੇ ਕਹਿਣ ’ਤੇ ਉਸ ਨਾਲ ਗਏ ਸੀ ਅਤੇ ਇਸ ਦੌਰਾਨ ਉਨ੍ਹਾਂ ਦਾ ਕੁੜੀ ਦੇ ਪਰਿਵਾਰ ਨਾਲ ਝਗੜਾ ਹੋ ਗਿਆ। ਉਨ੍ਹਾਂ ਦੱਸਿਆ ਕਿ ਸਿਰਫ ਦੋਸਤ ਦੀ ਗੱਲ ਰੱਖਣ ਲਈ ਉਨ੍ਹਾਂ ਨੂੰ ਨਾਲ ਜਾਣਾ ਪਿਆ ਅਤੇ ਇਹ ਕਿਹਾ ਗਿਆ ਸੀ ਕਿ ਕੁੜੀ ਨੂੰ ਲੈ ਕੇ ਆਉਣਾ ਹੈ ਪਰ ਮੌਕੇ ’ਤੇ ਲੜਾਈ ਵਧ ਗਈ ਅਤੇ ਕੁੱਟ-ਮਾਰ ਹੋ ਗਈ।