ਖੰਨਾ 'ਚ ਵਿਦੇਸ਼ੀ ਵਿਦਿਆਰਥਣ ਨਾਲ ਹੋਇਆ ਸੀ ਜਬਰ-ਜ਼ਿਨਾਹ, ਮਾਮਲੇ 'ਚ ਆਇਆ ਨਵਾਂ ਮੋੜ
Friday, Feb 17, 2023 - 10:14 AM (IST)
ਖੰਨਾ (ਜ. ਬ.) : ਵਿਦੇਸ਼ੀ ਵਿਦਿਆਰਥਣ ਨੂੰ ਫਲੈਟ ’ਚ ਪਨਾਹ ਦੇਣ ਦੇ ਬਹਾਨੇ ਜਬਰ-ਜ਼ਿਨਾਹ ਕਰਨ ਦੇ ਮਾਮਲੇ ’ਚ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ’ਚ ਜਦੋਂ ਕਥਿਤ ਦੋਸ਼ੀ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ ਤਾਂ ਦੂਜੇ ਪਾਸੇ ਪੀੜਤ ਵਿਦਿਆਰਥਣ ਨੂੰ ਵੀ ਧਾਰਾ 164 ਅਧੀਨ ਆਪਣਾ ਬਿਆਨ ਦਰਜ ਕਰਵਾਉਣ ਲਈ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਪੀੜਤ ਕੁੜੀ ਨੇ ਜੱਜ ਦੇ ਸਾਹਮਣੇ ਆਪਣਾ ਬਿਆਨ ਦਰਜ ਨਹੀਂ ਕਰਵਾਇਆ।
ਇਹ ਵੀ ਪੜ੍ਹੋ : ਇਸ ਅਨਭੋਲ ਬੱਚੇ ਨੇ ਰੁਆ ਛੱਡੀਆਂ ਥਾਣੇ ਦੀਆਂ ਕੰਧਾਂ, ਪੁਲਸ ਮੁਲਾਜ਼ਮਾਂ ਦੀਆਂ ਵੀ ਛਲਕ ਪਈਆਂ ਅੱਖਾਂ
ਉਸ ਨੇ ਮੈਡੀਕਲ ਕਰਾਉਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਮਾਮਲੇ 'ਚ ਹੁਣ ਕਥਿਤ ਦੋਸ਼ੀ ਨੂੰ ਅਦਾਲਤ ਵੱਲੋਂ ਜੇਲ੍ਹ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਸ ਦਾ ਮਹਿਲਾ ਵਿੰਗ ਪੀੜਤ ਵਿਦਿਆਰਥਣ ਦੀ ਕਾਊਂਸਲਿੰਗ ਕਰ ਰਿਹਾ ਹੈ ਕਿਉਂਕਿ ਪੀੜਤ ਵਿਦਿਆਰਥਣ 2 ਮਹੀਨੇ ਪਹਿਲਾਂ ਹੀ ਭਾਰਤ ਆਈ ਸੀ। ਸੰਭਵ ਹੈ ਕਿ ਉਸਨੂੰ ਕਿਸੇ ਗੱਲ ਦਾ ਡਰ ਹੋਵੇ ਜਾਂ ਕਾਨੂੰਨ ਦਾ ਗਿਆਨ ਨਾ ਹੋਵੇ ਤਾਂ ਇਸ ਕਰ ਕੇ ਮਹਿਲਾ ਵਿੰਗ ਪੁਲਸ ਵੱਲੋਂ ਕਾਊਂਸਲਿੰਗ ਕੀਤੀ ਜਾ ਰਹੀ ਹੈ। ਪੀੜਤਾ ਨੂੰ ਕਾਨੂੰਨੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਦੱਸਿਆ ਜਾ ਰਿਹਾ ਹੈ ਤਾਂ ਜੋ ਉਸ ਨੂੰ ਇਨਸਾਫ਼ ਮਿਲ ਸਕੇ।
ਇਹ ਵੀ ਪੜ੍ਹੋ : ਮੁੜ ਅਹੁਦਾ ਸੰਭਾਲਣ ਮਗਰੋਂ ਮਨੀਸ਼ਾ ਗੁਲਾਟੀ ਦਾ ਪਹਿਲਾ ਬਿਆਨ, CM ਮਾਨ ਨੂੰ ਲੈ ਕੇ ਆਖ਼ੀ ਇਹ ਗੱਲ
ਜ਼ਿਕਰਯੋਗ ਹੈ ਕਿ ਇਸ ਵਿਦਿਆਰਥਣ ਨਾਲ ਫਲੈਟ ’ਚ ਪਨਾਹ ਦੇਣ ਦੇ ਬਹਾਨੇ ਜਬਰ-ਜ਼ਿਨਾਹ ਕੀਤਾ ਗਿਆ ਸੀ। ਜਦੋਂ ਅਣਜਾਣ ਵਿਦਿਆਰਥਣ ਨੇ ਦਿੱਲੀ ਪਹੁੰਚ ਕੇ ਇਹ ਗੱਲ ਆਪਣੇ ਰਿਸ਼ਤੇਦਾਰ ਨੂੰ ਦੱਸੀ ਤਾਂ ਉੱਥੇ ਦਿੱਲੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 376, 506 ਦੇ ਤਹਿਤ ਜ਼ੀਰੋ ਨੰਬਰ ਐੱਫ. ਆਈ. ਆਰ. ਦਰਜ ਕਰਕੇ ਇਸ ਦੀ ਰਿਪੋਰਟ ਖੰਨਾ ਦੇ ਐੱਸ. ਐੱਸ. ਪੀ. ਨੂੰ ਭੇਜ ਦਿੱਤੀ ਸੀ ਅਤੇ ਇੱਥੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ