ਕੋਲਡ ਡਰਿੰਕ ’ਚ ਨਸ਼ਾ ਮਿਲਾ ਕੇ ਕੀਤਾ ਜਬਰ-ਜ਼ਿਨਾਹ, ਫਿਰ ਕਰਵਾਇਆ ਗਰਭਪਾਤ
Monday, Mar 24, 2025 - 02:10 PM (IST)

ਜ਼ੀਰਕਪੁਰ (ਜੁਨੇਜਾ) : ਫਾਈਨਾਂਸ ਕੰਪਨੀ ’ਚ ਨਾਲ ਕੰਮ ਕਰਨ ਵਾਲੀ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਨੌਜਵਾਨ ਨੇ ਕੋਲਡ ਡਰਿੰਕ ’ਚ ਨਸ਼ੀਲੀ ਦਵਾਈ ਪਿਲਾ ਕੇ ਜਬਰ-ਜ਼ਿਨਾਹ ਕੀਤਾ। ਜਦੋਂ ਉਹ ਗਰਭਵਤੀ ਹੋਈ ਤਾਂ ਉਸ ਨੇ ਉਸ ਨੂੰ ਦਵਾਈ ਦੇ ਕੇ ਗਰਭਪਾਤ ਕਰਵਾ ਦਿੱਤਾ। ਇਸ ਮਾਮਲੇ ’ਚ ਬਲਟਾਣਾ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਪੁਲਸ ਦੀ ਪਹੁੰਚ ਤੋਂ ਬਾਹਰ ਦੱਸਿਆ ਜਾਂਦਾ ਹੈ। ਪੁਲਸ ਮੁਤਾਬਕ ਬੀ. ਬੀ. ਏ. ਕਰ ਰਹੀ ਨੰਗਲ ਡੈਮ ਦੀ ਕੁੜੀ ਫਾਈਨਾਂਸ ਕੰਪਨੀ ’ਚ ਕੰਮ ਕਰ ਰਹੀ ਹੈ।
ਉਸ ਨਾਲ ਮੁਲਜ਼ਮ ਵੀ ਕੰਮ ਕਰਦਾ ਸੀ। ਮੁਲਜ਼ਮ ਨੇ ਉਸ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ ਤੇ ਸਤੰਬਰ 2024 ’ਚ ਉਸ ਨੂੰ ਰਵਿੰਦਰਾ ਇਨਕਲੇਵ ਵਿਖੇ ਘਰ ਲੈ ਗਿਆ ਤੇ ਕੋਲਡ ਡਰਿੰਕ ’ਚ ਨਸ਼ੀਲੀ ਦਵਾਈ ਮਿਲਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਮੁਲਜ਼ਮ ਵੱਲੋਂ ਵਿਆਹ ਦਾ ਵਾਅਦਾ ਕਰਨ ਕਰ ਕੇ ਉਹ ਚੁੱਪ ਰਹੀ। ਇਸ ਤੋਂ ਬਾਅਦ ਅਕਤੂਬਰ 2024 ’ਚ ਫਿਰ ਉਸ ਨੇ ਦੁਬਾਰਾ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਪਤਾ ਲੱਗਾ ਕਿ ਉਹ ਗਰਭਵਤੀ ਹੋ ਗਈ।
ਉਸ ਨੇ ਮੁਲਜ਼ਮ ਨਾਲ ਗੱਲ ਕੀਤੀ ਤਾਂ ਉਸ ਨੇ ਮੈਗੀ ’ਚ ਦਵਾਈ ਮਿਲਾ ਕੇ ਉਸ ਦਾ ਗਰਭਪਾਤ ਕਰਵਾ ਦਿੱਤਾ। ਇਸ ਨਾਲ ਉਸ ਦੀ ਸਿਹਤ ਵਿਗੜ ਗਈ ਅਤੇ ਸੈਕਟਰ-16 ਹਸਪਤਾਲ ’ਚ ਉਸ ਨੂੰ ਦਾਖ਼ਲ ਹੋਣਾ ਪਿਆ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨਾਲ ਗੱਲਬਾਤ ਬੰਦ ਕਰ ਦਿੱਤੀ। ਫਿਰ ਪੀੜਤਾ ਨੇ ਮੁਲਜ਼ਮ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।