ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਵਾਲਾ ਗ੍ਰਿਫ਼ਤਾਰ
Monday, Apr 24, 2023 - 11:27 AM (IST)

ਚੰਡੀਗੜ੍ਹ (ਸੁਸ਼ੀਲ) : ਵਿਆਹ ਦੇ ਨਾਂ ’ਤੇ ਨਬਾਲਗ ਕੁੜੀ ਨੂੰ ਅਗਵਾ ਕਰ ਕੇ ਜਬਰ-ਜ਼ਿਨਾਹ ਕਰਨ ਵਾਲੇ ਫ਼ਰਾਰ ਮੁਲਜ਼ਮ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਉਸ ਦੀ ਪਛਾਣ ਰਾਮਦਰਬਾਰ ਦੇ ਫੇਜ਼-ਇਕ ਨਿਵਾਸੀ ਰਵੀ ਵਜੋਂ ਹੋਈ। ਸੈਕਟਰ-31 ਥਾਣਾ ਪੁਲਸ ਨੇ ਰਵੀ ਖ਼ਿਲਾਫ਼ ਅਗਵਾ ਕਰਨ, ਜਬਰ-ਜ਼ਿਨਾਹ ਅਤੇ ਪੋਕਸੋ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ 14 ਦਿਨ ਲਈ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ।
ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਰਾਮਦਰਬਾਰ ਨਿਵਾਸੀ ਰਵੀ ਨੇ ਉਸ ਦੀ 16 ਸਾਲਾ ਧੀ ਨੂੰ ਅਗਵਾ ਕੀਤਾ ਹੈ। ਸੈਕਟਰ-31 ਥਾਣਾ ਪੁਲਸ ਨੇ 4 ਮਾਰਚ ਨੂੰ ਰਾਮਦਰਬਾਰ ਨਿਵਾਸੀ ਰਵੀ ਖ਼ਿਲਾਫ਼ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਸੀ।
ਐੱਸ. ਪੀ. ਸਿਟੀ ਮ੍ਰਿਦੁਲ ਨੇ ਮੁਲਜ਼ਮ ਨੂੰ ਫੜ੍ਹਨ ਲਈ ਸੈਕਟਰ-31 ਪੁਲਸ ਸਟੇਸ਼ਨ ਦੀ ਸਪੈਸ਼ਲ ਟੀਮ ਬਣਾਈ ਸੀ। ਪੁਲਸ ਨੇ ਮੁਲਜ਼ਮ ਰਵੀ ਦਾ ਸੁਰਾਗ ਲਾ ਕੇ ਨਾਬਾਲਗ ਕੁੜੀ ਨੂੰ ਬਰਾਮਦ ਕਰ ਕੇ ਜੀ. ਐੱਮ. ਸੀ. ਐੱਚ.-32 ਵਿਚ ਮੈਡੀਕਲ ਕਰਵਾਇਆ ਤਾਂ ਉਹ ਗਰਭਵਤੀ ਪਾਈ ਗਈ। ਥਾਣਾ ਪੁਲਸ ਨੇ ਐੱਫ਼. ਆਈ. ਆਰ. ਵਿਚ ਜਬਰ-ਜ਼ਿਨਾਹ ਅਤੇ ਪੋਕਸੋ ਦੀ ਧਾਰਾ ਜੋੜ ਦਿੱਤੀ ਸੀ।