ਡੇਰਾਬੱਸੀ ''ਚ ਵਿਆਹੁਤਾ ਨਾਲ ਜਬਰ-ਜ਼ਿਨਾਹ, ਪੁਲਸ ਨੇ ਦਰਜ ਕੀਤਾ ਮਾਮਲਾ
Wednesday, May 18, 2022 - 01:32 PM (IST)

ਡੇਰਾਬੱਸੀ (ਜ. ਬ.) : ਡੇਰਾਬੱਸੀ ਨੇੜਲੇ ਪਿੰਡ ਦੀ ਵਿਆਹੁਤਾ ਔਰਤ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਵਿਚ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਸਦੀ ਪਛਾਣ ਬਲਕਾਰ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਸੁੰਡਰਾਂ ਥਾਣਾ ਡੇਰਾਬੱਸੀ ਵੱਜੋਂ ਹੋਈ ਹੈ। ਉਕਤ ਔਰਤ ਦਾ ਦੋਸ਼ ਹੈ ਕਿ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿੰਦੇ ਮੁਲਜ਼ਮ ਨੇ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਿਨਾਹ ਕੀਤਾ ਹੈ। ਪੁਲਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਸ ਅਫ਼ਸਰ ਪ੍ਰਵੀਨ ਕੌਰ ਨੇ ਦੱਸਿਆ ਕਿ ਔਰਤ ਦਾ ਅਦਾਲਤ ਵਿਚ ਤਲਾਕ ਲਈ ਕੇਸ ਚੱਲ ਰਿਹਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ ਡੱਡੂ ਮਾਜਰਾ ਚੰਡੀਗੜ੍ਹ ਵਿਖੇ ਹੋਇਆ ਸੀ, ਜਿਸ ਦਾ ਅਦਾਲਤ ਵਿਚ ਤਲਾਕ ਸਬੰਧੀ ਕੇਸ ਚੱਲ ਰਿਹਾ ਹੈ। ਔਰਤ ਨੇ ਦੱਸਿਆ ਕਿ ਸਤੰਬਰ 2021 ਵਿਚ ਉਸ ਦੀ ਗੱਲਬਾਤ ਉਕਤ ਮੁਲਜ਼ਮ ਬਲਕਾਰ ਨਾਲ ਹੋਈ ਸੀ, ਜਿਸ ਨੇ ਉਸ ਨੂੰ ਵਿਆਹ ਕਰਾਉਣ ਲਈ ਮਨਾ ਲਿਆ।
ਬਲਕਾਰ ਨੇ ਉਸ ਨੂੰ 25 ਅਪ੍ਰੈਲ 2022 ਤੋਂ 8 ਮਈ 2022 ਤੱਕ ਆਪਣੀ ਮਾਸੀ ਦੇ ਘਰ ਅੰਬਾਲਾ ਰੱਖਿਆ। ਫਿਰ 11 ਮਈ ਨੂੰ ਪਿੰਡ ਮੁਬਾਰਕਪੁਰ ਵਿਚ ਕਮਰਾ ਕਿਰਾਏ ’ਤੇ ਲੈ ਲਿਆ। ਜਿੰਨਾ ਸਮਾਂ ਉਹ ਬਲਕਾਰ ਨਾਲ ਰਹੀ ਪਤੀ-ਪਤਨੀ ਦੇ ਰਿਸ਼ਤੇ ਵਿਚ ਰਹੀ ਪਰ ਜਦੋਂ ਉਸ ਨੂੰ ਵਿਆਹ ਲਈ ਆਖਿਆ ਤਾਂ ਉਹ ਬਹਿਸ ਕਰਨ ਲੱਗ ਪਿਆ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤਾ ਨੇ ਬਲਕਾਰ ’ਤੇ ਦੋਸ਼ ਲਾਇਆ ਕਿ ਵਿਆਹ ਦਾ ਝਾਂਸਾ ਦੇ ਕੇ ਉਹ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ।