ਮਾਂ-ਬਾਪ ਨੂੰ ਮਾਰਨ ਦੀ ਧਮਕੀ ਦੇ ਕੇ ਨਾਬਾਲਗ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ
Friday, Jul 27, 2018 - 06:16 AM (IST)
ਲੁਧਿਆਣਾ (ਰਿਸ਼ੀ)-ਮਾਂ-ਬਾਪ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਇਕ ਨੌਜਵਾਨ ਨੇ ਗੁਆਂਢ ਵਿਚ ਰਹਿਣ ਵਾਲੀ ਮਾਸੂਮ ਬੱਚੀ ਨਾਲ ਹਵਸ ਮਿਟਾਈ। ਇਸ ਕੇਸ ਵਿਚ ਥਾਣਾ ਡਵੀਜ਼ਨ ਨੰ. 7 'ਚ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਨੌਜਵਾਨ ਖਿਲਾਫ ਜਬਰ-ਜ਼ਨਾਹ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜਮ ਦੀ ਪਛਾਣ ਹੈਪੀ ਨਿਵਾਸੀ ਭੋਲਾ ਕਾਲੋਨੀ ਵਜੋਂ ਹੋਈ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਦਲਜੀਤ ਸਿੰਘ ਮੁਤਾਬਕ ਪੀੜਤਾ ਦੀ ਮਾਂ ਨੇ ਦੱਸਿਆ ਕਿ ਬੀਤੀ 22 ਜੁਲਾਈ ਨੂੰ ਅਸੀਂ ਸਾਰਾ ਪਰਿਵਾਰ ਖਾਣਾ ਖਾਣ ਤੋਂ ਬਾਅਦ ਸੌਂ ਗਿਆ। ਤੜਕੇ 4.45 ਵਜੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਸ ਦੀ 15 ਸਾਲਾ ਬੇਟੀ ਬੈੱਡ 'ਤੇ ਨਹੀਂ ਸੀ। ਜਦੋਂ ਉਹ ਉਸ ਨੂੰ ਲੱਭਦੀ ਹੋਈ ਕਮਰੇ ਤੋਂ ਬਾਹਰ ਨਿਕਲੀ ਤਾਂ ਬਿਲਕੁਲ ਨਾਲ ਕਿਰਾਏ 'ਤੇ ਕਮਰਾ ਲੈ ਕੇ ਰਹਿ ਰਿਹਾ ਉਕਤ ਨੌਜਵਾਨ ਉਸ ਦੀ ਲੜਕੀ ਨਾਲ ਜ਼ਬਰਦਸਤੀ ਕਰ ਰਿਹਾ ਸੀ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਪੀੜਤ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਰਾਤ ਦੇ ਸਮੇਂ ਉਕਤ ਨੌਜਵਾਨ ਉਨ੍ਹਾਂ ਦੇ ਘਰ ਆਇਆ ਅਤੇ ਉਸ ਨੂੰ ਜਗਾ ਕੇ ਕਿਹਾ ਕਿ ਜੇ ਤੂੰ ਰੌਲਾ ਪਾਇਆ ਤਾਂ ਤੇਰੇ ਪੂਰੇ ਪਰਿਵਾਰ ਨੂੰ ਮਾਰ ਦੇਵਾਂਗਾ। ਇਸ ਤੋਂ ਬਾਅਦ ਉਹ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਆਪਣੇ ਕਮਰੇ ਵਿਚ ਲੈ ਗਿਆ। ਪੁਲਸ ਮੁਤਾਬਕ ਮੁਲਜਮ ਕਮਰੇ ਵਿਚ ਆਪਣੇ ਭਰਾ ਦੇ ਨਾਲ ਰਹਿੰਦਾ ਹੈ, ਜੋ ਉਸ ਦਿਨ ਛੱਤ 'ਤੇ ਸੁੱਤਾ ਹੋਇਆ ਸੀ।
