ਜਬਰ-ਜ਼ਨਾਹ ਪੀੜਤਾ ਨੇ ਪੁਲਸ ’ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼

Friday, Jun 29, 2018 - 03:55 AM (IST)

ਜਬਰ-ਜ਼ਨਾਹ ਪੀੜਤਾ ਨੇ ਪੁਲਸ ’ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼

ਬਠਿੰਡਾ(ਵਰਮਾ)-ਜਬਰ-ਜ਼ਨਾਹ ਪੀੜਤਾ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਰਾਸ਼ਟਰੀ  ਮਹਿਲਾ ਆਯੋਗ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ, ਜਿਸ ਵਿਚ ਉਸ ਨੇ ਥਾਣਾ ਕੈਨਾਲ ਪੁਲਸ  ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਵੀ ਲਾਏ। ਆਪਣੇ ਸ਼ਿਕਾਇਤ ਪੱਤਰ ਵਿਚ ਪੀੜਤਾ ਨੇ ਲਿਖਿਆ ਕਿ  ਥਾਣਾ ਕੈਨਾਲ ਮੁਖੀ ਉਸਨੂੰ ਝੂਠਾ ਮਾਮਲਾ ਦਰਜ ਕਰਨ ਦੀ ਧਮਕੀ ਦੇ ਰਿਹਾ ਹੈ, ਜਦਕਿ ਉਸਦੇ  ਜੇਠ ਤੇ ਸਹੁਰੇ ਨੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ। ਪੀੜਤਾ ਨੇ ਦੱਸਿਆ ਕਿ ਪੁਲਸ ਨੇ  ਇਸ ਸਬੰਧ ਵਿਚ ਮਾਮਲਾ ਦਰਜ ਕਰਵਾਇਆ ਹੈ ਪਰ ਬਾਵਜੂਦ ਇਸਦੇ ਮੁਲਜ਼ਮਾਂ ਨੂੰ ਗ੍ਰਿਫਤਾਰ  ਨਹੀਂ ਕੀਤਾ ਜਾ ਰਿਹਾ। ਰਾਸ਼ਟਰੀ ਮਹਿਲਾ ਆਯੋਗ ਸਮੇਤ ਮੁੱਖ ਮੰਤਰੀ ਪੰਜਾਬ ਨੂੰ ਲਿਖੇ  ਸ਼ਿਕਾਇਤ ਪੱਤਰ ਵਿਚ  ਪੀੜਤਾ ਨੇ ਦੱਸਿਆ ਕਿ 23 ਮਈ 2018 ਨੂੰ ਉਹ ਆਪਣੇ ਪਤੀ ਦੇ ਕੱਪੜੇ  ਲੈਣ ਘਰ ਗਈ ਤਾਂ ਉਥੇ ਜੇਠ ਤੇ ਸਹੁਰੇ ਨੇ ਕਿਹਾ ਕਿ ਉਸਨੇ  ਪੁਲਸ ਕੋਲ ਸ਼ਿਕਾਇਤ ਕੀਤੀ ਹੈ, ਜਿਸਦਾ ਮਜ਼ਾ ਉਸਨੂੰ ਚਖਾਉਣਗੇ। ਦੋਵਾਂ ਨੇ ਮਿਲ ਕੇ ਉਸ  ਨਾਲ ਜਬਰ-ਜ਼ਨਾਹ ਕੀਤਾ, ਜਿਸ ਸਬੰਧੀ ਜਬਰ-ਜ਼ਨਾਹ ਦਾ ਮਾਮਲਾ ਵੀ ਦਰਜ ਹੋ ਚੁੱਕਾ ਹੈ। ਪੀੜਤਾ  ਨੇ ਦੋਸ਼ ਲਾਇਆ ਕਿ ਥਾਣਾ ਕੈਨਾਲ ਮੁਖੀ ਉਸ ’ਤੇ ਕੋਈ ਵੀ ਝੂਠਾ ਮਾਮਲਾ ਦਰਜ ਕਰ ਸਕਦਾ ਹੈ।  ਜੇਕਰ ਅਜਿਹਾ ਕੁਝ ਹੋਇਆ ਤਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਸਥਾਨ  ’ਤੇ ਧਰਨਾ ਲਾਉਣ ਲਈ ਮਜਬੂਰ ਹੋ ਜਾਵੇਗੀ।  ਕੀ ਕਹਿਣੈ ਥਾਣਾ ਮੁਖੀ ਦਾ :ਇਸ ਸਬੰਧ ਵਿਚ ਥਾਣਾ ਕੈਨਾਲ ਮੁਖੀ ਨੇ ਕਿਹਾ ਕਿ ਉਕਤ ਮਹਿਲਾ ਉਨ੍ਹਾਂ ’ਤੇ  ਬੇਬੁਨਿਆਦ ਤੇ ਝੂਠੇ ਦੋਸ਼ ਲਾ ਰਹੀ ਹੈ ਜਦਕਿ ਅਜਿਹਾ ਕੁਝ ਨਹੀਂ। ਉਨ੍ਹਾਂ ਦੱਸਿਆ ਕਿ  ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਪਰ ਉਹ ਅਜੇ ਹੱਥ ਨਹੀਂ ਆਏ।     


Related News