ਲੁਧਿਆਣਾ : ਦੋ ਦਿਨ ਨਾਬਾਲਗਾ ਨੂੰ ਬੰਦੀ ਬਣਾ ਕੇ ਕੀਤਾ ਜਬਰ-ਜ਼ਨਾਹ

02/20/2018 5:55:53 AM

ਲੁਧਿਆਣਾ(ਪੰਕਜ)-ਦੋ ਦਿਨ ਤੱਕ ਨਾਬਾਲਗਾ ਨੂੰ ਬੰਦੀ ਬਣਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀ ਦੇ ਚੁੰਗਲ 'ਚੋਂ ਛੁੱਟੀ ਪੀੜਤਾ ਵੱਲੋਂ ਘਰ ਵਾਪਸ ਪੁੱਜ ਕੇ ਪਰਿਵਾਰ ਨੂੰ ਦੱਸੇ ਸੱਚ ਤੋਂ ਬਾਅਦ ਮਾਡਲ ਟਾਊਨ ਪੁਲਸ ਨੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਅੰਬੇਡਕਰ ਨਗਰ ਨਿਵਾਸੀ ਸੋਨੂ ਪਤਨੀ ਅਜੇ ਨੇ ਦੱਸਿਆ ਕਿ ਉਸ ਦੀ ਨਾਬਾਲਗ ਬੇਟੀ ਰਾਣੀ (ਫਰਜ਼ੀ ਨਾਂ) 4 ਫਰਵਰੀ ਨੂੰ ਅਚਾਨਕ ਘਰੋਂ ਗਾਇਬ ਹੋ ਗਈ ਸੀ, ਜਿਸ ਨੂੰ ਉਨ੍ਹਾਂ ਨੇ ਬਹੁਤ ਲੱਭਿਆ ਪਰ ਉਸ ਦਾ ਕੋਈ ਪਤਾ ਨਾ ਲੱਗਾ। 6 ਫਰਵਰੀ ਨੂੰ ਅਚਾਨਕ ਉਹ ਘਰ ਵਾਪਸ ਆ ਗਈ। ਬੇਹੱਦ ਡਰੀ ਅਤੇ ਸਹਿਮੀ ਉਨ੍ਹਾਂ ਦੀ ਬੇਟੀ ਨੇ ਦੱਸਿਆ ਕਿ ਬਠਿੰਡਾ ਨਿਵਾਸੀ ਮੋਹਿਤ ਕੁਮਾਰ ਪੁੱਤਰ ਸਤਪਾਲ ਜੋ ਕਿ ਨਜ਼ਦੀਕ ਹੀ ਰਹਿੰਦਾ ਹੈ, ਉਸ ਨੂੰ ਆਮ ਕਰ ਕੇ ਆਉਂਦੇ-ਜਾਂਦੇ ਤੰਗ-ਪ੍ਰੇਸ਼ਾਨ ਕਰਦਾ ਸੀ। 4 ਫਰਵਰੀ ਨੂੰ ਜਦੋਂ ਉਹ ਘਰ ਵੱਲ ਆ ਰਹੀ ਸੀ ਤਾਂ ਦੋਸ਼ੀ ਨੇ ਉਸ ਨੂੰ ਰਸਤੇ 'ਚ ਘੇਰ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਜ਼ਬਰਦਸਤੀ ਆਪਣੇ ਨਾਲ ਲੈ ਗਿਆ, ਜਿਥੇ ਦੋਸ਼ੀ ਨੇ ਦੋ ਦਿਨ ਤਕ ਉਸ ਨੂੰ ਆਪਣੀ ਹਿਰਾਸਤ 'ਚ ਰੱਖਿਆ। ਇਸ ਦੌਰਾਨ ਉਸ ਨੇ ਜਬਰ-ਜ਼ਨਾਹ ਵੀ ਕੀਤਾ ਅਤੇ 6 ਫਰਵਰੀ ਨੂੰ ਉਸ ਨੂੰ ਧਮਕਾ ਕੇ ਘਰ ਦੇ ਕੋਲ ਛੱਡ ਗਿਆ ਅਤੇ ਕਿਹਾ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਪੁਲਸ ਨੇ ਪੀੜਤਾ ਦਾ ਮੈਡੀਕਲ ਕਰਵਾ ਕੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।


Related News