ਲੁਧਿਆਣਾ : 4 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ
Saturday, Jan 20, 2018 - 02:45 PM (IST)
ਲੁਧਿਆਣਾ(ਮਹੇਸ਼)-ਨਗਰ 'ਚ ਹੋਈ ਸਨਸਨੀਖੇਜ਼ ਘਟਨਾ 'ਚ 4 ਸਾਲ ਦੀ ਮਾਸੂਮ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ 2 ਨਾਬਾਲਗ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚ ਇਕ 12 ਸਾਲ ਅਤੇ ਦੂਜਾ 13 ਸਾਲ ਦਾ ਹੈ, ਜਿਨ੍ਹਾਂ ਨੂੰ ਜੁਵੇਨਾਈਲ ਕੋਰਟ 'ਚ ਪੇਸ਼ ਕਰ ਕੇ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਘਟਨਾ 3 ਦਿਨ ਪਹਿਲਾਂ ਸਲੇਮ ਟਾਬਰੀ ਬਿੰਦਰਾ ਕਾਲੋਨੀ ਇਲਾਕੇ ਦੀ ਹੈ। ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦੇ ਖਿਲਾਫ ਪੀੜਤਾ ਦੀ ਮਾਤਾ ਨੇ ਵੀਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਫੜ ਲਿਆ ਗਿਆ। ਇਕ ਪੀੜਤਾ ਦੇ ਘਰ ਦੇ ਉਪਰਲੇ ਹਿੱਸੇ 'ਚ ਰਹਿੰਦਾ ਸੀ, ਜਦੋਂਕਿ ਦੂਜਾ ਸ਼ਿਵਪੁਰੀ ਦੇ ਸੰਤੋਖ ਨਗਰ ਦਾ ਹੈ। 16 ਜਨਵਰੀ ਨੂੰ ਪੀੜਤਾ ਜਦ ਘਰ 'ਚ ਇਕੱਲੀ ਸੀ ਤਾਂ ਇਹ ਘਟਨਾ ਹੋਈ। ਦੁਪਹਿਰ ਨੂੰ ਜਦ ਉਸਦੀ ਮਾਤਾ ਬਾਜ਼ਾਰ ਤੋਂ ਵਾਪਸ ਮੁੜੀ ਤਾਂ ਬੱਚੀ ਬੇਹੱਦ ਘਬਰਾਈ ਹੋਈ ਸੀ ਅਤੇ ਰੋ ਰਹੀ ਸੀ। ਉਸਦੇ ਗੁਪਤ ਅੰਗ ਤੋਂ ਖੂਨ ਨਿਕਲ ਰਿਹਾ ਸੀ। ਤਦ ਪੀੜਤਾ ਨੇ ਆਪਣੀ ਮਾਤਾ ਨੂੰ ਦੱਸਿਆ ਕਿ ਘਰ ਦੇ ਉਪਰਲੇ ਹਿੱਸੇ 'ਚ ਰਹਿਣ ਵਾਲੇ ਲੜਕਿਆਂ ਨੇ ਉਸ ਦੇ ਨਾਲ ਗੰਦੀ ਹਰਕਤ ਕੀਤੀ। ਇਸ ਦੇ ਬਾਅਦ ਪੀੜਤਾ ਦਾ ਪਰਿਵਾਰ ਆਪਣੇ ਪੱਧਰ 'ਤੇ ਦੋਸ਼ੀਆਂ ਦੀ ਭਾਲ ਕਰਦਾ ਰਿਹਾ। ਵੀਰਵਾਰ ਨੂੰ ਉਨ੍ਹਾਂ ਨੂੰ ਦੋਵਾਂ ਦੋਸ਼ੀਆਂ ਬਾਰੇ 'ਚ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਵਿਜੇ ਨੇ ਦੱਸਿਆ ਕਿ ਦੋਨੋਂ ਦੋਸ਼ੀ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ, ਜਿਨ੍ਹਾਂ 'ਚੋਂ ਇਕ ਦੋਸ਼ੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਦੂਜੇ ਦਾ ਪਿਤਾ ਦਿਹਾੜੀਦਾਰ ਮਜ਼ਦੂਰ ਹੈ।
