ਪਖਾਨੇ ''ਚ ਗਈ 8 ਸਾਲਾ ਬੱਚੀ ਨਾਲ ਜਬਰ-ਜ਼ਨਾਹ, ਦੋਸ਼ੀ ਗ੍ਰਿਫਤਾਰ

12/06/2017 4:28:03 AM

ਲੁਧਿਆਣਾ(ਮਹੇਸ਼)-ਪ੍ਰਤਾਪ ਸਿੰਘ ਵਾਲਾ ਦੇ ਦਸਮੇਸ਼ ਨਗਰ ਇਲਾਕੇ ਵਿਚ ਮੰਗਲਵਾਰ ਨੂੰ 8 ਸਾਲਾ ਇਕ ਮਾਸੂਮ ਬੱਚੀ ਉਸ ਸਮੇਂ ਜਬਰ-ਜ਼ਨਾਹ ਦਾ ਸ਼ਿਕਾਰ ਹੋ ਗਈ, ਜਦੋਂ ਉਹ ਪਾਖਾਨੇ 'ਚ ਗਈ ਸੀ, ਜਿਥੇ ਉਸ ਦੇ ਗੁਆਂਢ ਵਿਚ ਰਹਿਣ ਵਾਲੇ 18 ਸਾਲਾ ਇਕ ਨੌਜਵਾਨ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਦਿੱਤਾ। ਹੈਬੋਵਾਲ ਪੁਲਸ ਨੇ ਉਸ ਖਿਲਾਫ ਜਬਰ-ਜ਼ਨਾਹ ਦਾ ਕੇਸ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਹੈ, ਜਿਸ ਦੀ ਪਛਾਣ ਇੰਦਰਜੀਤ ਦੇ ਰੂਪ ਵਿਚ ਹੋਈ ਹੈ। ਪੀੜਤਾ ਦਾ ਬੁੱਧਵਾਰ ਨੂੰ ਮੈਡੀਕਲ ਕਰਵਾਇਆ ਜਾਵੇਗਾ, ਜੋ ਕਿ ਘਟਨਾ ਦੇ ਬਾਅਦ ਡੂੰਘੇ ਸਦਮੇ ਵਿਚ ਹੈ। ਆਪਣੇ 4 ਭਰਾ-ਭੈਣਾਂ ਵਿਚੋਂ ਪੀੜਤਾ ਸਭ ਤੋਂ ਛੋਟੀ ਹੈ। ਉਸ ਦਾ ਪਿਤਾ ਸ਼ੇਰਪੁਰ ਇਲਾਕੇ ਸਥਿਤ ਇਕ ਫੈਕਟਰੀ ਵਿਚ ਕੰਮ ਕਰਦਾ ਹੈ। ਇਥੇ ਉਹ ਕਿਰਾਏ ਦੇ ਘਰ ਵਿਚ ਆਪਣੇ ਪਰਿਵਾਰ ਸਮੇਤ ਰਹਿੰਦੀ ਹੈ, ਜਿਥੇ ਹੋਰ ਕਮਰੇ ਵੀ ਕਿਰਾਏ 'ਤੇ ਚੜ੍ਹੇ ਹੋਏ ਹਨ। ਸ਼ਾਮ ਕਰੀਬ 5 ਵਜੇ ਜਦੋਂ ਉਹ ਪਖਾਨਾ ਕਰਨ ਲਈ ਸਾਂਝੇ ਪਖਾਨੇ ਵਿਚ ਗਈ ਤਾਂ ਪਿੱਛੋਂ ਇੰਦਰਜੀਤ ਵੀ ਉਸ ਵਿਚ ਦਾਖਲ ਹੋ ਗਿਆ, ਜਿਸ ਨੇ ਰੌਲਾ ਪਾਉਣ 'ਤੇ ਬੱਚੀ ਦਾ ਮੂੰਹ ਦਬਾ ਦਿੱਤਾ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਦੌਰਾਨ ਉਸ ਦੀ ਇਸ ਨਾਪਾਕ ਕਰਤੂਤ ਦਾ ਬੱਚੀ ਦੀ ਮਾਤਾ ਨੂੰ ਪਤਾ ਲੱਗ ਗਿਆ। ਉਸ ਨੇ ਰੌਲਾ ਪਾ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਕਰ ਲਏ, ਜਿਨ੍ਹਾਂ ਨੇ ਮੌਕੇ 'ਤੇ ਦੋਸ਼ੀ ਨੂੰ ਕਾਬੂ ਕਰ ਕੇ ਉਸ ਦੀ ਚੰਗੀ ਤਰ੍ਹਾਂ ਛਿੱਤਰ-ਪਰੇਡ ਕਰਨ ਤੋਂ ਬਾਅਦ ਪੁਲਸ ਦੇ ਹਵਾਲੇ ਕਰ ਦਿੱਤਾ। ਥਾਣਾ ਮੁਖੀ ਇੰਸਪੈਕਟਰ ਗੁਰਵੀਰ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਕੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਬੱਚੀ ਦਾ ਕੱਲ ਮੈਡੀਕਲ ਕਰਵਾਇਆ ਜਾਵੇਗਾ।


Related News