ਲੜਕੀ ਨੂੰ ਸ਼ਰਾਬ ਪਿਆ ਕੇ ਕੀਤਾ ਜਬਰ-ਜ਼ਨਾਹ, 2 ਵਿਅਕਤੀਆਂ ''ਤੇ ਮਾਮਲਾ ਦਰਜ

06/25/2019 11:50:16 PM

ਬਠਿੰਡਾ (ਵਰਮਾ)— ਲੜਕੀ ਨੂੰ ਸ਼ਰਾਬ ਪਿਆ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਹੁਣ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਦੋ ਵਿਅਕਤੀਆਂ 'ਤੇ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਬੀਤੀ 6 ਜੂਨ ਨੂੰ ਉਹ ਕਿਸੇ ਕੰਮ ਲਈ ਇਕ ਨੌਜਵਾਨ ਰਣਦੀਸ਼ ਸਚਦੇਵਾ ਉਰਫ ਕਾਲੀ ਵਾਸੀ ਪ੍ਰਤਾਪ ਨਗਰ ਨੂੰ ਮਿਲਣ ਲਈ ਗਈ ਸੀ, ਜੋ ਕਿ ਉਨ੍ਹਾਂ ਦੇ ਪਰਿਵਾਰ ਨੂੰ ਪਹਿਲਾਂ ਤੋਂ ਜਾਣਦਾ ਸੀ।

ਇਸ ਦੌਰਾਨ ਮੁਲਜ਼ਮ ਉਸ ਦਾ ਮੋਬਾਇਲ ਨੰਬਰ ਮੰਗਣ ਲੱਗਾ, ਜਦੋਂ ਉਸ ਨੇ ਨੰਬਰ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਮੋਬਾਇਲ ਖੋਹ ਕੇ ਆਪਣੇ ਮੋਬਾਇਲ 'ਤੇ ਰਿੰਗ ਕਰ ਲਈ ਅਤੇ ਉਥੋਂ ਚਲਾ ਗਿਆ। ਕੁਝ ਸਮੇਂ ਬਾਅਦ ਮੁਲਜ਼ਮ ਰਾਤ ਕਰੀਬ 9.30 ਵਜੇ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਉਸ ਨੂੰ ਘਰ ਛੱਡਣ ਦੇ ਬਹਾਨੇ ਪਰਸਰਾਮ ਨਗਰ ਬਠਿੰਡਾ ਸਥਿਤ ਇਕ ਔਰਤ ਮਨਪ੍ਰੀਤ ਦੇ ਘਰ ਲੈ ਗਿਆ, ਜਿਥੇ ਮੁਲਜ਼ਮ ਕਾਲੀ ਅਤੇ ਮਨਪ੍ਰੀਤ ਨੇ ਉਸ ਨੂੰ ਸ਼ਰਾਬ ਪਿਆਈ। ਇਸ ਤੋਂ ਬਾਅਦ ਮੁਲਜ਼ਮ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਗੋਪਾਲ ਨਗਰ ਸਥਿਤ ਇਕ ਆਰਕੈਸਟਰਾ ਵਾਲੇ ਦੇ ਘਰ ਲੈ ਗਿਆ। ਜਿਥੇ ਮੁਲਜ਼ਮ ਨੇ ਉਸ ਨਾਲ ਜਬਰ ਜ਼ਨਾਹ ਕੀਤਾ। ਇਸ ਤੋਂ ਬਾਅਦ ਦੇਰ ਰਾਤ ਕਰੀਬ 1 ਵਜੇ ਕਾਲੀ ਉਸ ਨੂੰ ਦੁਬਾਰਾ ਮਨਪ੍ਰੀਤ ਦੇ ਘਰ ਲੈ ਆਇਆ। ਉਥੇ ਕਾਲੀ ਨੇ ਉਸ ਨੂੰ 10 ਦਿਨ ਤੱਕ ਰੱਖਿਆ ਅਤੇ ਰੋਜ਼ਾਨਾ ਰਾਤ ਨੂੰ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ।

ਪੀੜਤਾ ਨੇ ਘਰ ਜਾ ਕੇ ਪਰਿਵਾਰ ਵਾਲਿਆਂ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਲੜਕੀ ਦੇ ਬਿਆਨ 'ਤੇ ਮੁਲਜ਼ਮ ਰਣਦੀਸ਼ ਸਚਦੇਵਾ ਉਰਫ ਕਾਲੀ ਅਤੇ ਮਨਪ੍ਰੀਤ ਕੌਰ ਵਾਸੀ ਪਰਸਰਾਮ ਨਗਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


Baljit Singh

Content Editor

Related News