4 ਲੱਖ ਦੀ ਫਿਰੌਤੀ ਮੰਗਣ ਵਾਲੇ ਦਾ ਇਕ ਦਿਨ ਦਾ ਪੁਲਸ ਰਿਮਾਂਡ
Tuesday, Nov 07, 2023 - 05:13 PM (IST)
ਮੋਗਾ (ਅਜ਼ਾਦ) : ਥਾਣਾ ਸਿਟੀ ਸਾਊਥ ਮੋਗਾ ਵੱਲੋਂ 4 ਲੱਖ ਦੀ ਫਿਰੌਤੀ ਮੰਗਣ ਵਾਲੇ ਕਾਬੂ ਕੀਤੇ ਗਏ ਕਥਿਤ ਦੋਸ਼ੀ ਹਰਿੰਦਰ ਸਿੰਘ ਸਹਿਗਲ ਉਰਫ ਹਨੀ ਨਿਵਾਸੀ ਪ੍ਰਵਾਨਾ ਨਗਰ ਮੋਗਾ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਉਸਦਾ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਜੇ. ਇਲਨਚੇਲੀਅਨ ਨੇ ਦੱਸਿਆ ਕਿ ਇਸ ਸਬੰਧ ਵਿਚ ਰਿਟਾ. ਬੈਂਕ ਮੁਲਾਜ਼ਮ ਵਰਿੰਦਰ ਕੁਮਾਰ ਖੇੜਾ ਨਿਵਾਸੀ ਪ੍ਰਵਾਨਾ ਨਗਰ ਮੋਗਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਹੋਇਆ ਸੀ,ਜਿਸ ਵਿਚ ਉਸ ਨੇ ਕਿਹਾ ਕਿ ਉਸ ਨੂੰ ਇਕ ਅਣਜਾਣ ਫੋਨ ਨੰਬਰ ’ਤੇ ਵਟਸਅਪ ਮੈਸੇਜ ਆਇਆ ਕਿ ਸਾਡੇ ਲਾਰੈਂਸ ਬਿਸ਼ਨੋਈ ਗਰੁੱਪ ਨੇ ਤੁਹਾਨੂੰ ਇਕ ਸੇਵਾ ਲਗਾਈ ਹੈ ਜੋ ਤੁਹਾਨੂੰ ਪੂਰੀ ਕਰਨੀ ਪਵੇਗੀ। ਕੱਲ 12 ਵਜੇ 4 ਲੱਖ ਰੁਪਏ ਤਿਆਰ ਰੱਖੋ।
ਫਿਰੌਤੀ ਨਾ ਦੇਣ ’ਤੇ ਰਿਸ਼ਤੇਦਾਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਸਿਟੀ ਸਾਉਥ ਦੇ ਮੁੱਖ ਅਫਸਸਰ ਇੰਸਪੈਕਟਰ ਇਕਬਾਲ ਹੁਸ਼ੈਨ ਅਤੇ ਹੋਰਨਾਂ ’ਤੇ ਅਧਾਰਿਤ ਵਿਸ਼ੇਸ਼ ਟੀਮ ਗਠਿਤ ਕੀਤੀ ਗਈ, ਜਿਨ੍ਹਾਂ ਜਾਂਚ ਦੇ ਬਾਅਦ ਹਰਿੰਦਰ ਸਹਿਗਲ ਉਰਫ ਹਨੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਕਾਬੂ ਕੀਤਾ ਗਿਆ। ਥਾਣਾ ਮੁਖੀ ਨੇ ਕਿਹਾ ਕਿ ਕਥਿਤ ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।