''ਰਣਜੀਤ ਕਮਿਸ਼ਨ'' ਦੀ ਰਿਪੋਰਟ ਕਈਆਂ ਦੇ ਖੋਲ੍ਹੇਗੀ ਭੇਤ

Thursday, Aug 02, 2018 - 11:50 AM (IST)

''ਰਣਜੀਤ ਕਮਿਸ਼ਨ'' ਦੀ ਰਿਪੋਰਟ ਕਈਆਂ ਦੇ ਖੋਲ੍ਹੇਗੀ ਭੇਤ

ਲੁਧਿਆਣਾ : ਪੰਜਾਬ 'ਚ ਅੱਜ ਤੋਂ 3 ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਰਗਾੜੀ ਕਾਂਡ ਦੀ ਸੱਚਾਈ ਤੋਂ ਹੁਣ ਆਉਣ ਵਾਲੇ ਦਿਨਾਂ 'ਚ ਪਰਦਾ ਉੱਠ ਸਕਦਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਕਾਂਡ ਦਾ ਸੱਚ ਡੂੰਘਾਈ ਨਾਲ ਜਾਣਨ ਲਈ ਬਣਾਏ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਹੈ, ਜਿਸ ਦੀ ਸੱਚਾਈ ਜਾਨਣ ਲਈ ਗਰਮ ਖਿਆਲੀ ਤੇ ਸਰਕਾਰ ਵਿਰੋਧ ਆਪ ਵਾਲੇ ਰਿਪੋਰਟ ਜਨਤਕ ਕਰਨ ਲਈ ਵੱਡਾ ਦਬਾਅ ਬਣਾ ਰਹੇ ਹਨ।
ਪਤਾ ਲੱਗਾ ਹੈ ਕਿ ਹੁਣ ਇਹ ਰਿਪੋਰਟ ਸਰਕਾਰ ਵਿਧਾਨ ਸਭਾ ਦੇ ਸੈਸ਼ਨ 'ਚ ਪੇਸ਼ ਕਰੇਗੀ। ਬਾਕੀ ਜੋ ਅੱਜ-ਕੱਲ ਬਰਗਾੜੀ ਕਾਂਡ ਨੂੰ ਲੈ ਕੇ ਮੀਡੀਆ 'ਚ ਧੜਾਧੜ ਛਪ ਰਿਹਾ ਹੈ ਤੇ ਉਸ 'ਚ ਪੁਲਸ ਦੇ ਉੱਚ ਅਧਿਕਾਰੀ ਤੇ ਅਕਾਲੀ ਆਗੂਆਂ ਦੇ ਨਾਂ ਉੱਛਲ ਰਹੇ ਹਨ, ਜੇਕਰ ਉਨ੍ਹਾਂ 'ਚ ਸੱਚਾਈ ਹੋਈ ਤਾਂ ਪਿਛਲੀ ਸਰਕਾਰ ਮੌਕੇ ਅਹੁਦਿਆਂ 'ਤੇ ਬੈਠੇ ਵੱਡੇ ਆਗੂਆਂ ਤੇ ਅਧਿਕਾਰੀਆਂ 'ਤੇ ਇਸ ਰਿਪੋਰਟ ਦੀ ਬਿਜਲੀ ਡਿਗ ਸਕਦੀ ਹੈ, ਕਿਉਂਕਿ ਕਾਂਗਰਸ ਸਰਕਾਰ ਨੇ 17 ਅਗਸਤ ਨੂੰ ਇਸ ਕਾਰਜ ਲਈ ਵਿਧਾਨ ਸਭਾ 'ਚ ਵਿਸ਼ੇਸ਼ ਸੈਸ਼ਨ ਸੱਦਣ ਦਾ ਫੈਸਲਾ ਕਰ ਲਿਆ ਹੈ। 
ਜੇਕਰ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਉਸ ਵੇਲੇ ਦੀ ਅਕਾਲੀ ਸਰਕਾਰ 'ਤੇ ਉਂਗਲ ਉੱਠੀ ਤਾਂ ਅਕਾਲੀ ਦਲ ਲਈ ਵੀ ਵੱਡੀ ਸਮੱਸਿਆ ਪੈਦਾ ਹੋ ਜਾਵੇਗੀ ਕਿਉਂਕਿ ਪਿਛਲੇ 3 ਸਾਲ ਤੋਂ ਗਰਮ ਖਿਆਲੀ ਬਾਦਲ ਸਰਕਾਰ ਤੇ ਪੁਲਸ 'ਤੇ ਸਿੱਧੇ ਤੌਰ 'ਤੇ ਦੋਸ਼ ਲਾਉਂਦੇ ਆ ਰਹੇ ਹਨ। ਬਾਕੀ ਹੁਣ ਦੇਖਣਾ ਇਹ ਹੋਵੇਗਾ ਕਿ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਰਕਾਰ ਵਿਧਾਨ ਸਭਾ 'ਚ ਸਚਮੁੱਚ ਪੇਸ਼ ਕਰਦੀ ਹੈ ਅਤੇ ਉਸ ਦੇ ਖੁੱਲ੍ਹਣ 'ਤੇ ਕਿਸ-ਕਿਸ ਦੀ ਨੀਂਦ ਹਰਾਮ ਹੁੰਦੀ ਹੈ।


Related News