ਪਾਕਿ ਤੋਂ ਪੰਜਾਬ ਨੂੰ ਖ਼ਤਰੇ ਸਬੰਧੀ ਬਖੇੜਾ ਖੜ੍ਹਾ ਕਰਨ ਵਾਲਿਆਂ ਨੂੰ ਰੰਧਾਵਾ ਦਾ ਜਵਾਬ

10/02/2021 3:06:18 PM

ਚੰਡੀਗੜ੍ਹ/ਜਲੰਧਰ (ਰਮਨਜੀਤ, ਧਵਨ) : ਕੁਝ ਸਵਾਰਥੀ ਤੱਤਾਂ ਵਲੋਂ ਆਪਣੇ ਸੌੜੇ ਹਿੱਤਾਂ ਲਈ ਪੰਜਾਬ ਵਿਚ ਅਤੇ ਇਸ ਤੋਂ ਬਾਹਰ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਖ਼ਿਲਾਫ਼ ਚਿਤਾਵਨੀ ਦਿੰਦੇ ਹੋਏ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਸੂਬੇ ਦੇ ਲੋਕਾਂ ਦਰਮਿਆਨ ਬੇਲੋੜਾ ਡਰ ਅਤੇ ਅਸਰੁੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ। ਸੂਬੇ ’ਚ ਸਰਕਾਰ ਬਦਲਣ ਮਗਰੋਂ ਪਾਕਿਸਤਾਨ ਤੋਂ ਦਰਪੇਸ਼ ਖਤਰੇ ਸਬੰਧੀ ਬਖੇੜਾ ਖੜ੍ਹਾ ਕਰਨ ਵਾਲੇ ਸਮੂਹ ਆਲੋਚਕਾਂ ਨੂੰ ਉਨ੍ਹਾਂ ਕਿਹਾ ਕਿ ਚਿੰਤਾ ਨਾ ਕਰੋ, ਪੰਜਾਬ ਸੁਰੱਖਿਅਤ ਹੱਥਾਂ ਵਿਚ ਹੈ ਅਤੇ ਜਦੋਂ ਵੀ ਲੋੜ ਪਈ ਤਾਂ ਹਰ ਕੁਰਬਾਨੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਪੰਜਾਬ ਵਿਚ ਅਡੋਲਤਾ ਵਾਲਾ ਮਾਹੌਲ ਬਣਨ ਅਤੇ ਇਸ ਦਾ ਲਾਭ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਨੂੰ ਮਿਲਣ ਦੀ ਗੱਲ ਕਹੀ ਸੀ। ਅਜਿਹਾ ਹੀ ਕੁਝ ਸੀਨੀਅਰ ਕਾਂਗਰਸ ਨੇਤਾ ਕਪਿਲ ਸਿੱਬਲ ਵੱਲੋਂ ਵੀ ਕਿਹਾ ਗਿਆ ਹੈ। ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਇਥੇ ਸੈਕਟਰ-9 ਸਥਿਤ ਪੰਜਾਬ ਪੁਲਸ ਦੇ ਹੈੱਡਕੁਆਰਟਰ ਵਿਖੇ ਸਵੇਰੇ 9 ਵਜੇ ਅਚਨਚੇਤੀ ਚੈਕਿੰਗ ਕਰਨ ਉਪਰੰਤ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨਾਲ ਕਾਰਜਕਾਰੀ ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ, ਏ. ਡੀ. ਜੀ. ਪੀ. ਕਾਨੂੰਨ ਤੇ ਵਿਵਸਥਾ ਗੌਰਵ ਯਾਦਵ, ਏ. ਡੀ. ਜੀ. ਪੀ. ਪ੍ਰੋਵੀਜ਼ਨਿੰਗ ਨਰੇਸ਼ ਅਰੋੜਾ ਅਤੇ ਏ. ਡੀ. ਜੀ. ਪੀ. ਤਕਨੀਕੀ ਸੇਵਾਵਾਂ ਕੁਲਦੀਪ ਸਿੰਘ ਵੀ ਸਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬਾ/ਜ਼ਿਲ੍ਹਾ/ਤਹਿਸੀਲ/ਬਲਾਕ ਪੱਧਰ ’ਤੇ ਸਾਰੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਸਵੇਰੇ 9 ਵਜੇ ਤੋਂ ਆਪੋ-ਆਪਣੇ ਦਫਤਰਾਂ ਵਿਚ ਪਹੁੰਚਣ ਅਤੇ ਦਫਤਰੀ ਸਮੇਂ ਤੱਕ ਆਪਣੇ ਦਫ਼ਤਰ ’ਚ ਮੌਜੂਦ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ ਤਾਂ ਜੋ ਸੂਬੇ ਦੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਨਿਰਵਿਘਨ ਤੇ ਸੌਖਾਲੀਆਂ ਦਿੱਤੀਆਂ ਜਾਣ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਇਹ ਸੱਚ ਹੈ ਕਿ ਪਾਕਿਸਤਾਨ ਅਤੇ ਉਸ ਦੀਆਂ ਜਾਸੂਸੀ ਏਜੰਸੀਆਂ ਭਾਰਤ ਅਤੇ ਸਰਹੱਦੀ ਸੂਬੇ ਪੰਜਾਬ ਲਈ ਹਮੇਸ਼ਾ ਖਤਰੇ ਪੈਦਾ ਕਰਦੀਆਂ ਰਹੀਆਂ ਹਨ ਪਰ ਇਸ ਦੇ ਨਾਲ ਹੀ ਪੰਜਾਬੀਆਂ ਨੇ ਆਪਣੀ ਹਿੰਮਤ ਅਤੇ ਹੌਸਲੇ ਨਾਲ ਹਰੇਕ ਚੁਣੌਤੀ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਖਤਰੇ ਸਬੰਧੀ ਕੁਝ ਵੀ ਨਵਾਂ ਨਹੀਂ ਹੈ, ਸਗੋਂ ਇਹ ਤਾਂ ਪਹਿਲਾਂ ਵੀ ਮੌਜੂਦ ਸੀ ਅਤੇ ਅੱਗੇ ਵੀ ਰਹੇਗਾ। ਉਨ੍ਹਾਂ ਸਵਾਲ ਕੀਤਾ ਕਿ ਹੁਣ 2 ਹਫਤਿਆਂ ਵਿਚ ਕੀ ਬਦਲ ਗਿਆ? ਉਨ੍ਹਾਂ ਪੰਜਾਬ ਨੂੰ ਦੇਸ਼ ਦਾ ਸੱਜਾ ਹੱਥ ਕਿਹਾ ਜਿਸ ਨੇ ਹਰ ਫਰੰਟ ’ਤੇ ਦੇਸ਼ ਦੀ ਰੱਖਿਆ ਕੀਤੀ ਹੈ।

ਇਹ ਵੀ ਪੜ੍ਹੋ : ਵੱਡਾ ਸਵਾਲ : ਕਾਂਗਰਸ ਕੋਲ ਕਿਥੋਂ ਆਏਗਾ ਚੋਣ ਲੜਨ ਲਈ ਫੰਡ?

ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਸਮੇਂ ਦੌਰਾਨ ਕਾਂਗਰਸ ਪਾਰਟੀ ਵਲੋਂ ਕੀਤੀਆਂ ਕੁਰਬਾਨੀਆਂ ਦਾ ਹਵਾਲਾ ਦਿੰਦੇ ਹੋਏ ਰੰਧਾਵਾ ਨੇ ਕਿਹਾ ਕਿ ਇਨ੍ਹਾਂ ਕੁਰਬਾਨੀਆਂ ਤੋਂ ਹਰੇਕ ਕਾਂਗਰਸ ਵਰਕਰ ਨੂੰ ਉਤਸ਼ਾਹ ਮਿਲਿਆ ਹੈ ਅਤੇ ਇਹ ਕੁਰਬਾਨੀਆਂ ਅਜਾਈਂ ਨਹੀਂ ਜਾਣਗੀਆਂ। ਅਸੀਂ ਆਪਣੀਆਂ ਜ਼ਿੰਦਗੀਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਵਾਰੀਆਂ ਹਨ ਜਦੋਂਕਿ ਬਾਕੀ ਤਾਂ ਇਕ ਸੁਰੱਖਿਅਤ ਦੂਰੀ ’ਤੇ ਬੈਠ ਕੇ ਮੂਕ ਦਰਸ਼ਕ ਬਣੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਸਾਨੂੰ ਕੋਈ ਖਤਰਾ ਦਰਪੇਸ਼ ਹੋਵੇ। ਉੱਪ ਮੁੱਖ ਮੰਤਰੀ ਨੇ ਗਿਲਾ ਕੀਤਾ ਕਿ ਸਿਰਫ ਕੁਝ ਰਾਜਸੀ ਵਿਰੋਧੀਆਂ ਵਲੋਂ ਬੇਲੋੜੇ ਖੌਫ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਵਿਚ ਘਬਰਾਹਟ ਫੈਲੇ। ਉਨ੍ਹਾਂ ਪੁੱਛਿਆ ਕਿ ਅਜਿਹੇ ਬੇਲੋੜੇ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਕੇ ਤੁਸੀਂ ਕਿਸ ਦੀ ਮਦਦ ਕਰਨਾ ਚਾਹੁੰਦੇ ਹੋ? ਉਨ੍ਹਾਂ ਕਿਹਾ ਕਿ ਚੁਣੌਤੀ ਦਾ ਸਾਹਮਣਾ ਕਰਨਾ ਇਕ ਗੱਲ ਹੈ ਜਦੋਂਕਿ ਝੂਠੀਆਂ ਸੂਚਨਾਵਾਂ ਰਾਹੀਂ ਅਫਵਾਹ ਫੈਲਾਉਣਾ ਸਰਾਸਰ ਗਲਤ ਹੈ। ਗ੍ਰਹਿ ਮੰਤਰੀ ਨੇ ਇਹ ਵੀ ਸਵਾਲ ਕੀਤਾ ਕਿ ਕੁਝ ਹੀ ਦਿਨਾਂ ਦੇ ਵਕਫੇ ਵਿਚ ਅਜਿਹਾ ਕੀ ਬਦਲ ਗਿਆ ਕਿ ਇਕ ਹਫਤਾ ਪਹਿਲਾਂ ਪੰਜਾਬ ਬਿਲਕੁਲ ਸੁਰੱਖਿਅਤ ਸੀ ਅਤੇ ਹੁਣ ਅਚਾਨਕ ਹੀ ਇੱਥੇ ਦਾ ਮਾਹੌਲ ਸੁਰੱਖਿਅਤ ਨਹੀਂ ਰਿਹਾ ਜਿਵੇਂ ਕਿ ਆਲੋਚਕਾਂ ਵੱਲੋਂ ਸੁਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਇਸ ਸਮੇਂ ਸੱਚਮੁੱਚ ਖਤਰੇ ਵਿਚ ਹੈ ਤਾਂ ਇਸ ਦੇ ਬੀਜ ਹਫਤੇ ਪਹਿਲਾਂ ਨਹੀਂ ਸਗੋਂ ਕਾਫੀ ਸਮਾਂ ਪਹਿਲਾਂ ਬੀਜੇ ਗਏ ਹੋਣਗੇ। ਉਨ੍ਹਾਂ ਇਹ ਜਵਾਬ ਵੀ ਮੰਗਿਆ ਕਿ ਇਸ ਖਤਰੇ ਨੂੰ ਨੱਥ ਪਾਉਣ ਲਈ ਕੀ ਕਦਮ ਚੁੱਕੇ ਗਏ।

ਇਹ ਵੀ ਪੜ੍ਹੋ : ਐਕਸ਼ਨ ’ਚ  ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਬਠਿੰਡਾ ਬੱਸ ਅੱਡੇ ਤੋਂ ਚੱਕਿਆ ਔਰਬਿਟ ਦਾ ਦਫ਼ਤਰ

ਰੰਧਾਵਾ ਨੇ ਵਾਅਦਾ ਕਰਦਿਆਂ ਕਿਹਾ ਕਿ ਅੰਤ ਵਿਚ ਮੈਂ ਸਾਰਿਆਂ ਜਿਹੜੇ ਪੰਜਾਬ ਦੀ ਸ਼ਾਂਤੀ ਨੂੰ ਲੈ ਕੇ ਚਿੰਤਤ ਹਨ, ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸੂਬੇ ਦੀ ਸੁਰੱਖਿਆ, ਅਮਨ ਤੇ ਸ਼ਾਂਤੀ ਅਤੇ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਉੱਪ ਮੁੱਖ ਮੰਤਰੀ ਨੇ ਪੰਜਾਬ ਪੁਲਸ ਹੈਡਕੁਆਰਟਰ ’ਤੇ ਗੈਰ-ਹਾਜ਼ਰ ਰਹਿਣ ਵਾਲੇ ਪੁਲਸ ਕਰਮੀਆਂ ਨੂੰ ਇਕ ਵਾਰ ਛੱਡਦਿਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਚੈਕਿੰਗ ਦਾ ਮਕਸਦ ਲੋਕਾਂ ਨੂੰ ਬਿਹਤਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਾਗਰਿਕ-ਪੱਖੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਪੁਲਸ ਕਰਮੀ ਸਮੇਂ ਸਿਰ ਆਉਣ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਉਡੀਕ ਨਾ ਕਰਨੀ ਪਵੇ। ਉਨ੍ਹਾਂ ਕਿਹਾ ਕਿ ਪੁਲਸ ਕਰਮੀ ਇਹ ਯਕੀਨੀ ਬਣਾਉਣ ਕਿ ਪੁਲਸ ਥਾਣਿਆਂ ਵਿੱਚ ਲੋਕਾਂ ਨੂੰ ਕੋਈ ਖੱਜਲ ਖੁਆਰੀ ਨਾ ਹੋਵੇ। ਰੰਧਾਵਾ ਨੇ ਨੂੰ ਕਿਹਾ ਕਿ ਨਸ਼ਿਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਪੁਲਸ ਨੂੰ ਲੋਕਾਂ ਦੀ ਹਿੱਸੇਦਾਰੀ ਖਾਸ ਕਰ ਕੇ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣ ’ਤੇ ਵੀ ਜ਼ੋਰ ਦਿੱਤਾ। ਇਸੇ ਦੌਰਾਨ ਉੱਪ ਮੁੱਖ ਮੰਤਰੀ ਨੇ ਇਹ ਵਿਸ਼ਵਾਸ ਦਿਵਾਇਆ ਕਿ ਸਾਰੇ ਪੁਲਸ ਅਮਲੇ ਦੀਆਂ ਤਰੱਕੀਆਂ ਸਮੇਂ ਸਿਰ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 10,000 ਪੁਲਸ ਕਰਮੀਆਂ ਦੀ ਭਰਤੀ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਪੁਲਸ ਵਿਚ ਖੇਡ ਕੋਟੇ ਦੀਆਂ ਅਸਾਮੀਆਂ ਸਮਾਂ ਰਹਿੰਦਿਆਂ ਭਰਨ ’ਤੇ ਵੀ ਜ਼ੋਰ ਦਿੱਤਾ।       

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਪਰਗਟ ਸਿੰਘ ਨੇ ਆਪਣੀ ਹੀ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News