ਜਾਖੜ ਤੇ ਰਾਣਾ ਕੇ. ਪੀ. ਨੇ ਕੈਪਟਨ ਵਲੋਂ ਪਾਕਿ ਦਾ ਸੱਦਾ ਠੁਕਰਾਉਣ ਨੂੰ ਸਹੀ ਦੱਸਿਆ
Tuesday, Nov 27, 2018 - 10:07 AM (IST)
ਚੰਡੀਗੜ੍ਹ/ਜਲੰਧਰ (ਭੁੱਲਰ, ਧਵਨ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਦੇ ਸੱਦੇ ਨੂੰ ਠੁਕਰਾਉਣ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਸਹੀ ਠਹਿਰਾਇਆ ਹੈ। ਜਾਖੜ ਵਲੋਂ ਜਾਰੀ ਬਿਆਨ 'ਚ ਕੈਪਟਨ ਦੇ ਐਲਾਨ ਦੀ ਸ਼ਲਾਘਾ ਕਰਦਿਆਂ ਇਸ ਨੂੰ ਪੰਜਾਬ ਦੇ ਨਾਲ-ਨਾਲ ਸਮੁੱਚੇ ਮੁਲਕ ਦੇ ਵਡੇਰੇ ਹਿੱਤਾਂ ਵਿਚ 'ਸਿਧਾਂਤਕ ਕਦਮ' ਦੱਸਿਆ ਹੈ।
ਜਾਖੜ ਨੇ ਕਿਹਾ ਕਿ ਤੀਖਣ ਬੁੱਧੀ ਵਾਲੇ ਹੰਢੇ ਹੋਏ ਸਿਆਸਤਦਾਨ ਵਜੋਂ ਅਤੇ ਆਪਣੇ ਮੁਲਕ ਤੇ ਲੋਕਾਂ ਪ੍ਰਤੀ ਦ੍ਰਿੜ੍ਹ ਵਫ਼ਾਦਾਰੀ ਵਾਲੇ ਫੌਜੀ ਵਜੋਂ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੌਜੂਦਾ ਸੰਦਰਭ ਵਿਚ ਪਾਕਿਸਤਾਨ ਦੇ ਦੌਰੇ ਨਾਲ ਹਥਿਆਰਬੰਦ ਫੌਜਾਂ ਤੇ ਭਾਰਤੀ ਨਾਗਰਿਕਾਂ ਨੂੰ ਕੀ ਸੁਨੇਹਾ ਜਾ ਸਕਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸੂਝਵਾਨ ਰਾਜਨੇਤਾ ਦੱਸਿਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਆਪਣੇ ਸਿਧਾਂਤਾਂ 'ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਇਸ ਸਟੈਂਡ ਤੋਂ ਉਲਟ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਗਿਰਗਿਟ ਵਾਂਗ ਰੰਗ ਬਦਲਦੇ ਹਨ।
ਇਸੇ ਦੌਰਾਨ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਵੀ ਪਾਕਿਸਤਾਨ ਸੱਦੇ ਨੂੰ ਠੁਕਰਾਉਣ ਦੇ ਫੈਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਕ ਸੱਚੇ ਸਿੱਖ ਤੇ ਰਾਸ਼ਟਰਵਾਦੀ ਹਨ ਅਤੇ ਪਾਕਿਸਤਾਨ ਦੇ ਇਸ ਸੱਦੇ ਨੂੰ ਪ੍ਰਵਾਨ ਨਾ ਕਰ ਕੇ ਉਨ੍ਹਾਂ ਸਹੀ ਫੈਸਲਾ ਲਿਆ ਹੈ ਅਤੇ ਇਸ ਨਾਲ ਸਰਹੱਦ 'ਤੇ ਅੱਤਵਾਦ ਤੇ ਪਾਕਿਸਤਾਨ ਫੌਜ ਨਾਲ ਲੜਨ ਵਾਲਿਆਂ ਦੀਆਂ ਕੁਰਬਾਨੀਆਂ ਪ੍ਰਤੀ ਉਨ੍ਹਾਂ ਸਤਿਕਾਰ ਦਾ ਪ੍ਰਗਟਾਵਾ ਕੀਤਾ ਹੈ।
ਮੁੱਖ ਮੰਤਰੀ ਨੇ ਸਾਫ਼ ਤੇ ਸਪੱਸ਼ਟ ਸ਼ਬਦਾਂ ਵਿਚ ਪਾਕਿਸਤਾਨ ਸਰਕਾਰ ਨੂੰ ਸਖ਼ਤ ਸੰਦੇਸ਼ ਦਿੱਤਾ ਹੈ ਕਿ ਭਾਰਤ ਕਰਤਾਰਪੁਰ ਕਾਰੀਡੋਰ ਦੀ ਉਸਾਰੀ ਦੇ ਫੈਸਲੇ ਦਾ ਉਹ ਸਵਾਗਤ ਕਰਦੇ ਹਨ ਪਰ ਉਹ ਪਾਕਿਸਤਾਨੀਆਂ ਵਲੋਂ ਭਾਰਤ ਦੇ ਅਮਨ ਚੈਨ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਰਾਣਾ ਕੇ. ਪੀ. ਨੇ ਕਿਹਾ ਕਿ ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਪਾਕਿਸਤਾਨ ਸਰਕਾਰ ਦੀ ਇਸ ਮਾਮਲੇ 'ਤੇ ਦਿਆਲਤਾ ਦਿਖਾਉਣ ਪ੍ਰਤੀ ਸੰਦੇਹ ਪ੍ਰਗਟਾਇਆ ਹੈ ਅਤੇ ਉਸੇ ਤਰ੍ਹਾਂ ਦਾ ਪ੍ਰਗਟਾਵਾ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਕੀਤਾ ਗਿਆ ਹੈ, ਜੋ ਕਿ ਹਰੇਕ ਪੰਜਾਬੀ ਤੇ ਭਾਰਤੀ ਲਈ ਚਿੰਤਾ ਦਾ ਵਿਸ਼ਾ ਹੈ।
